ਚੰਡੀਗੜ੍ਹ (ਭੁੱਲਰ) - ਦਲ ਖਾਲਸਾ ਦੇ ਆਗੂ ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦੇ ਹੱਕ 'ਚ ਆ ਗਏ ਹਨ। ਉਨ੍ਹਾਂ ਖਹਿਰਾ ਅਤੇ ਸਿੱਧੂ ਵਲੋਂ ਦਿੱਤੇ ਗਏ ਬਿਆਨਾਂ ਨੂੰ ਸਹੀ ਦੱਸਿਆ ਹੈ। ਦੂਜੇ ਪਾਸੇ ਦਲ ਖਾਲਸਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 41 ਦੇ ਮੁਕਾਬਲੇ 82 ਮਾਰਨ ਸਬੰਧੀ ਦਿੱਤੇ ਬਿਆਨ ਨੂੰ ਬਚਕਾਨਾ ਦਲੇਰੀ ਦੱਸਦਿਆਂ ਕਿਹਾ ਕਿ ਇਹ ਬਿਆਨ ਪੰਜਾਬ ਦੀ ਤਬਾਹੀ ਕਰਵਾਉਣ ਵਾਲਾ ਹੈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਸੀਨੀਅਰ ਆਗੂ ਐੱਚ.ਐੱਸ. ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਸ਼ਮੀਰੀ ਵਿਦਿਆਰਥੀਆਂ 'ਤੇ ਯੂ. ਪੀ., ਹਰਿਆਣਾ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਕੁੱਝ ਲੋਕਾਂ ਵਲੋਂ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਰਦੋਸ਼ ਕਸ਼ਮੀਰੀ ਨੌਜਵਾਨਾਂ ਨਾਲ ਅਜਿਹਾ ਭੱਦਾ ਸਲੂਕ ਕਰਨਾ ਮੰਦਭਾਗਾ ਵਰਤਾਰਾ ਹੈ। ਦਲ ਖਾਲਸਾ ਨੇ ਪੰਜਾਬੀ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਅਤੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕਰਦਿਆਂ ਕਿਹਾ ਕਿ ਦੋਵਾਂ ਆਗੂਆਂ ਨੇ ਸਰਕਾਰ ਵਲੋਂ ਗੁਆਂਢੀ ਮੁਲਕ ਪ੍ਰਤੀ ਫੈਲਾਈ ਜਾ ਰਹੀ ਨਫ਼ਰਤ ਦਾ ਹਿੱਸਾ ਨਾ ਬਣ ਕੇ ਸਹੀ ਸਟੈਂਡ ਲਿਆ ਹੈ।
'ਨਸ਼ੇ ਵਾਲੇ ਵੱਡੇ ਬੰਦਿਆਂ ਦੇ ਮੈਨੂੰ ਨਾਂ ਦਿਓ, ਕੱਲ੍ਹ ਫੜ੍ਹ ਲਵਾਂਗੇ : ਕੈਪਟਨ
NEXT STORY