ਬਟਾਲਾ (ਗੁਰਪ੍ਰੀਤ ਚਾਵਲਾ) : ਬੀਤੀ 18 ਨਵੰਬਰ ਨੂੰ ਪਿੰਡ ਢਿੱਲਵਾਂ ਵਿਖੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਮਾਮਲੇ ਦੀ ਜਾਂਚ ਲਈ ਐੱਸ. ਐੱਸ. ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਵਲੋਂ 5 ਮੈਂਬਰੀ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਵਿਸ਼ੇਸ਼ ਜਾਂਚ ਟੀਮ ਵਿਚ ਡੀ.ਐੱਸ.ਪੀ. (ਸਪੈਸ਼ਲ ਬ੍ਰਾਂਚ) ਪ੍ਰੇਮ ਕੁਮਾਰ, ਡੀ.ਐੱਸ.ਪੀ. ਡੇਰਾ ਬਾਬਾ ਨਾਨਕ ਲਖਵਿੰਦਰ ਸਿੰਘ, ਇੰਸਪੈਕਟਰ ਹਰਬੰਸ ਸਿੰਘ (ਇਨਵੈਸਟੀਗੇਸ਼ਨ ਯੂਨਿਟ), ਇੰਚਾਰਜ ਸੀ.ਆਈ.ਏ. ਇੰਸਪੈਕਟਰ ਸੁਰਿੰਦਰ ਸਿੰਘ ਅਤੇ ਐੱਸ.ਐੱਚ.ਓ. ਥਾਣਾ ਕੋਟਲੀ ਸੂਰਤ ਮੱਲੀ ਸ਼ਾਮਲ ਹਨ। ਇਸ ਤੋਂ ਇਲਾਵਾ ਐੱਸ.ਪੀ. ਹੈੱਡਕੁਆਟਰ ਵੀ ਇਸ ਜਾਂਚ ਟੀਮ ਦੇ ਕੰਮ ਦੀ ਨਿਗਰਾਨੀ ਕਰਨਗੇ।
ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਹ ਜਾਂਚ ਟੀਮ ਇਸ ਕਤਲ ਕੇਸ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਕਤਲ ਦੇ ਅਸਲ ਕਾਰਨਾਂ ਅਤੇ ਦੋਸ਼ੀਆਂ ਦਾ ਪਤਾ ਲਗਾਵੇਗੀ। ਉਨ੍ਹਾਂ ਦੱਸਿਆ ਕਿ ਐੱਸ.ਆਈ.ਟੀ. ਵਲੋਂ ਇਸ ਸਬੰਧੀ ਅੱਜ ਤੋਂ ਹੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਬਹੁਤ ਜਲਦੀ ਇਸ ਕੇਸ ਨਾਲ ਸਬੰਧਤ ਸਾਰੇ ਤੱਥ ਸਾਹਮਣੇ ਆ ਜਾਣਗੇ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਮਾਮਲੇ 'ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੱਸਣਯੋਗ ਹੈ ਕਿ 18 ਨਵੰਬਰ ਦੀ ਰਾਤ ਨੂੰ ਪਿੰਡ ਢਿੱਲਵਾਂ ਵਿਖੇ ਦਲਬੀਰ ਸਿੰਘ ਸਾਬਕਾ ਸਰਪੰਚ ਪੁੱਤਰ ਸੰਤਾ ਸਿੰਘ ਨੂੰ ਪਿੰਡ ਦੇ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਅਤੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਇਸ ਮਾਮਲੇ ਵਿਚ ਸੱਤ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਪੰਜਾਬ ਸਰਕਾਰ ਲਾਂਚ ਕਰਨ ਜਾ ਰਹੀ ਹੈ ਅਜਿਹੀ ਐਪ, ਜਿਸ 'ਤੇ ਪੁਰੀਆਂ ਹੋਣਗੀਆਂ ਰੋਜ਼ਾਨਾ ਦੀਆਂ ਲੋੜਾਂ
NEXT STORY