ਹਰਿਆਣਾ, (ਨਲੋਆ, ਆਨੰਦ, ਰੱਤੀ)- ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਲੇਹਲਾਂ ਵਿਖੇ ਸਾਢੇ 6 ਸਾਲ ਪਹਿਲਾਂ ਵਿਆਹੀ ਗਈ ਲੜਕੀ ਲਖਵਿੰਦਰ ਕੌਰ ਦੀ ਬੀਤੀ ਰਾਤ ਮੌਤ ਹੋ ਜਾਣ ਅਤੇ ਸਹੁਰੇ ਪਰਿਵਾਰ ਖਿਲਾਫ਼ ਕੇਸ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕਾ ਲਖਵਿੰਦਰ ਕੌਰ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੀਆਂ 6 ਲੜਕੀਆਂ ਅਤੇ ਇਕ ਲੜਕਾ ਹੈ, ਜਿਨ੍ਹਾਂ ਵਿਚੋਂ 3 ਲੜਕੀਆਂ ਦਾ ਵਿਆਹ ਹੋ ਚੁੱਕਾ ਹੈ। ਉਸ ਦੀ ਤੀਜੇ ਨੰਬਰ ਵਾਲੀ ਲੜਕੀ ਲਖਵਿੰਦਰ ਕੌਰ ਦਾ ਵਿਆਹ 26 ਜਨਵਰੀ 2016 ਨੂੰ ਵਰਿੰਦਰ ਸਿੰਘ ਪੁੱਤਰ ਸੁਮਿੱਤਰ ਸਿੰਘ ਵਾਸੀ ਪਿੰਡ ਲੇਹਲਾਂ ਨਾਲ ਹੋਇਆ ਸੀ ਅਤੇ ਵਿਆਹ ਮੌਕੇ ਉਨ੍ਹਾਂ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ ਸੀ ਪਰ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਵਿਆਹ ਤੋਂ ਬਾਅਦ ਉਸ ਦੇ ਘਰ 2 ਲੜਕੀਆਂ ਪੈਦਾ ਹੋਈਆਂ।
ਦਰਸ਼ਨ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਸ ਦੇ ਜਵਾਈ ਵਰਿੰਦਰ ਸਿੰਘ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਹੋਣ ਕਾਰਨ ਕਈ-ਕਈ ਦਿਨ ਉਹ ਘਰ ਨਹੀਂ ਆਉਂਦਾ ਸੀ ਅਤੇ ਨਾ ਹੀ ਉਹ ਲਖਵਿੰਦਰ ਨੂੰ ਖਰਚਾ ਦਿੰਦਾ ਸੀ। ਉਹ ਆਪਣੀ ਭੈਣ ਨੂੰ ਫੋਨ 'ਤੇ ਦੱਸਦੀ ਰਹਿੰਦੀ ਸੀ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰੋਂ ਕੱਢਣਾ ਚਾਹੁੰਦਾ ਹੈ ਅਤੇ ਕਿਸੇ ਹੋਰ ਔਰਤ ਨੂੰ ਘਰ ਰੱਖਣਾ ਚਾਹੁੰਦਾ ਹੈ।
ਬੀਤੀ ਰਾਤ ਉਨ੍ਹਾਂ ਨੂੰ ਫੋਨ 'ਤੇ ਕਿਸੇ ਨੇ ਦੱਸਿਆ ਕਿ ਲਖਵਿੰਦਰ ਦੀ ਮੌਤ ਹੋ ਗਈ ਹੈ। ਪਰ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਕੋਈ ਇਤਲਾਹ ਨਹੀਂ ਦਿੱਤੀ ਗਈ, ਜਿਸ 'ਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰਾ ਪਰਿਵਾਰ ਵੱਲੋਂ ਮਿਲ ਕੇ ਮਾਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਸ ਨੇ ਮੁਕੱਦਮਾ ਨੰ. 90 ਅ/ਧ 306 ਤਹਿਤ ਵਿਆਹੁਤਾ ਦੇ ਪਤੀ, ਸੱਸ, ਸਹੁਰੇ ਅਤੇ ਨਣਾਨ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਡਾਕਟਰਾਂ ਨੇ ਕਿਹਾ ਮ੍ਰਿਤਕ, ਬੱਚਾ ਹੋ ਗਿਆ ਜਿਊਂਦਾ
NEXT STORY