ਜਲਾਲਾਬਾਦ (ਬਜਾਜ) : ਜਲਾਲਾਬਾਦ ਦੇ ਥਾਣਾ ਸਿਟੀ ਵਿਖੇ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਵਾਈ ਵੱਲੋਂ ਆਪਣੇ ਸਹੁਰੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਇੱਟਾਂ-ਰੋੜੇ ਮਾਰਨ ਕਾਰਨ ਸਹੁਰੇ ਦੀ ਘਬਰਾਹਟ ਅਤੇ ਬੇਹੋਸ਼ ਹੋਣ ਉਪਰੰਤ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਪੁਲਸ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਿਤੀ 08 ਨਵੰਬਰ 2026 ਨੂੰ ਰਾਤ ਕਰੀਬ 11 ਵਜੇ ਗੋਬਿੰਦ ਨਗਰੀ, ਜਲਾਲਾਬਾਦ ਵਿਖੇ ਵਾਪਰੀ।
ਸ਼ਿਕਾਇਕਰਤਾ ਕੁਲਦੀਪ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਗੋਬਿੰਦ ਨਗਰੀ ਜਲਾਲਾਬਾਦ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸਦੇ ਜਵਾਈ ਸੁਖਚੈਨ ਸਿੰਘ ਪੁੱਤਰ ਭਜਨ ਸਿੰਘ ਵਾਸੀ ਦੁੱਲੇ ਕੇ ਨੱਥੂ ਕੇ, ਗੁਰੂਹਰਸਹਾਏ ਵੱਲੋਂ ਉਸਦੇ ਪਤੀ ਬਲਵਿੰਦਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਇੱਟਾਂ-ਰੋੜੇ ਮਾਰੇ ਗਏ। ਇਸ ਹਮਲੇ ਅਤੇ ਡਰਾਉਣ ਦੀ ਸਥਿਤੀ ਕਾਰਨ ਬਲਵਿੰਦਰ ਸਿੰਘ ਨੂੰ ਘਬਰਾਹਟ ਹੋਈ ਅਤੇ ਉਹ ਬੇਹੋਸ਼ ਹੋ ਗਏ, ਜਿਸ ਉਪਰੰਤ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ਪੜਤਾਲ ਕਰ ਰਹੇ ਏ. ਐੱਸ. ਆਈ. ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸੁਖਚੈਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, ਇਨ੍ਹਾਂ ਅਧਿਕਾਰੀਆਂ ਦੀ ਬਦਲੀ ਦੀ ਤਿਆਰੀ, ਮੰਗੀ ਗਈ ਰਿਪੋਰਟ
NEXT STORY