ਅੰਮ੍ਰਿਤਸਰ (ਪ੍ਰਵੀਨ ਪੁਰੀ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਦਿੱਲੀ ਵਿਖੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਕਾਲਜ ਦੀ ਕਮੇਟੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਮਿਟਾਉਣ ਦੀ ਕੋਝੀ ਚਾਲ ਚੱਲੀ ਗਈ ਹੈ। ਪਾਕਿਸਤਾਨ ਵਿਚ ਜਿੰਨੇ ਕਾਲਜ ਜਾਂ ਵਿਦਿਆਲੇ ਸਿੱਖਾਂ ਦੇ ਨਾਂ 'ਤੇ ਰੱਖੇ ਗਏ ਸਨ, ਉਹ ਉਸੇ ਤਰ੍ਹਾਂ ਹੀ ਚੱਲ ਰਹੇ ਹਨ ਪਰ ਸਾਡੇ ਦੇਸ਼ ਵਿਚ ਸਿੱਖਾਂ ਨੂੰ ਦੋ ਨੰਬਰ ਦੇ ਸ਼ਹਿਰੀ ਸਮਝ ਕੇ ਕਈ ਵਿਤਕਰੇ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਬਰਦਾਸ਼ਤ ਕਰਨਾ ਸਿੱਖਾਂ ਲਈ ਬਹੁਤ ਔਖਾ ਹੋ ਗਿਆ ਹੈ। ਜੇਕਰ ਪ੍ਰਬੰਧਕਾਂ ਨੇ ਕੋਈ ਨਵੀਂ ਯੂਨੀਵਰਸਿਟੀ ਜਾਂ ਕਾਲਜ ਬਣਾਉਣਾ ਹੈ ਤਾਂ ਵੱਖਰੀ ਜ਼ਮੀਨ ਲੈ ਕੇ ਬਣਾਉਣ ਅਤੇ ਆਪਣੀ ਮਰਜ਼ੀ ਨਾਲ ਜੋ ਵੀ ਨਾਂ ਰੱਖਣਾ ਹੈ ਉਹ ਰੱਖ ਲੈਣ।
ਸਿੰਘ ਸਾਹਿਬ ਨੇ ਕਿਹਾ ਕਿ ਸਰਕਾਰ ਘੱਟ-ਗਿਣਤੀ ਵਿਰੋਧੀ ਨੀਤੀਆਂ ਤਹਿਤ ਕਾਲਜਾਂ, ਸੜਕਾਂ ਅਤੇ ਹੋਰ ਥਾਵਾਂ ਦੇ ਨਾਵਾਂ ਦਾ ਫਿਰਕੂਕਰਨ ਕਰਨ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਕਾਲਜ ਦੀ ਕਮੇਟੀ ਬਾਜ਼ ਆਵੇ ਨਹੀਂ ਤਾਂ ਸਿੱਖ ਕਦੇ ਵੀ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਦਿਆਲ ਸਿੰਘ ਕਾਲਜ ਦੇ ਨਾਂ ਦਾ ਖ਼ਾਤਮਾ ਕਰ ਕੇ ਨਵਾਂ ਨਾਂ ਰੱਖਣਾ ਇਕ ਇਮਾਰਤ ਦੀ ਇਤਿਹਾਸਕਤਾ ਦਾ ਖਾਤਮਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਤੋਂ ਵੱਡਾ ਦੇਸ਼-ਭਗਤ ਹੋਰ ਕੌਣ ਹੋ ਸਕਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਲਜ ਦਾ ਨਾਂ ਤੁਰੰਤ ਦਿਆਲ ਸਿੰਘ ਕਾਲਜ ਹੀ ਕੀਤਾ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ ਕਿਉਂਕਿ ਪਹਿਲਾਂ ਹੀ ਫਿਰਕੂ ਤਾਕਤਾਂ ਦੇਸ਼ ਦੀ ਏਕਤਾ ਨੂੰ ਲਾਂਬੂ ਲਾਉਣ ਲਈ ਤਤਪਰ ਹਨ।
ਚੋਰੀ ਦੇ ਸਾਮਾਨ ਦੀ ਰਿਕਵਰੀ ਸਮੇਂ ਦੁਕਾਨਦਾਰਾਂ ਨਾਲ ਬਦਸਲੂਕੀ ਨਾ ਹੋਵੇ : ਮਨਪ੍ਰੀਤ ਬਾਦਲ
NEXT STORY