ਜਲਾਲਾਬਾਦ, (ਨਿਖੰਜ)- ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਜਿਥੇ ਕਿ ਹਰੇਕ ਵਰਗ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਉਧਰ ਦੂਜੇ ਪਾਸੇ ਆਏ ਦਿਨੀਂ ਕਿਸਾਨਾਂ ਦੀਆਂ ਮੌਤਾਂ ਹੋਣ ਦੀਆਂ ਦੁਖਦਾਈ ਖਬਰਾਂ ਮਿਲ ਰਹੀਆਂ। ਇਸ ਤਰ੍ਹਾਂ ਦੀ ਇਕ ਹੋਰ ਦੁਖਦਾਈ ਖਬਰ ਵਿਧਾਨ ਸਭਾ ਹਲਕੇ ਦੇ ਪਿੰਡ ਮੌਲਵੀ ਵਾਲਾ ਊਰਫ ਚੱਕ ਜੰਡ ਵਾਲਾ ਦੇ ਕਿਸਾਨ ਦੀ ਦਿੱਲੀ ਧਰਨੇ ਤੋਂ ਵਾਪਸ ਪਰਤਣ ’ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਮੌਲਵੀਵਾਲਾ (ਜੰਡ ਵਾਲਾ) ਦੇ ਕਿਸਾਨ ਲਾਲ ਚੰਦ (67) ਪਿਛਲੇ 10 ਦਿਨਾਂ ਤੋਂ ਕਿਸਾਨੀ ਧਰਨੇ ’ਚ ਡਟੇ ਹੋਏ ਸਨ ਅਤੇ ਜਿਸਨੂੰ ਵੀਰਵਾਰ ਘਰ ਵਾਪਸ ਪਰਤਦੇ ਸਮੇਂ ਠੰਡ ਲੱਗ ਗਈ ਜਿਸ ਕਾਰਣ ਉਸਦੀ ਹਾਲਤ ਕਾਫੀ ਵਿਗਡ਼ ਗਈ ਅਤੇ ਸ਼ਨੀਵਾਰ ਸਵੇਰੇ ਉਸਨੇ ਦਮ ਤੋਡ਼ ਦਿੱਤਾ। ਹੈਰਾਨੀਜਨਕ ਗੱਲ ਇਹ ਹੈ ਕਿ ਆਏ ਦਿਨੀਂ ਠੰਡ ਦੇ ਕਾਰਣ ਕਿਸਾਨਾਂ ਦੀਆਂ ਮੌਤਾਂ ਹੋਣ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੀ ਪਰ ਕੇਂਦਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਪਰਿਵਾਰਿਕ ਮੈਂਬਰਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਬਣਦੀ ਮਾਲੀ ਸਹਾਇਤਾ ਦਿੱਤੀ ਜਾਵੇ। ਇਸ ਦੁੱਖਦਾਈ ਘਟਨਾ ਦੇ ਵਾਪਰਨ ਨਾਲ ਕਿਸਾਨ ਜਥੇਬੰਦੀਆਂ ਅਤੇ ਇਲਾਕੇ ’ਚ ਸੋਗ ਦੀ ਲਹਿਰ ਦੌਡ਼ ਗਈ ਹੈ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਾ ਹੈ।
ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY