ਹਲਵਾਰਾ (ਲਾਡੀ) : ਹਲਵਾਰਾ ਇਲਾਕੇ ਵਿੱਚ ਖੇਤੀਬਾੜੀ ਵਿਭਾਗ ਦੇ ਇੱਕ ਅਧਿਕਾਰੀ ਖਿਲਾਫ਼ ਖਾਦ, ਕੀਟਨਾਸ਼ਕ ਅਤੇ ਬੀਜ ਵਿਕ੍ਰੇਤਾਵਾਂ ਦਾ ਸੰਘਰਸ਼ ਦੂਜੇ ਦਿਨ ਵੀ ਜਾਰੀ ਰਿਹਾ। ਨਾਰਾਜ਼ ਡੀਲਰਾਂ ਨੇ ਆਪਣੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖ ਕੇ ਵਿਭਾਗ ਅਤੇ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ। ਡੀਲਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਕਥਿਤ ਤੌਰ ’ਤੇ ਰਿਸ਼ਵਤਾਂ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡੀਲਰਾਂ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਦਫ਼ਤਰ ਵਿੱਚ ਤਾਇਨਾਤ ਏ.ਡੀ.ਓ (ਪੀ.ਪੀ) ਨਵਦੀਪ ਕੁਮਾਰ ਖਿਲਾਫ਼ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਸੂਤਰਾਂ ਮੁਤਾਬਕ ਕੁੱਲ 54 ਵਿੱਚੋਂ 23 ਡੀਲਰ ਉੱਚ ਅਧਿਕਾਰੀਆਂ ਨੂੰ ਹਲਫੀਆ ਬਿਆਨ ਵੀ ਦੇ ਚੁੱਕੇ ਹਨ। ਇਸ ਦੇ ਬਾਵਜੂਦ ਕਾਰਵਾਈ ਨਾ ਹੋਣ ਕਾਰਨ ਵਪਾਰੀਆਂ ਨੇ ਸੰਘਰਸ਼ ਦਾ ਰਾਹ ਅਖਤਿਆਰ ਕੀਤਾ।
ਇਹ ਵੀ ਪੜ੍ਹੋ : CNG ਗੈਸ ਵਾਲਾ ਟੈਂਕਰ ਹਾਦਸੇ ਦਾ ਸ਼ਿਕਾਰ, ਲੋਕ ਮਦਦ ਦੀ ਥਾਂ ਚੋਰੀ ਕਰ ਲੈ ਗਏ ਮੋਬਾਈਲ ਤੇ ਪਰਸ
ਬੰਦ ਕਮਰਾ ਮੀਟਿੰਗਾਂ ਵੀ ਰਹੀਆਂ ਬੇਨਤੀਜਾ
ਮਾਮਲੇ ਨੂੰ ਠੰਡਾ ਕਰਨ ਲਈ ਕੁਝ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਵੱਲੋਂ ਡੀਲਰਾਂ ਨਾਲ ਬੰਦ ਕਮਰਾ ਮੀਟਿੰਗਾਂ ਕੀਤੀਆਂ ਗਈਆਂ, ਪਰ ਸ਼ਾਮ ਤੱਕ ਕੋਈ ਸਹਿਮਤੀ ਨਹੀਂ ਬਣੀ। ਡੀਲਰਾਂ ਨੇ ਸਾਫ਼ ਕਿਹਾ ਕਿ ਜਦ ਤੱਕ ਸੰਬੰਧਤ ਅਧਿਕਾਰੀ ਖਿਲਾਫ਼ ਵਿਭਾਗੀ ਕਾਰਵਾਈ ਨਹੀਂ ਹੁੰਦੀ, ਧਰਨਾ ਜਾਰੀ ਰਹੇਗਾ।
16 ਫਰਵਰੀ ਤੋਂ ਸੰਘਰਸ਼ ਹੋਵੇਗਾ ਜ਼ਿਲ੍ਹਾ ਪੱਧਰ ’ਤੇ
ਡੀਲਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ 16 ਫਰਵਰੀ ਤੋਂ ਇਹ ਅੰਦੋਲਨ ਸਿਰਫ਼ ਹਲਵਾਰਾ ਦੇ ਇਲਾਕੇ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਪੂਰੇ ਜ਼ਿਲ੍ਹੇ ਵਿੱਚ ਕਾਰੋਬਾਰ ਠੱਪ ਕਰ ਦਿੱਤਾ ਜਾਵੇਗਾ।
ਕਿਸਾਨ ਹੋਏ ਪਰੇਸ਼ਾਨ
* ਦੁਕਾਨਾਂ ਬੰਦ ਹੋਣ ਨਾਲ ਖੇਤੀ ਕਾਰਜਾਂ ’ਤੇ ਸਿੱਧਾ ਅਸਰ ਪਿਆ ਹੈ।
* ਆਲੂਆਂ ਦੀ ਪੁਟਾਈ ਦਾ ਸੀਜ਼ਨ ਚੱਲ ਰਿਹਾ ਹੈ।
* ਕਣਕ ਲਈ ਤੇਲੇ ਦੀ ਸਪਰੇਅ ਲਾਜ਼ਮੀ ਹੈ।
* ਮੱਕੀ ਤੇ ਮੂੰਗੀ ਦੀ ਬਿਜਾਈ ਸ਼ੁਰੂ ਹੋਣੀ ਹੈ।
ਸਪਰੇਅ, ਦਵਾਈਆਂ ਅਤੇ ਬੀਜ ਨਾ ਮਿਲਣ ਕਾਰਨ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਆਯੁਸ਼ਮਾਨ ਕਾਰਡ 'ਤੇ 1 ਸਾਲ 'ਚ ਕਿੰਨੀ ਵਾਰ ਕਰਵਾ ਸਕਦੇ ਹਾਂ ਇਲਾਜ? ਜਾਣੋ ਕੀ ਕਹਿੰਦੇ ਹਨ ਨਿਯਮ
ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ’ਤੇ ਸਵਾਲ
ਵਪਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਭਾਵੇਂ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਚਲਾ ਰਹੀ ਹੈ ਪਰ ਮੈਦਾਨੀ ਪੱਧਰ ’ਤੇ ਹਾਲਾਤ ਵੱਖਰੇ ਹਨ। ਸੂਤਰਾਂ ਇਹ ਵੀ ਦੱਸ ਰਹੇ ਹਨ ਕਿ ਸੰਬੰਧਤ ਅਧਿਕਾਰੀ ਦੀ ਦੁਬਾਰਾ ਇਸੇ ਪੋਸਟ ’ਤੇ ਤਾਇਨਾਤੀ ਹੋਣ ਨਾਲ ਵਿਭਾਗ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਪ੍ਰਸ਼ਾਸਨ ਤੋਂ ਮੰਗ
ਡੀਲਰਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਨਿਰਪੱਖ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਨੂੰ ਰਾਹਤ ਮਿਲ ਸਕੇ ਅਤੇ ਮਸਲਾ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਹੋ ਸਕੇ। ਮੌਕੇ ’ਤੇ ਵੱਡੀ ਗਿਣਤੀ ਵਿੱਚ ਡੀਲਰ ਤੇ ਇਲਾਕੇ ਦੇ ਵਪਾਰੀ ਆਗੂ ਮੌਜੂਦ ਰਹੇ ਅਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
12 ਘੰਟਿਆਂ 'ਚ ਕਿਡਨੈਪਿੰਗ ਕੇਸ ਹੱਲ: ਪੁਲਸ ਨੇ ਕਿਡਨੈਪਰਾਂ ਦੇ ਚੁੰਗਲ 'ਚੋਂ ਵਿਅਕਤੀ ਨੂੰ ਕਰਵਾਇਆ ਆਜ਼ਾਦ
NEXT STORY