ਜਲੰਧਰ, (ਚਾਵਲਾ)- ਦਲ ਖਾਲਸਾ ਵਲੋਂ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਕਰਵਾਈ ਗਈ ਇਕ ਕਾਨਫਰੰਸ ਵਿਚ ਸੰਯੁਕਤ ਰਾਸ਼ਟਰ ਅਧੀਨ ਪੰਜਾਬ ਅੰਦਰ ਰੈਫਰੈਂਡਮ ਕਰਵਾਉਣ ਦੀ ਮੰਗ ਸਬੰਧੀ ਮਤਾ ਪਾਸ ਕੀਤਾ ਗਿਆ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਆਯੋਜਿਤ ਕੀਤੀ ਗਈ ਕਾਨਫਰੰਸ ਦੇ ਇਕੱਠ ਵਿਚ ਬਸਤੀਵਾਦੀ ਦੇਸ਼ਧ੍ਰੋਹ ਕਾਨੂੰਨ ਦੀ ਦੁਰਵਰਤੋ, ਨਸਲੀ ਘੱਟ-ਗਿਣਤੀਆਂ ਦੇ ਸਵੈ-ਨਿਰਣੇ ਦੇ ਅਧਿਕਾਰ ਨੂੰ ਖੋਹਣ, ਗਊ-ਰੱਖਿਅਕਾਂ ਵਲੋਂ ਦਲਿਤਾਂ ਅਤੇ ਮੁਸਲਮਾਨਾਂ 'ਤੇ ਹੋ ਰਹੇ ਹਮਲਿਆਂ ਅਤੇ ਘੱਟ-ਗਿਣਤੀਆਂ 'ਤੇ ਠੋਸੇ ਜਾ ਰਹੇ ਝੂਠੇ-ਰਾਸ਼ਟਰਵਾਦ ਪ੍ਰਤੀ ਚਿੰਤਾ ਪ੍ਰਗਟ ਕੀਤੀ ਗਈ । ਜਥੇਬੰਦੀ ਦੇ ਆਗੂਆਂ ਨੇ 15 ਅਗਸਤ ਨੂੰ ਕਾਲਾ ਦਿਨ ਦੱਸਦਿਆਂ ਸਰਕਾਰੀ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ । ਇਸ ਦੌਰਾਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਤੋਂ ਮਾਰਚ ਆਰੰਭ ਹੋ ਕੇ ਵੱਖ-ਵੱਖ ਰੂਟਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਇਸ ਮੌਕੇ ਪੰਜਾਬ ਬਣੇਗਾ ਖਾਲਿਸਤਾਨ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਉਨ੍ਹਾਂ ਹੱਥਾਂ ਵਿਚ ਕਾਲੇ ਝੰਡੇ ਅਤੇ 15 ਅਗਸਤ ਦੇ ਬਾਈਕਾਟ ਦਾ ਸੰਦੇਸ਼ ਦਿੰਦਿਆਂ ਤਖਤੀਆਂ ਫੜੀਆਂ ਹੋਈਆਂ ਸਨ।
ਇਸ ਦੌਰਾਨ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ, ਬੁਲਾਰਾ ਕੰਵਰਪਾਲ ਸਿੰਘ, ਉੱਘੇ ਵਕੀਲ ਰਾਜਵਿੰਦਰ ਸਿੰਘ ਬੈਂਸ, ਦਿੱਲੀ ਤੋਂ ਜੇ.ਐੱਨ.ਯੂ. ਦੇ ਵਿਦਿਆਰਥੀ ਨੇਤਾ ਉਮਰ ਖਾਲਿਦ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਯੂਥ ਆਗੂ ਮਨਧੀਰ ਸਿੰਘ, ਸਾਬਕਾ ਫੈਡਰੇਸ਼ਨ ਆਗੂ ਪਰਮਜੀਤ ਸਿੰਘ ਗਾਜ਼ੀ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਦਲਿਤ ਆਗੂ ਰਜਿੰਦਰ ਰਾਣਾ, ਬਾਬਾ ਅਵਤਾਰ ਸਿੰਘ ਸਾਂਧੇਵਾਲਾ ਨੇ ਵੀ ਸੰਬੋਧਨ ਕੀਤਾ।
ਮਾਰਚ ਵਿਚ ਹੋਰਨਾਂ ਤੋਂ ਇਲਾਵਾ ਰਣਬੀਰ ਸਿੰਘ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਗੁਰਵਿੰਦਰ ਸਿੰਘ ਬਠਿੰਡਾ, ਬਾਬਾ ਹਰਦੀਪ ਸਿੰਘ ਮਹਿਰਾਜ, ਗੁਰਦੀਪ ਸਿੰਘ ਕਾਲਕਟ, ਨੋਬਲਜੀਤ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ ਖੋਸਾ, ਸੁਰਜੀਤ ਸਿੰਘ ਖਾਲਿਸਤਾਨੀ, ਸਤਿਨਾਮ ਸਿੰਘ ਭਾਰਾਪੁਰ, ਕੁਲਵੰਤ ਸਿੰਘ ਫੇਰੂਮਾਨ, ਸੁਖਦੇਵ ਸਿੰਘ ਅਤੇ ਦਲੇਰ ਸਿੰਘ ਆਦਿ ਸ਼ਾਮਲ ਸਨ।
ਆਤਮ-ਹੱਤਿਆ ਕਰਨ ਵਾਲੇ ਕਿਸਾਨ ਦੇ ਪਰਿਵਾਰ ਨਾਲ ਕੈਰੋਂ ਨੇ ਕੀਤਾ ਅਫਸੋਸ ਪ੍ਰਗਟ
NEXT STORY