ਮਾਨਸਾ (ਸੰਦੀਪ ਮਿੱਤਲ, ਬਲਵਿੰਦਰ ਜੱਸਲ )— ਸੋਮਵਾਰ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ ਪਿੰਡ ਭੈਣੀਬਾਘਾ ਦੇ ਸਾਬਕਾ ਸਰਪੰਚ ਮਨਦੀਪ ਸਿੰਘ ਕੋਲੋਂ ਇਕ ਮਾਮਲੇ 'ਚ 2 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਡੀ.ਡੀ.ਪੀ.ਓ. ਜਗਤਾਰ ਸਿੰਘ ਸਿੱਧੂ, ਸੁਪਰਡੈਂਟ ਰਾਕੇਸ਼ ਕੁਮਾਰ, ਡਿਵੈਲਪਮੈਂਟ ਸਹਾਇਕ ਗੁਰਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਿਜੀਲੈਂਸ ਵਿਭਾਗ ਅਨੁਸਾਰ ਜਦੋਂ ਮਨਦੀਪ ਸਿੰਘ 2008 ਤੋਂ 2012 ਤੱਕ ਪਿੰਡ ਭੈਣੀਬਾਘਾ ਦਾ ਸਰਪੰਚ ਸੀ ਤਾਂ ਉਸ ਸਮੇਂ ਪਿੰਡ ਭੈਣੀਬਾਘਾ ਅਤੇ ਪਿੰਡ ਤਾਮਕੋਟ ਵਿਚਕਾਰ ਜ਼ਿਲਾ ਜੇਲ ਬਣਾਉਣ ਸਬੰਧੀ ਦਿੱਤੀ ਜਮੀਨ ਬਦਲੇ ਲੱਖਾਂ ਰੁਪਏ ਸਰਕਾਰ ਵਲੋਂ ਪਿੰਡ ਭੈਣੀਬਾਘਾ ਦੀ ਪੰਚਾਇਤ ਨੂੰ ਪ੍ਰਾਪਤ ਹੋਏ ਸਨ। ਪਰ ਇਸ ਸਬੰਧੀ ਪਿੰਡ ਦੇ ਵਿਕਾਸ ਆਦਿ ਮਾਮਲੇ ਨੂੰ ਲੈ ਕੇ ਇਨ੍ਹਾਂ ਪੈਸਿਆਂ 'ਚੋਂ ਪੰਚਾਇਤ ਵਿਭਾਗ ਵਲੋਂ ਪਿੰਡ ਦੀ ਪੰਚਾਇਤ ਵੱਲ ਉਸ ਵੇਲੇ 45 ਲੱਖ ਰੁਪਏ ਬਕਾਇਆ ਕੱਢੇ ਗਏ ਸਨ। ਇਸ ਮਾਮਲੇ 'ਚ ਉਸ ਸਮੇਂ ਦੇ ਸਰਪੰਚ ਮਨਦੀਪ ਸਿੰਘ ਉਪਰ ਮਾਮਲਾ ਵੀ ਦਰਜ ਹੋਇਆ ਸੀ। ਹੁਣ ਕਾਂਗਰਸ ਸਰਕਾਰ ਬਣਨ ਤੇ ਸਾਬਕਾ ਸਰਪੰਚ ਨੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੋਲ ਫਰਿਆਦ ਕਰਕੇ ਇਸ ਮਾਮਲੇ ਦੀ ਰੀ-ਚੈਕਿੰਗ ਕਰਵਾਈ ਤਾਂ ਉਸ ਵੱਲ ਸਿਰਫ 3 ਲੱਖ 94 ਹਜ਼ਾਰ ਰੁਪਏ ਹੀ ਨਿੱਕਲੇ ਸਨ। ਇਸ ਮਾਮਲੇ 'ਚ ਸਾਬਕਾ ਸਰਪੰਚ ਨੂੰ ਉਕਤ ਤਿੰਨਾਂ ਵਿਅਕਤੀਆਂ ਨੇ ਕਿਹਾ ਸੀ ਕਿ ਅਸੀਂ ਇਸ ਮਾਮਲੇ 'ਚ ਤੇਰੀ ਮੱਦਦ ਕਰਾਂਗੇ ਤੇ ਚੈਕਿੰਗ ਤੇ ਕੋਈ ਇਤਰਾਜ਼ ਨਹੀਂ ਕਰਾਂਗੇ। ਜਿਸ 'ਤੇ ਉਨ੍ਹਾਂ 5 ਲੱਖ ਰੁਪਏ ਦੀ ਮੰਗ ਕੀਤੀ ਪਰ ਸੌਦਾ 2 ਲੱਖ 20 ਹਜ਼ਾਰ ਰੁਪਏ 'ਚ ਤੈਅ ਹੋ ਗਿਆ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਾਬਕਾ ਸਰਪੰਚ ਮਨਦੀਪ ਸਿੰਘ ਨੇ ਐਸ.