ਕਪੂਰਥਲਾ, (ਭੂਸ਼ਣ)- ਕਰੀਬ ਇਕ ਦਹਾਕਾ ਪਹਿਲਾਂ ਪੂਰੇ ਸੂਬੇ 'ਚ ਕਤਲ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਭਾਰੀ ਦਹਿਸ਼ਤ ਫੈਲਾਉਣ ਵਾਲੇ ਕਾਲਾ ਕੱਛਾ ਗੈਂਗ ਵੱਲੋਂ ਫਿਰ ਤੋਂ ਸਰਗਰਮ ਹੋ ਕੇ ਸੂਬੇ 'ਚ ਕੁਝ ਥਾਵਾਂ 'ਤੇ ਗੰਭੀਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਸਾਹਮਣੇ ਆਉਂਦੇ ਹੀ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਵੱਲੋਂ ਸਾਰੇ ਜ਼ਿਲਿਆਂ ਦੇ ਐੱਸ. ਐੱਸ. ਪੀ. ਨੂੰ ਆਪਣੇ-ਆਪਣੇ ਜ਼ਿਲਿਆਂ 'ਚ ਬਣੀਆਂ ਪੁਰਾਣੀਆਂ ਅਤੇ ਨਵੀਆਂ ਝੁੱਗੀ-ਝੌਂਪੜੀ ਬਸਤੀਆਂ ਦੀ ਤਲਾਸ਼ੀ ਲੈਣ ਨੂੰ ਲੈ ਕੇ ਜਾਰੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਵੀ ਫਿਲਹਾਲ ਜਿਥੇ ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ 'ਚ ਝੁੱਗੀ-ਝੌਂਪੜੀ ਬਸਤੀਆਂ ਦੀ ਚੈਕਿੰਗ ਦਾ ਦੌਰ ਫਿਲਹਾਲ ਸ਼ੁਰੂ ਨਹੀਂ ਹੋਇਆ ਹੈ, ਉਥੇ ਹੀ ਜ਼ਿਲੇ 'ਚ ਕਈ ਖੇਤਰਾਂ 'ਚ ਬੀਤੇ ਕੁਝ ਮਹੀਨਿਆਂ ਦੌਰਾਨ ਕਈ ਨਵੀਆਂ ਝੁੱਗੀ-ਝੌਂਪੜੀ ਬਸਤੀਆਂ ਬਣੀਆਂ ਹਨ, ਜਿਥੋਂ ਵੱਡੀ ਗਿਣਤੀ 'ਚ ਸ਼ੱਕੀ ਲੋਕਾਂ ਦੇ ਰਹਿਣ ਦਾ ਖਦਸ਼ਾ ਹੈ।
ਸਾਲ 2001 ਤੋਂ ਲੈ ਕੇ 2008 ਤਕ ਸੂਬੇ ਦੇ ਕਈ ਜ਼ਿਲਿਆਂ 'ਚ ਕਤਲ ਲੁੱਟ ਅਤੇ ਡਕੈਟੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਕੇ ਕਈ ਮਾਸੂਮ ਲੋਕਾਂ ਦਾ ਕਤਲ ਕਰਨ ਵਾਲਾ ਬੰਗਾਲਾ ਗੈਂਗ ਸੂਬੇ 'ਚ 2001 'ਚ ਸਰਗਰਮ ਹੋਇਆ ਸੀ, ਜਿਸ ਨੇ ਪੂਰੇ ਸੂਬੇ 'ਚ ਰਾਤ ਦੇ ਸਮੇਂ ਗੰਭੀਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ 'ਚ ਭਾਰੀ ਖੌਫ ਪੈਦਾ ਕਰ ਦਿੱਤਾ ਸੀ। ਇਨ੍ਹਾਂ ਗੈਂਗ ਦੇ ਮੈਂਬਰਾਂ ਨੇ ਕਪੂਰਥਲਾ 'ਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ, ਜਿਸ ਦੌਰਾਨ ਇਸ ਗੈਂਗ ਦੇ ਫੜੇ ਗਏ ਮੈਂਬਰਾਂ ਨੇ ਪੁਲਸ ਸਾਹਮਣੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਗੈਂਗ ਸੂਬੇ ਦੇ ਸ਼ਹਿਰਾਂ ਬਾਹਰ ਆਪਣੀਆਂ ਝੁੱਗੀਆਂ ਪਾ ਕੇ ਦਿਨ ਸਮੇਂ ਸ਼ਹਿਰਾਂ ਅਤੇ ਪਿੰਡਾਂ 'ਚ ਉਨ੍ਹਾਂ ਕੋਠੀਆਂ ਅਤੇ ਘਰਾਂ ਦੀ ਰੈਕੀ ਕਰਦੇ ਹਨ, ਜੋ ਕਾਫੀ ਸੁੰਨਸਾਨ ਖੇਤਰਾਂ 'ਚ ਹੁੰਦੀਆਂ ਹਨ। ਫਿਰ ਇਸ ਤੋਂ ਬਾਅਦ ਉਹ ਦੇਰ ਰਾਤ ਹੁੰਦੇ ਹੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਇਨ੍ਹਾਂ ਘਰਾਂ 'ਚ ਹਮਲੇ ਕਰ ਕੇ ਉਥੇ ਰਹਿਣ ਵਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਇਸ ਤੋਂ ਬਾਅਦ ਪੰਜਾਬ ਪੁਲਸ ਨੇ ਵੱਡੇ ਪੱਧਰ 'ਤੇ ਕਾਰਵਾਈ ਕਰਦੇ ਹੋਏ ਇਸ ਗੈਂਗ ਦੇ ਵੱਡੀ ਗਿਣਤੀ 'ਚ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੇ ਸਿੱਟੇ ਵਜੋਂ ਬੀਤੇ ਕਈ ਸਾਲਾਂ ਤੋਂ ਇਨ੍ਹਾਂ ਗੈਂਗਾਂ ਦੀਆਂ ਗਤੀਵਿਧੀਆਂ ਕਾਫੀ ਹੱਦ ਤਕ ਬੰਦ ਹੋ ਗਈਆਂ ਸਨ ਅਤੇ ਆਮ ਲੋਕਾਂ ਨੂੰ ਇਸ ਨਾਲ ਭਾਰੀ ਰਾਹਤ ਮਿਲੀ ਸੀ ਪਰ ਹੁਣ ਫਿਰ ਤੋਂ ਇਸ ਗੈਂਗ ਦੇ ਸਰਗਰਮ ਹੋਣ ਦੇ ਸਿੱਟੇ ਵਜੋਂ ਲੋਕਾਂ 'ਚ ਭਾਰੀ ਚਿੰਤਾ ਪੈਦਾ ਹੋ ਗਈ ਹੈ।
ਪਿਛਲੇ ਕੁਝ ਮਹੀਨਿਆਂ ਦੌਰਾਨ ਕਪੂਰਥਲਾ ਸ਼ਹਿਰ ਦੇ ਕਈ ਬਾਹਰਲੇ ਖੇਤਰਾਂ ਸਮੇਤ ਪੂਰੇ ਜ਼ਿਲੇ 'ਚ ਕਈ ਨਵੀਆਂ ਝੁੱਗੀ-ਝੌਂਪੜੀ ਬਸਤੀਆਂ ਬਣੀਆਂ ਹਨ। 10 ਤੋਂ 15 ਝੁੱਗੀਆਂ 'ਤੇ ਆਧਾਰਿਤ ਇਹ ਝੁੱਗੀ-ਝੌਂਪੜੀ ਬਸਤੀਆਂ ਜ਼ਿਆਦਾਤਰ ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ਦੀਆਂ ਹਨ, ਜੋ ਕਿ ਇਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਅਜਿਹੇ ਲੋਕਾਂ ਦੇ ਨਾਂ ਅਤੇ ਪਤੇ ਵੀ ਨਜ਼ਦੀਕੀ ਥਾਣਿਆਂ 'ਚ ਦਰਜ ਨਹੀਂ ਹਨ, ਉਥੇ ਹੀ ਝੁੱਗੀ-ਝੌਂਪੜੀਆਂ 'ਚ ਰਾਤ ਦੇ ਸਮੇਂ ਸ਼ੱਕੀ ਵਿਅਕਤੀਆਂ ਨੂੰ ਘੁੰਮਦੇ ਵੇਖਿਆ ਜਾ ਸਕਦਾ ਹੈ ਪਰ ਫਿਲਹਾਲ ਅਜਿਹੀਆਂ ਝੁੱਗੀ-ਝੌਂਪੜੀ ਬਸਤੀਆਂ ਦੀ ਤਲਾਸ਼ੀ ਨਾ ਹੋਣ ਕਾਰਨ ਫਿਲਹਾਲ ਇਹ ਬਿਨਾਂ ਡਰੋਂ ਕਿਸੇ ਵੈਰੀਫਿਕੇਸ਼ਨ ਦੇ ਹੀ ਆਪਣੀਆਂ ਝੁੱਗੀਆਂ 'ਚ ਰਹਿ ਰਹੇ ਹਨ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ ਲਈ ਜਿਥੇ ਪੂਰੇ ਜ਼ਿਲੇ 'ਚ ਪਹਿਲਾਂ ਹੀ ਚੈਕਿੰਗ ਦੇ ਹੁਕਮ ਜਾਰੀ ਕੀਤੇ ਗਏ ਹਨ, ਉਥੇ ਹੀ ਕਾਲਾ ਕੱਛਾ ਗੈਂਗ ਨੂੰ ਲੈ ਕੇ ਡੀ. ਜੀ. ਪੀ. ਵੱਲੋਂ ਦਿੱਤੇ ਗਏ ਹੁਕਮਾਂ 'ਤੇ ਝੁੱਗੀ-ਝੌਂਪੜੀ ਬਸਤੀਆਂ 'ਚ ਚੈਕਿੰਗ ਦਾ ਦੌਰ ਤੇਜ਼ ਕੀਤਾ ਗਿਆ ਹੈ।
ਡੀ. ਸੀ. ਵੱਲੋਂ ਜ਼ਿਲੇ ਭਰ 'ਚ ਠੀਕਰੀ ਪਹਿਰੇ ਲਾਉਣ ਦਾ ਹੁਕਮ
ਸੂਬੇ 'ਚ ਕਾਲਾ ਕੱਛਾ ਗੈਂਗ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਰਾਤ ਨੂੰ ਹੋਣ ਵਾਲੀਆਂ ਵਾਰਦਾਤਾਂ ਨੂੰ ਰੋਕਣ ਦੇ ਮਕਸਦ ਨਾਲ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਨੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਜ਼ਿਲੇ ਭਰ 'ਚ ਠੀਕਰੀ ਪਹਿਰੇ ਲਾਉਣ ਦੇ ਹੁਕਮ ਦਿੱਤੇ ਹਨ। ਡੀ. ਸੀ. ਵੱਲੋਂ ਜਾਰੀ ਇਨ੍ਹਾਂ ਹੁੱਕਮਾਂ ਦੇ ਤਹਿਤ ਅਮਨ ਸ਼ਾਂਤੀ ਅਤੇ ਕਾਨੂੰਨ ਦੇ ਹਾਲਾਤ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਜ਼ਿਲਾ ਭਰ ਵਿਚ ਰੋਜ਼ਾਨਾ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਗਸ਼ਤ ਕਰਨ ਅਤੇ ਠੀਕਰੀ ਪਹਿਰੇ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 15 ਸਤੰਬਰ 2018 ਤਕ ਲਾਗੂ ਰਹਿਣਗੇ।
ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਵਿਰੋਧ
NEXT STORY