ਲੁਧਿਆਣਾ(ਜ. ਬ.)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਦਾਅਵਾ ਕੀਤਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਕਰੂਡ ਆਇਲ ਦੇ ਰੇਟ ਵਧਣ ਨਾਲ ਦੇਸ਼ ਭਰ ਵਿਚ ਧਾਗੇ ਦੀਆਂ ਕੀਮਤਾਂ 'ਚ 40 ਤੋਂ 80 ਰੁਪਏ ਪ੍ਰਤੀ ਕਿਲੋ ਵਾਧਾ ਹੋਇਆ ਹੈ, ਜਿਸ ਨਾਲ ਹੌਜ਼ਰੀ ਅਤੇ ਰੈਡੀਮੇਡ ਗਾਰਮੈਂਟ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਇਸ ਨਾਲ ਮਹਿੰਗਾਈ ਵਧੀ ਹੈ। ਇਹ ਵਿਚਾਰ ਪੰਜਾਬ ਪ੍ਰਦੇਸ਼ ਦੇ ਜਨਰਲ ਸਕੱਤਰ ਸੁਨੀਲ ਮਹਿਰਾ, ਮੋਹਿੰਦਰ ਅਗਰਵਾਲ, ਪਵਨ ਲਹਿਰ ਅਤੇ ਅਰਵਿੰਦਰ ਸਿੰਘ ਮੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਸ ਕਾਰਨ ਪੰਜਾਬ ਤੋਂ 5 ਲੱਖ ਦੇ ਲਗਭਗ ਲੇਬਰ ਵਾਪਸ ਚਲੀ ਗਈ ਹੈ। ਮੰਡਲ ਆਗੂਆਂ ਨੇ ਕਿਹਾ ਕਿ ਪੰਜਾਬ 'ਚ ਬਿਜਲੀ ਦੀਆਂ ਕੀਮਤਾਂ ਅਤੇ ਪੈਟਰੋਲੀਅਮ ਰੇਟ ਹੋਰਨਾਂ ਰਾਜਾਂ ਤੋਂ ਜ਼ਿਆਦਾ ਹਨ। ਗਨੀਮਤ ਤਾਂ ਇਹ ਹੈ ਕਿ ਚੰਡੀਗੜ੍ਹ ਵਿਚ ਵੀ ਪੈਟਰੋਲ ਪੰਜਾਬ ਤੋਂ 8 ਰੁਪਏ ਪ੍ਰਤੀ ਲੀਟਰ ਸਸਤਾ ਹੈ, ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਪੈਟਰੋਲ ਦੀਆਂ ਕੀਮਤਾਂ ਚੰਡੀਗੜ੍ਹ ਦੇ ਬਰਾਬਰ ਹੋਣਗੀਆਂ, ਜੋ ਦਾਅਵਾ ਖੋਖਲਾ ਨਿਕਲਿਆ। ਵਪਾਰੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਮੰਤਰੀ, ਚੀਫ ਸਕੱਤਰ ਅਤੇ ਅਧਿਕਾਰੀ ਵੈਟ ਰੀਫੰਡ ਦੇ ਸਬੰਧ ਵਿਚ ਖੋਖਲੇ ਦਾਅਵੇ ਕਰ ਰਹੇ ਹਨ, ਕਿਉਂਕਿ ਕਾਰੋਬਾਰੀਆਂ ਨੂੰ ਪਿਛਲੇ 3 ਸਾਲਾਂ ਤੋਂ ਰੀਫੰਡ ਨਹੀਂ ਮਿਲਿਆ, ਜਿਸ ਕਾਰਨ ਪ੍ਰਦੇਸ਼ ਦੇ 5 ਹਜ਼ਾਰ ਤੋਂ ਜ਼ਿਆਦਾ ਬੈਂਕ ਖਾਤੇ ਐੱਨ. ਪੀ. ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਰੀਫੰਡ ਸਮੇਂ 'ਤੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਨਹੀਂ ਮਿਲ ਰਿਹਾ, ਜਦੋਂਕਿ ਅਧਿਕਾਰੀ ਆਪਣੇ ਚਹੇਤਿਆਂ ਨੂੰ ਥੋੜ੍ਹੇ-ਬਹੁਤ ਆਮਦਨ ਰੀਫੰਡ ਜਾਰੀ ਕਰ ਰਹੇ ਹਨ ਅਤੇ ਸਪੱਸ਼ਟ ਹੈ ਕਿ ਇਹ ਰੀਫੰਡ ਨਾ ਮਿਲਣ ਦੀ ਦੇਰ ਭ੍ਰਿਸ਼ਟ ਅਫਸਰਾਂ ਦੀ ਦੇਣ ਹੈ। 800 ਕਰੋੜ ਦਾ ਰੀਫੰਡ ਅੱਜ ਵੀ ਬਕਾਇਆ ਖੜ੍ਹਾ ਹੈ। ਐਕਸਪੋਰਟ ਦੇ ਸਬੰਧ 'ਚ ਇਨ੍ਹਾਂ ਵਪਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਕਸਪੋਰਟ ਸਬਸਿਡੀ 2 ਫੀਸਦੀ ਕਰਕੇ ਪੰਜਾਬ ਦੇ ਐਕਸਪੋਰਟਰਾਂ ਨੂੰ ਕੰਗਾਲੀ ਕੰਢੇ ਲਿਆ ਖੜ੍ਹਾ ਕੀਤਾ ਹੈ। ਮਹਿਰਾ ਅਤੇ ਲਹਿਰ ਨੇ ਕਿਹਾ ਕਿ ਪੰਜਾਬ ਵਿਚ 6500 ਕਰੋੜ ਦੀ ਬਿਜਲੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ, ਜੋ ਸ਼ਹਿਰੀਆਂ ਨਾਲ ਵਿਤਕਰਾ ਹੈ। ਉਨ੍ਹਾਂ ਕਿਹਾ ਕਿ 7 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਹੀ ਇਹ ਸਹੂਲਤਾਂ ਦਿੱਤੀਆਂ ਜਾਣ, ਨਹੀਂ ਤਾਂ ਟੈਕਸ ਦੇਣ ਵਾਲੇ ਕਾਰੋਬਾਰੀਆਂ ਨੂੰ ਵੀ ਪੰਜਾਬ ਸਰਕਾਰ ਸਹੂਲਤਾਂ ਦੇਵੇ। ਮੰਡਲ ਆਗੂਆਂ ਨੇ ਕਿਹਾ ਕਿ ਪੰਜਾਬ ਐਕਸਾਈਜ਼ ਵਿਚ ਹੋਈ ਘਪਲੇਬਾਜ਼ੀ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਸੂਤਰਾਂ ਦੀ ਮੰਨੀਏ ਤਾਂ ਕੁੱਝ ਦਲਾਲਾਂ ਕਾਰਨ ਘਪਲੇਬਾਜ਼ੀ ਬਹੁਤ ਵਧ ਚੁੱਕੀ ਹੈ। ਪੰਜਾਬ ਦਾ ਆਬਕਾਰੀ ਤੇ ਕਰ ਵਿਭਾਗ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਾ ਹੈ, ਜਿਸ ਕਾਰਨ ਸਰਕਾਰ ਦਾ ਕਰ ਵਧਣ ਦੀ ਬਜਾਏ ਘੱਟ ਹੋ ਰਿਹਾ ਹੈ।
ਦਰਜਨ ਦੇ ਕਰੀਬ ਲੁਟੇਰਿਆਂ ਨੇ ਗੋਦਾਮ 'ਚੋਂ ਲੱਖਾਂ ਦੀ ਕਣਕ ਲੁੱਟੀ, ਚੌਕੀਦਾਰਾਂ ਨੂੰ ਬਣਾਇਆ ਸੀ ਬੰਧਕ
NEXT STORY