ਫਗਵਾੜਾ (ਜਲੋਟਾ) : ਫਗਵਾੜਾ ਦੇ ਹਦੀਆਬਾਦ ਇਲਾਕੇ ਵਿੱਚ ਦਿਨ-ਦਿਹਾੜੇ ਲੁੱਟ-ਖੋਹ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਦੀ ਸੁਰੱਖਿਆ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਦੀਆਬਾਦ ਦੇ ਅਧੀਨ ਆਉਂਦੇ ਗੰਡਵਾਂ ਰੋਡ ’ਤੇ ਸਥਿਤ ਇੱਕ ਇਲੈਕਟ੍ਰਾਨਿਕਸ ਦੀ ਦੁਕਾਨ ਦੇ ਬਜ਼ੁਰਗ ਸੰਚਾਲਕ ਅਤੇ ਉਨ੍ਹਾਂ ਦੀ ਪਤਨੀ ਨੂੰ ਨਿਸ਼ਾਨਾ ਬਣਾ ਕੇ ਕੁਝ ਅਣਪਛਾਤੇ ਲੁਟੇਰੇ ਹਜ਼ਾਰਾਂ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਰਫੂਚੱਕਰ ਹੋ ਗਏ। ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਾਰਾਜ਼ ਸਥਾਨਕ ਨਿਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪੀੜਤ ਬਜ਼ੁਰਗ ਦੁਕਾਨਦਾਰ ਰਜਿੰਦਰ ਕਪੂਰ ਆਪਣੀ ਪਤਨੀ ਨਾਲ ਦੁਕਾਨ ’ਤੇ ਮੌਜੂਦ ਸਨ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ 2 ਅਣਪਛਾਤੇ ਨੌਜਵਾਨ ਸਾਮਾਨ ਖਰੀਦਣ ਦੇ ਬਹਾਨੇ ਉਨ੍ਹਾਂ ਦੀ ਦੁਕਾਨ ’ਤੇ ਪਹੁੰਚੇ। ਉਨ੍ਹਾਂ ਨੇ ਪਹਿਲਾਂ ਕੁਝ ਸਾਮਾਨ ਖਰੀਦਿਆ ਅਤੇ ਪੈਸੇ ਵੀ ਦੇ ਦਿੱਤੇ। ਇਸੇ ਦੌਰਾਨ ਉੱਥੇ ਇੱਕ ਚਿੱਟੇ ਰੰਗ ਦੀ ਕਾਰ ਵੀ ਆ ਕੇ ਰੁਕੀ, ਜਿਸ ਵਿੱਚ ਤਿੰਨ ਹੋਰ ਨੌਜਵਾਨ ਸਵਾਰ ਸਨ। ਕਾਰ ਸਵਾਰ ਨੌਜਵਾਨ ਨੇ ਵੀ ਪਾਵਰ ਪਲੱਗ ਦਾ ਸਵਿੱਚ ਮੰਗਣ ਦੇ ਬਹਾਨੇ ਬਜ਼ੁਰਗ ਨੂੰ ਉਲਝਾ ਕੇ ਰੱਖਿਆ ਅਤੇ ਆਪਸ ਵਿੱਚ ਗੱਲਬਾਤ ਕਰਨ ਦਾ ਨਾਟਕ ਕਰਨ ਲੱਗੇ।
ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਨੇ ਜਾਮ ਕੀਤੀ ਲੁਧਿਆਣਾ ਦੀ ਮੁੱਖ ਸੜਕ! ਆਵਾਜਾਈ ਪੂਰੀ ਤਰ੍ਹਾਂ ਠੱਪ
