ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਕੰਵਲਜੀਤ) : ਮੰਗਲਵਾਰ ਨੂੰ ਬਟਾਲਾ ਦੇ ਨਜ਼ਦੀਕੀ ਕਸਬਾ ਡੇਰਾ ਬਾਬਾ ਨਾਨਕ ਵਿਚ ਉਸ ਵੇਲੇ ਹਿੰਸਾ ਭੜਕ ਉੱਠੀ ਜਦੋਂ ਮੋਪਡ ਸਵਾਰ ਨੌਜਵਾਨਾਂ ਨੂੰ ਐਕਸਾਈਜ਼ ਵਿਭਾਗ ਦੀਆਂ ਗੱਡੀਆਂ 'ਚ ਸਵਾਰ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਵਲੋਂ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਤੋਂ ਬਾਅਦ ਮਾਹੌਲ ਗਰਮਾਉਣ ਦੇ ਨਾਲ-ਨਾਲ ਤਣਾਅ ਪੈਦਾ ਹੋ ਗਿਆ।

ਇਕੱਤਰ ਕੀਤੀ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਦੋ ਨੌਜਵਾਨ ਸੁਬੇਗ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਕੋਟ ਦਲਪਤ ਰਾਏ ਅਤੇ ਸੰਜੀਵ ਕੁਮਾਰ ਉਰਫ ਗੋਰੂ ਪੁੱਤਰ ਤਰਸੇਮ ਲਾਲ ਵਾਸੀ ਮੁਹੱਲਾ ਫਤਿਹ ਸਿੰਘ ਡੇਰਾ ਬਾਬਾ ਨਾਨਕ ਮੋਪਡ 'ਤੇ ਸਵਾਰ ਹੋ ਕੇ ਫਤਿਹਗੜ੍ਹ•ਚੂੜੀਆਂ ਰੋਡ 'ਤੇ ਜਾ ਰਹੇ ਸਨ। ਜਦੋਂ ਉਕਤ ਦੋਵੇਂ ਨੌਜਵਾਨ ਰਸਤੇ ਵਿਚ ਸੀ ਤਾਂ ਇਸ ਦੌਰਾਨ ਐਕਸਾਈਜ਼ ਵਿਭਾਗ ਦੀਆਂ ਗੱਡੀਆਂ ਵਿਚ ਸਵਾਰ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਨਾਲ ਉਕਤ ਦੋਵਾਂ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋ ਗਈ ਅਤੇ ਬਾਅਦ ਵਿਚ ਜਦੋਂ ਉਕਤ ਦੋਵੇਂ ਪਿੰਡ ਮੂਲੋਵਾਲੀ ਵਿਖੇ ਪਹੁੰਚੇ ਤਾਂ ਪਿੱਛੋਂ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੇ ਆਪਣੀਆਂ ਗੱਡੀਆਂ ਨੂੰ ਤੇਜ਼ ਰਫਤਾਰ ਨਾਲ ਲਿਆ ਕੇ ਉਕਤ ਮੋਪਡ ਸਵਾਰ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਨੌਜਵਾਨਾਂ ਦੇ ਪਛਾਣ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਮਾਹੌਲ ਤਨਾਅਪੂਰਨ ਹੋ ਗਿਆ ਤੇ ਹਿੰਸਾ ਭੜਕ ਉੱਠੀ, ਜਿਸ ਦੇ ਸਿੱਟੇ ਵਜੋਂ ਜਿਥੇ ਡੇਰਾ ਬਾਬਾ ਨਾਨਕ ਨੂੰ ਜ਼ਬਰਦਸਤੀ ਬੰਦ ਕਰਵਾਉਂਦਿਆਂ ਪੁਰਾਣੇ ਬੱਸ ਸਟੈਂਡ ਅਤੇ ਨਵੇਂ ਬੱਸ ਸਟੈਂਡ ਵਿਖੇ ਸਥਿਤ ਦੋ ਸ਼ਰਾਬ ਦੇ ਠੇਕਿਆਂ ਦੀ ਭੀੜ ਵਲੋਂ ਤੋੜ ਭੰਨ ਕਰਦਿਆਂ ਅੱਗ ਲਗਾ ਕੇ ਫੂਕ ਦਿੱਤਾ ਗਿਆ।

ਉਥੇ ਹੀ ਇਹ ਵੀ ਸਾਹਮਣੇ ਆਇਆ ਕਿ ਐਕਸਾਈਜ਼ ਵਿਭਾਗ ਦੀਆਂ ਗੱਡੀਆਂ ਨੂੰ ਵੀ ਭੀੜ ਵਲੋਂ ਸਾੜ ਦਿੱਤਾ ਗਿਆ ਅਤੇ ਡੇਰਾ ਬਾਬਾ ਨਾਨਕ ਦੇ ਸਾਰੇ ਬਾਜ਼ਾਰ ਬੰਦ ਕਰਵਾ ਦਿੱਤੇ ਗਏ ਹਨ।
ਉਕਤ ਮਾਮਲੇ ਸਬੰਧੀ ਜਦੋਂ ਐੱਸ.ਐੱਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਪਹਿਲਾਂ ਡੇਰਾ ਬਾਬਾ ਨਾਨਕ ਵਿਖੇ ਹੀ ਸਬੰਧਤ ਠੇਕੇਦਾਰਾਂ ਕੋਲ ਕੰਮ ਕਰਦੇ ਸਨ ਅਤੇ ਬਾਅਦ ਵਿਚ ਹੁਣ ਰਮਦਾਸ ਵਿਖੇ ਕੰਮ ਕਰਦੇ ਸਨ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਵਿਖੇ ਸਬੰਧਤ 4 ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਵਿਰੁੱਧ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਕੇਂਦਰ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਇਆ : ਕਥੂਰੀਆ
NEXT STORY