ਪੀ ਵਿਜੀਲੈਂਸ ਭੁਪਿੰਦਰ ਸਿੰਘ ਕੋਲ ਸ਼ਿਕਾਇਤ ਕੀਤੀ ਸੀ ਅਤੇ ਉਸ ਨੇ ਸਮੁੱਚੇ ਮਾਮਲੇ ਦੀ ਵੀਡੀਓ ਬਣਾਉÎਣ ਦੇ ਨਾਲ-ਨਾਲ ਨੋਟਾਂ ਦੇ ਨੰਬਰ ਵੀ ਵਿਜੀਲੈਂਸ ਵਿਭਾਗ ਨੂੰ ਦਿੱਤੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਲੰਘੇ ਸ਼ੁੱਕਰਵਾਰ ਨੂੰ ਡੀ.ਡੀ.ਪੀ.ਓ ਦੀ ਹਾਜ਼ਰੀ 'ਚ 1 ਲੱਖ ਰੁਪਏ ਰਾਕੇਸ਼ ਕੁਮਾਰ ਨੇ ਮਨਦੀਪ ਸਿੰਘ ਤੋਂ ਲਏ ਸਨ ਅਤੇ ਬਾਕੀ ਰਾਸ਼ੀ ਅੱਜ ਦੇਣੀ ਤੈਅ ਹੋਈ ਸੀ। ਇਸ ਤੇ ਜਦੋਂ ਸਾਬਕਾ ਸਰਪੰਚ ਨੇ ਉਕਤ ਅਧਿਕਾਰੀ ਨੂੰ ਫੋਨ ਕੀਤਾ ਕਿ ਉਸ ਕੋਲ ਇਕ ਲੱਖ 20 ਹਜ਼ਾਰ ਰੁਪਏ ਦੀ ਥਾਂ ਅੱਜ ਸਿਰਫ਼ 1 ਲੱਖ ਰੁਪਏ ਹੀ ਹਨ। ਜਿਸ ਤੇ ਉਹ ਇਕ ਲੱਖ ਰੁਪਏ ਹੀ ਲੈਣ 'ਤੇ ਸਹਿਮਤ ਹੋ ਗਏ। ਅੱਜ ਜਦੋਂ ਸਾਬਕਾ ਸਰਪੰਚ ਉਕਤ ਤਿੰਨਾਂ ਅਧਿਕਾਰੀਆਂ ਦੀ ਹਾਜ਼ਰੀ 'ਚ ਇਕ ਲੱਖ ਰੁਪਏ ਦੀ ਰਾਸ਼ੀ ਦੇਣ ਗਿਆ ਤਾਂ ਵਿਜੀਲੈਂਸ ਦੀ ਟੀਮ ਨੈ ਉਨ੍ਹਾਂ ਨੂੰ ਪੈਸਿਆਂ ਸਮੇਤ ਮੌਕੇ ਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰੀ ਉਪਰੰਤ ਜਦੋਂ ਡੀ.ਡੀ.ਪੀ.ਓ ਜਗਤਾਰ ਸਿੰਘ ਸਿੱਧੂ ਦੇ ਘਰ ਦੀ ਤਲਾਸ਼ੀ ਲਈ ਤਾਂ ਉਸ ਦੇ ਘਰੋਂ ਡੇਢ ਲੱਖ ਰੁਪਏ ਬਰਾਮਦ ਹੋਏ। ਜਿਸ 'ਚ ਸਾਬਕਾ ਸਰਪੰਚ ਮਨਦੀਪ ਸਿੰਘ ਪਾਸੋਂ 1 ਲੱਖ ਰੁਪਏ ਸ਼ੁੱਕਰਵਾਰ ਨੂੰ ਦਿੱਤੇ ਸਨ। ਜਦੋਂ ਕਿ ਵਧਦੇ 50 ਹਜ਼ਾਰ ਰੁਪਏ ਸਬੰਧੀ ਵਿਜੀਲੈਂਸ ਪੁੱਛਗਿੱਛ ਕਰ ਰਹੀ ਹੈ ਕਿ ਇਹ ਪੈਸੇ ਕਿੱਥੋਂ ਆਏ। ਉਨ੍ਹਾਂ ਕਿਹਾ ਕਿ ਵਿਭਾਗ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ ਕਿ ਇਨ੍ਹਾਂ ਨੇ ਇਸ ਮਾਮਲੇ ਤੋਂ ਇਲਾਵਾ ਕਿਸੇ ਹੋਰ ਤੋਂ ਵੀ ਰਿਸ਼ਵਤ ਦੇ ਕਿੰਨੇ ਪੈਸੇ ਲਏ।
ਵਿਧਾਇਕ ਸੰਦੋਆ 'ਤੇ ਹਮਲਾ ਕਰਨ ਵਾਲੇ ਦੋ ਹੋਰ ਗ੍ਰਿਫਤਾਰ, ਮੁੱਖ ਮੁਲਜ਼ਮ ਅਜੇ ਵੀ ਫਰਾਰ
NEXT STORY