ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਸੀ. ਟੀ. ਯੂ. ਦੀਆਂ ਲੰਬੇ ਰੂਟ ਦੀਆਂ ਬੱਸਾਂ ਲਈ ਹੁਣ ਘਰ ਬੈਠੇ ਹੀ ਬੁਕਿੰਗ ਕੀਤੀ ਜਾ ਸਕੇਗੀ। ਉਨ੍ਹਾਂ ਨੂੰ ਬੱਸਾਂ ਜਾਂ ਟਿਕਟ ਕਾਊਂਟਰ 'ਤੇ ਧੱਕੇ ਖਾਣ ਦੀ ਲੋੜ ਨਹੀਂ ਪਵੇਗੀ। ਚੰਡੀਗੜ੍ਹ ਟਰਾਂਸਪੋਰਟ ਵਿਭਾਗ ਨੇ ਇਸ ਲਈ ਸਾਫਟਵੇਅਰ ਤਿਆਰ ਕਰਾਇਆ ਹੈ। ਹਫਤੇ ਦੇ ਅੰਦਰ ਮੁਸਾਫਰਾਂ ਦੀ ਸਹੂਲਤ ਲਈ ਵਿਭਾਗ ਵਲੋਂ ਇਹ ਸਰਵਿਸ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧ 'ਚ ਡਾਇਰੈਕਟਰ ਟਰਾਂਸਪੋਰਟ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਐੱਨ. ਆਈ. ਸੀ. ਵਲੋਂ ਇਸ ਲਈ ਸਾਫਟਵੇਅਰ ਤਿਆਰ ਕਰ ਲਿਆ ਹੈ, ਤਾਂ ਜੋ ਮੁਸਾਫਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਨਲਾਈਨ ਇਸ ਸਾਫਟਵੇਅਰ ਨਾਲ ਇਹ ਵੀ ਲਾਭ ਹੋਵੇਗਾ ਕਿ ਮੁਸਾਫਰਾਂ ਨੂੰ ਪਤਾ ਲੱਗਦਾ ਰਹੇਗਾ ਕਿ ਕਿਹੜੀ ਬੱਸ ਕਿਸ ਸਮੇਂ ਨਿਕਲੇਗੀ ਅਤੇ ਪਹੁੰਚੇਗੀ। ਇਸ ਨਾਲ ਮੁਸਾਫਰਾਂ ਨੂੰ ਬੱਸਾਂ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਲੰਬੇ ਰੂਟ 'ਤੇ ਕਈ ਰਾਜਾਂ ਲਈ ਚੱਲ ਰਹੀਆਂ ਬੱਸਾਂ
ਅਜੇ ਸੀ. ਟੀ. ਯੂ. ਦੀ ਲੰਬੇ ਰੂਟ 'ਤੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਹਰਿਆਣਾ ਲਈ 160 ਨਾਨ ਏ. ਸੀ. ਬੱਸਾਂ ਚੱਲ ਰਹੀਆਂ ਹਨ। ਉੱਥੇ ਹੀ 20 ਏਅਰ ਕੰਡੀਸ਼ਨਿੰਗ ਬੱਸਾਂ ਦਿੱਲੀ ਅਤੇ ਸ਼ਿਮਲਾ ਲਈ ਚੱਲ ਰਹੀਆਂ ਹਨ ਪਰ 65 ਨਵੀਆਂ ਏਅਰ ਕੰਡੀਸ਼ਨਿੰਗ ਬੱਸਾਂ ਆਉਣ ਤੋਂ ਬਾਅਦ ਗਿਣਤੀ 225 ਦੇ ਕਰੀਬ ਪਹੁੰਚ ਗਈ ਹੈ, ਇਸ ਲਈ ਹੁਣ ਮੁਸਾਫਰਾਂ ਨੂੰ ਬੱਸਾਂ ਦੀ ਬਿਹਤਰ ਸੇਵਾ ਦੇਣ ਲਈ ਆਨਲਾਈਨ ਦੀ ਇਹ ਸਹੂਲਤ ਦਿੱਤੀ ਗਈ ਹੈ। ਵਿਭਾਗ ਨੇ ਨਵੀਆਂ ਬੱਸਾਂ ਦੇ ਕਿਰਾਏ 'ਚ ਕੁਝ ਵਾਧਾ ਕੀਤਾ ਹੈ। ਬੱਸ ਸਰਵਿਸ ਦੀ ਸਹੂਲਤ 'ਚ ਪ੍ਰਸ਼ਾਸਨ ਦਾ ਕਾਫੀ ਖਰਚ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਲੋਕਾਂ ਦੀ ਜੇਬ 'ਤੇ ਵੀ ਇਹ ਸੇਵਾ ਕੁਝ ਭਾਰੀ ਪੈ ਰਹੀ ਹੈ।
ਪਟਿਆਲਾ: ਕੱਪੜਿਆਂ ਦੀ ਦੁਕਾਨ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
NEXT STORY