ਪਠਾਨਕੋਟ (ਸ਼ਾਰਦਾ) : ਥਾਣਾ ਇੰਦੋਰਾ ਦੇ ਅਧੀਨ ਆਉਂਦੇ ਡਾਹ ਕੁਲਾੜਾ ਪਿੰਡ 'ਚ ਸੋਮਵਾਰ ਸਵੇਰੇ ਪਾਣੀ ਵਾਲੀ ਟੈਂਕੀ 'ਚ ਮਾਂ-ਪੁੱਤ ਦੀ ਲਾਸ਼ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਸਪਨਾ ਪਤਨੀ ਅੰਕੁਸ਼ ਗੁਲੇਰੀਆ, ਜੋ ਕਿ ਘਰ 'ਚ ਰਾਤ ਨੂੰ ਸੁੱਤੇ ਹੋਏ ਸਨ ਕਿ ਸਵੇਰੇ 4 ਵਜੇ ਜਦੋਂ ਅੰਕੁਸ਼ ਨੇ ਦੇਖਿਆ ਕਿ ਉਸ ਦੀ ਪਤਨੀ ਉੱਥੇ ਨਹੀਂ ਸੀ ਤਾਂ ਉਸ ਨੇ ਆਪਣੇ ਪਿਤਾ ਰਾਮ ਸਿੰਘ ਗੁਲੇਰੀਆ ਨੂੰ ਸੂਚਿਤ ਕੀਤਾ। ਜਿਸ 'ਤੇ ਉਨ੍ਹਾਂ ਸਾਰੇ ਪਿੰਡ ਵਾਲਿਆਂ ਨੂੰ ਇਸ ਬਾਰੇ ਸੂਚਨਾ ਦਿੱਤੀ ਅਤੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਇੰਦੋਰਾ ਥਾਣੇ 'ਚ ਦਰਜ ਕਰਵਾ ਕੇ ਸਪਨਾ ਦੇ ਪਿਤਾ ਮੰਗਲ ਸਿੰਘ ਨੂੰ ਸੂਚਿਤ ਕਰ ਦਿੱਤਾ ਅਤੇ ਉਹ ਵੀ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਪਿੰਡ ਡਾਹ ਕੁਲਾੜਾ ਪੁੱਜੇ।
ਅੰਕੁਸ਼ ਦੇ ਬਿਆਨਾਂ ਦੇ ਆਧਾਰ 'ਤੇ ਜਦੋਂ ਉਸ ਦੀ ਮਾਤਾ ਨੇ ਘਰ 'ਚ ਬਣੀ ਪਾਣੀ ਦੀ ਟੈਂਕੀ 'ਚੋਂ ਆਵਾਜ਼ ਆਉਣ 'ਤੇ ਟੈਂਕੀ ਦਾ ਢੱਕਣ ਖੋਲ੍ਹਿਆ ਤਾਂ ਉਸ 'ਚ ਸਪਨਾ (28) ਅਤੇ ਉਸ ਦੇ ਮਾਸੂਮ ਬੇਟੇ ਅੰਗਦ (3) ਦੀ ਲਾਸ਼ ਤੈਰਦੀ ਪਾਈ ਗਈ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨੂਰਪੁਰ ਡਾ. ਸਾਹਿਲ ਅਰੋੜਾ, ਐੱਸ. ਡੀ. ਐੱਮ. ਗੌਰਵ ਮਹਾਜਨ ਅਤੇ ਥਾਣਾ ਮੁਖੀ ਇੰਦੋਰਾ ਸੁਰਿੰਦਰ ਸਿੰਘ ਟੀਮ ਸਮੇਤ ਮੌਕੇ 'ਤੇ ਪੁੱਜੇ ਅਤੇ ਸਪਨਾ ਦੇ ਪੇਕੇ ਵਾਲਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਮੌਕੇ ਮ੍ਰਿਤਕਾ ਸਪਨਾ ਦੇ ਪਿਤਾ ਮੰਗਲ ਸਿੰਘ ਵਾਸੀ ਸਿਊਂਟੀ ਪਠਾਨਕੋਟ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ 2014 'ਚ ਡਾਹ ਕੁਲਾੜਾ ਵਾਸੀ ਅੰਕੁਸ਼ ਗੁਲੇਰੀਆ ਨਾਲ ਹੋਇਆ ਸੀ। ਉਨ੍ਹਾਂ ਦੇ ਸਹੁਰੇ ਵਾਲੇ ਦਾਜ ਦੀ ਮੰਗ ਕਰਦੇ ਸਨ ਅਤੇ ਬੀਤੇ ਐਤਵਾਰ ਨੂੰ ਉਨ੍ਹਾਂ ਦੀ ਲੜਕੀ ਦਾ ਫੋਨ ਆਇਆ ਸੀ ਕਿ ਉਸ ਦੇ ਸਹੁਰੇ ਤੰਗ ਕਰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੇ ਪੁਲਸ ਤੋਂ ਲੜਕੀ ਅਤੇ ਦੋਹਤੇ ਦੇ ਹਤਿਆਰਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਡੀ. ਐੱਸ. ਪੀ. ਡਾ. ਸਾਹਿਲ ਅਰੋੜਾ ਨੇ ਮੌਕੇ 'ਤੇ ਪੁੱਜ ਕੇ ਸਪਨਾ ਅਤੇ ਬੱਚੇ ਦੀ ਲਾਸ਼ ਟੈਂਕੀ 'ਚੋਂ ਬਾਹਰ ਕੱਢੀ ਅਤੇ ਪੋਸਟਮਾਰਟਮ ਲਈ ਨੂਰਪੁਰ ਭੇਜ ਦਿੱਤੀ ਗਈ। ਮ੍ਰਿਤਕਾ ਦੀ ਸੱਸ, ਸਹੁਰੇ ਅਤੇ ਪਤੀ ਨੂੰ ਪੁਛਗਿੱਛ ਲਈ ਥਾਣਾ ਇੰਦੋਰਾ 'ਚ ਲੈ ਗਏ ਤੇ ਉਨ੍ਹਾਂ ਘਰ ਵੀ ਫਾਰੈਂਸਿਕ ਟੀਮ ਆਉਣ 'ਤੇ ਸੀਲ ਕਰ ਦਿੱਤਾ ਹੈ।
ਵਿਦਿਆਰਥੀਆਂ ਨੇ ਕੱਢਿਆ ਬਾਥਰੂਮਾਂ ਦੀ ਸਫਾਈ ਦਾ ਅਨੋਖਾ ਤਰੀਕਾ
NEXT STORY