ਟਾਂਡਾ ਉੜਮੁੜ, (ਪੰਡਿਤ, ਮੋਮੀ)- ਬੀਤੀ ਰਾਤ ਬਾਈਪਾਸ ਸਥਿਤ ਇਕ ਢਾਬੇ ਦੇ ਕਰਿੰਦੇ ਦੀ ਕੋਲਿਆਂ ਦੀ ਗੈਸ ਕਰ ਕੇ ਸਾਹ ਘੁੱਟਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਾਖਰ ਸਿੰਘ (55) ਪੁੱਤਰ ਦੀਦਾਰ ਸਿੰਘ ਨਿਵਾਸੀ ਬੋਦਲ ਕੋਟਲੀ ਦੇ ਰੂਪ ਵਿਚ ਹੋਈ ਹੈ। ਟਾਂਡਾ ਪੁਲਸ ਨੇ ਮ੍ਰਿਤਕ ਦੇ ਸ਼ਰੀਕੇ ਵਿਚੋਂ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ 174 ਸੀ. ਆਰ. ਪੀ. ਸੀ. ਅਧੀਨ ਕਾਰਵਾਈ ਕੀਤੀ ਹੈ। ਆਪਣੇ ਬਿਆਨ ਵਿਚ ਕੁਲਦੀਪ ਸਿੰਘ ਨੇ ਦੱਸਿਆ ਕਿ ਪਾਖਰ ਸਿੰਘ ਜਾਜਾ ਬਾਈਪਾਸ ਸਥਿਤ ਗਣੇਸ਼ ਢਾਬੇ ਵਿਚ ਕੰਮ ਕਰਦਾ ਸੀ ਅਤੇ ਢਾਬੇ ਦੇ ਪਿੱਛੇ ਬਣੇ ਕਮਰੇ ਵਿਚ ਹੀ ਰਹਿੰਦਾ ਸੀ। ਬੀਤੀ ਰਾਤ ਉਹ ਕੰਮ ਖਤਮ ਕਰਨ ਤੋਂ ਬਾਅਦ ਕਮਰੇ ਨੂੰ ਅੰਦਰੋਂ ਕੁੰਡਾ ਲਾ ਕੇ ਸੌਂ ਗਿਆ। ਸਵੇਰੇ ਦੇਰ ਤੱਕ ਜਦੋਂ ਉਸ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਢਾਬੇ ਦੇ ਮਾਲਕ ਸੰਜੀਵ ਕੁਮਾਰ ਨੇ ਉਨ੍ਹਾਂ ਨੂੰ ਪਿੰਡ ਸੂਚਨਾ ਦਿੱਤੀ। ਉਨ੍ਹਾਂ ਜਦੋਂ ਕਮਰੇ ਦੀ ਕੰਧ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਪਾਖਰ ਸਿੰਘ ਦੀ ਲਾਸ਼ ਮੰਜੇ 'ਤੇ ਪਈ ਸੀ ਅਤੇ ਮੰਜੇ ਕੋਲ ਲੱਕੜੀ ਦੇ ਕੋਲਿਆਂ ਦੀ ਸੁਆਹ ਪਈ ਸੀ। ਕੁਲਦੀਪ ਸਿੰਘ ਨੇ ਸ਼ੱਕ ਜਤਾਇਆ ਕਿ ਪਾਖਰ ਸਿੰਘ ਦੀ ਸੁੱਤੇ ਪਏ ਕੋਲਿਆਂ ਦੀ ਗੈਸ ਚੜ੍ਹਨ ਕਰ ਕੇ ਸਾਹ ਘੁੱਟਣ ਨਾਲ ਮੌਤ ਹੋਈ ਹੈ। ਟਾਂਡਾ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਕੱਟੀਆਂ ਉਂਗਲਾਂ ਵਾਲੇ ਸੀਨੀਅਰ ਸਿਟੀਜ਼ਨ ਨਾਲ ਮਹਿਲਾ ਪੁਲਸ ਸਟਾਫ ਨੇ ਕੀਤਾ ਮਾੜਾ ਬਤੀਤ
NEXT STORY