ਬਜ਼ੁਰਗ ਦੁਕਾਨਦਾਰ ਰਜਿੰਦਰ ਕਪੂਰ ਨੇ ਦੱਸਿਆ ਕਿ ਜਿਵੇਂ ਹੀ ਸੜਕ ’ਤੇ ਸੰਨਾਟਾ ਹੋਇਆ ਅਤੇ ਆਉਣ-ਜਾਣ ਵਾਲੇ ਲੋਕਾਂ ਦੀ ਆਵਾਜਾਈ ਘੱਟ ਗਈ, ਤਾਂ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਆਪਣਾ ਅਸਲੀ ਰੰਗ ਦਿਖਾ ਦਿੱਤਾ। ਮੁਲਜ਼ਮਾਂ ਨੇ ਡਰਾਉਂਦੇ-ਧਮਕਾਉਂਦੇ ਹੋਏ ਬਜ਼ੁਰਗ ਨੂੰ ਗੱਲੇ ਵਿੱਚ ਰੱਖੇ ਪੈਸੇ ਕੱਢਣ ਲਈ ਕਿਹਾ। ਵਿਰੋਧ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ, ਜਿਸ ਤੋਂ ਬਾਅਦ ਡਰਦੇ ਮਾਰੇ ਬਜ਼ੁਰਗ ਨੇ ਆਪਣੇ ਕੋਲ ਮੌਜੂਦ ਦੋ ਹਜ਼ਾਰ ਰੁਪਏ ਦੀ ਨਕਦੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਇੰਨੇ ਨਾਲ ਵੀ ਲੁਟੇਰਿਆਂ ਦਾ ਮਨ ਨਹੀਂ ਭਰਿਆ, ਤਾਂ ਉਨ੍ਹਾਂ ਨੇ ਬਜ਼ੁਰਗ ਦੀ ਪਤਨੀ ਦੀ ਉਂਗਲ ਵਿੱਚ ਪਾਈ ਹੋਈ ਸੋਨੇ ਦੀ ਮੁੰਦਰੀ ’ਤੇ ਝਪੱਟਾ ਮਾਰ ਦਿੱਤਾ। ਮਹਿਲਾ ਵੱਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਮੁਲਜ਼ਮ ਜ਼ਬਰਦਸਤੀ ਸੋਨੇ ਦੀ ਮੁੰਦਰੀ ਖਿੱਚ ਕੇ ਮੋਟਰਸਾਈਕਲ ਅਤੇ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਏ।
ਬਜ਼ੁਰਗ ਦੁਕਾਨਦਾਰ ਨੇ ਰੌਲਾ ਪਾਉਂਦੇ ਹੋਏ ਕੁਝ ਦੂਰ ਤੱਕ ਬਦਮਾਸ਼ਾਂ ਦਾ ਪਿੱਛਾ ਵੀ ਕੀਤਾ, ਪਰ ਮੁਲਜ਼ਮ ਤੇਜ਼ੀ ਨਾਲ ਭੱਜਣ ਵਿੱਚ ਕਾਮਯਾਬ ਰਹੇ। ਇਸ ਪੂਰੀ ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਸ ਨੂੰ ਦਿੱਤੀ ਗਈ। ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸੀਸੀਟੀਵੀ ਫੁਟੇਜ ਵਿੱਚ ਸ਼ੱਕੀ ਮੋਟਰਸਾਈਕਲ ਅਤੇ ਕਾਰ ਸਾਫ਼ ਤੌਰ ’ਤੇ ਦਿਖਾਈ ਦੇ ਰਹੇ ਹਨ, ਜਿਸ ਦੇ ਅਧਾਰ ’ਤੇ ਪੁਲਸ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਇਲਾਕੇ ਵਿੱਚ ਵਧ ਰਹੀਆਂ ਅਜਿਹੀਆਂ ਵਾਰਦਾਤਾਂ ਨੂੰ ਨੱਥ ਪਾਈ ਜਾਵੇ ਅਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਵਿਭਾਗ ’ਚ ਭਰਤੀ ਦੇ ਨਾਂ ’ਤੇ ਠੱਗੀ ਮਾਰਨ ਵਾਲਾ ਨਕਲੀ ਆਈ. ਪੀ. ਐੱਸ. ਅਧਿਕਾਰੀ ਤੇ ਉਸ ਦੀ ਪਤਨੀ ਕਾਬੂ
NEXT STORY