ਗਿੱਦੜਬਾਹਾ (ਸੰਧਿਆ) - ਸ਼ਹਿਰ 'ਚ ਪਸ਼ੂਆਂ ਦੀ ਭਰਮਾਰ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਪ੍ਰੇਸ਼ਾਨ ਹੋ ਰਹੇ ਹਨ ਕਿ ਆਖਿਰ ਇਹ ਆਵਾਰਾ ਪਸ਼ੂ ਆ ਕਿਥੋਂ ਰਹੇ ਹਨ। ਸ਼ਹਿਰ 'ਚ ਤਿੰਨ ਗਊਸ਼ਾਲਾਵਾਂ ਹਨ ਪਰ ਫਿਰ ਵੀ ਪਸ਼ੂ ਸੜਕਾਂ 'ਤੇ ਘੁੰਮਦੇ ਰਹਿੰਦੇ ਹਨ। ਲੱਖਾਂ ਰੁਪਏ ਦੀ ਤੂੜੀ ਲੋਕ ਦਾਨ ਕਰ ਜਾਂਦੇ ਹਨ ਫਿਰ ਵੀ ਪਸ਼ੂ ਭੁੱਖੇ-ਪਿਆਸੇ ਸੜਕਾਂ 'ਤੇ ਮਰ ਰਹੇ ਹਨ। ਬੁੱਧਵਾਰ ਦੀ ਰਾਤ ਗਊਸ਼ਾਲਾ ਦੇ ਨੇੜੇ ਹੀ ਅਗਰਵਾਲ ਧਰਮਸ਼ਾਲਾ ਦੇ ਗੇਟ ਅਤੇ ਬਿਜਲੀ ਬੋਰਡ ਦੇ ਕਰਮਚਾਰੀ ਪ੍ਰਵੀਨ ਕੁਮਾਰ ਦੇ ਘਰ ਦੇ ਪਿਛਲੇ ਪਾਸੇ ਇਕ ਆਵਾਰਾ ਪਸ਼ੂ ਮਰਿਆ ਪਿਆ ਸੀ।
ਗਿੱਦੜਬਾਹਾ 'ਚ ਮਰੇ ਪਸ਼ੂਆਂ ਨੂੰ ਚੁੱਕਣ ਵਾਲਾ ਠੇਕੇਦਾਰ ਨਾ ਹੋਣ ਕਾਰਨ ਪਸ਼ੂ ਸਾਰੀ ਰਾਤ ਉਥੇ ਪਿਆ ਰਿਹਾ, ਜਿਸ ਨੂੰ ਕੁੱਤਿਆਂ ਨੇ ਸਾਰੀ ਰਾਤ ਨੋਚ-ਨੋਚ ਕੇ ਖਾਧਾ ਅਤੇ ਉਸ ਨੂੰ ਖੋਖਲਾ ਕਰ ਦਿੱਤਾ, ਜਿਸ ਕਾਰਨ ਚਾਰੇ ਪਾਸੇ ਵਾਤਾਵਰਣ ਵਿਚ ਬਦਬੂ ਫੈਲੀ ਰਹੀ। ਦੁਪਹਿਰ ਦੇ 12 ਵਜੇ ਵੀਰਵਾਰ ਨੂੰ ਮਰੇ ਪਸ਼ੂ ਨੂੰ ਚੁੱਕਣ ਵਾਲੇ ਵਿਅਕਤੀ ਆਏ। ਉਨ੍ਹਾਂ ਦੱਸਿਆ ਕਿ ਉਹ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਖਰਚੇ 'ਤੇ ਆਏ ਹਨ ਅਤੇ ਮਰੇ ਪਸ਼ੂ ਨੂੰ ਇਥੋਂ ਚੁੱਕ ਕੇ ਫਿਰੋਜ਼ਪੁਰ ਰੋਡ 'ਤੇ ਬਣੀ ਹੱਡਾ ਰੋੜੀ ਉਪਰ ਸੁੱਟ ਕੇ ਆਉਣਗੇ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਿੱਦੜਬਾਹਾ 'ਚ ਵੀ ਮਰੇ ਪਸ਼ੂਆਂ ਨੂੰ ਚੁੱਕਣ ਦਾ ਠੇਕਾ ਦਿੱਤਾ ਜਾਵੇ ਅਤੇ ਸ਼ਹਿਰ ਤੋਂ ਬਾਹਰ ਹੱਡਾ ਰੋੜੀ ਲਈ ਵੀ ਜਗ੍ਹਾ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਮਰੇ ਪਸ਼ੂਆਂ ਨੂੰ ਚੁਕਵਾਉਣ ਲਈ ਬਦਬੂਦਾਰ ਮਾਹੌਲ 'ਚ ਰਹਿਣ ਲਈ ਮਜਬੂਰ ਨਾ ਹੋਣਾ ਪਵੇ।
ਸ਼ਹਿਰ 'ਚ ਸਟਰੀਟ ਲਾਈਟਾਂ ਦੀ ਹਾਲਤ ਖਸਤਾ
NEXT STORY