ਬਟਾਲਾ, (ਮਠਾਰੂ)- ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵੱਲੋਂ ਇਕ ਹੋਰ ਹੈਰਾਨੀਜਨਕ ਕਾਰਨਾਮਾ ਕੀਤਾ ਗਿਆ ਹੈ, ਜਿਸ 'ਚ ਗਰੀਬ ਪਰਿਵਾਰ ਦੇ ਜਿਊਂਦੇ ਮਾਸੂਮ ਬੱਚੇ ਨੂੰ ਮ੍ਰਿਤਕ ਕਹਿ ਕੇ ਅੱਧੀ ਰਾਤ ਨੂੰ ਹਸਪਤਾਲ ਤੋਂ ਬਾਹਰ ਕੱਢ ਦਿੱਤਾ ਗਿਆ ਪਰ 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ' ਦਾ ਕਥਨ ਉਸ ਵੇਲੇ ਸੱਚ ਸਾਬਿਤ ਹੋਇਆ, ਜਦ ਮਰਿਆ ਬੱਚਾ ਸਮਝ ਕੇ ਆਪਣੇ ਘਰ ਨੂੰ ਲੈ ਕੇ ਪਰਤ ਰਹੀ ਮਾਂ ਦਾ ਰਸਤੇ 'ਚ ਹੀ ਬੱਚੇ ਨੇ ਹੱਥ ਘੁੱਟ ਦਿੱਤਾ ਅਤੇ ਹਰਕਤ ਕਰਨੀ ਸ਼ੁਰੂ ਕਰ ਦਿੱਤੀ।
ਪ੍ਰਮਾਤਮਾ ਦਾ ਸ਼ੁੱਕਰਾਨਾ ਕਰਦਿਆਂ ਇਹ ਗਰੀਬ ਪਰਿਵਾਰ ਅੱਧੀ ਰਾਤ ਨੂੰ ਹੀ ਸੰਸਥਾ ਸਭ ਦਾ ਭਲਾ ਹਿਊਮੈਨਿਟੀ ਕਲੱਬ ਦੇ ਨੌਜਵਾਨ ਮੁੱਖ ਸੰਚਾਲਕ ਨਵਤੇਜ ਸਿੰਘ ਗੁੱਗੂ ਕੋਲ ਬੱਚੇ ਦੀ ਜ਼ਿੰਦਗੀ ਨੂੰ ਬਚਾਉਣ ਲਈ ਇਲਾਜ ਕਰਵਾਉਣ ਦੀ ਬੇਨਤੀ ਲੈ ਕੇ ਪਹੁੰਚਿਆ।
ਇਸ ਦੌਰਾਨ ਸਮਾਜਸੇਵੀ ਨੌਜਵਾਨ ਨਵਤੇਜ ਸਿੰਘ ਗੁੱਗੂ ਨੇ ਤੁਰੰਤ ਮਾਸੂਮ ਬੱਚੇ ਨੂੰ ਗੱਡੀ ਰਾਹੀਂ ਅੰਮ੍ਰਿਤਸਰ ਦੇ ਕੋਆਪ੍ਰੇਟਿਵ ਹਸਪਤਾਲ 'ਚ ਭੇਜ ਦਿੱਤਾ। ਇਸ ਮੌਕੇ ਨਵਤੇਜ ਸਿੰਘ ਗੁੱਗੂ ਤੇ ਪੰਜਾਬ ਬ੍ਰਾਹਮਣ ਕਲਿਆਣ ਮੰਚ ਦੇ ਸੂਬਾ ਪ੍ਰਧਾਨ ਤੇ ਉੱਘੇ ਸਮਾਜਸੇਵੀ ਆਗੂ ਪੰਡਤ ਨਰੇਸ਼ ਕੁਮਾਰ ਧਾਮੀ ਲਾਟੂ ਪ੍ਰਧਾਨ ਨੇ ਦੱਸਿਆ ਕਿ ਪਿੰਡ ਮਸਾਣੀਆ ਦਾ ਮਾਸੂਮ ਬੱਚਾ ਗੁਰਨੂਰ ਸਿੰਘ, ਜਿਸ ਨੂੰ ਇਲਾਜ ਲਈ ਪਰਿਵਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਵੱਲੋਂ ਅੱਧੀ ਰਾਤ ਨੂੰ ਮਾਸੂਮ ਬੱਚੇ ਗੁਰਨੂਰ ਨੂੰ ਪੈਸੇ ਨਾ ਮਿਲਣ ਦੀ ਸੂਰਤ 'ਚ ਮ੍ਰਿਤਕ ਕਰਾਰ ਦਿੰਦਿਆਂ ਹਸਪਤਾਲ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਪਰਿਵਾਰ ਨੂੰ ਕਹਿ ਦਿੱਤਾ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ, ਇਸ ਨੂੰ ਘਰ ਲੈ ਜਾਓ।
ਨਵਤੇਜ ਗੁੱਗੂ ਤੇ ਲਾਟੂ ਪ੍ਰਧਾਨ ਨੇ ਦੱਸਿਆ ਕਿ ਇਸ ਦੌਰਾਨ ਜਦ ਬੱਚੇ ਨੇ ਰਸਤੇ 'ਚ ਆਉਂਦਿਆਂ ਹਰਕਤ ਕੀਤੀ ਤਾਂ ਤੁਰੰਤ ਕਲੱਬ ਵੱਲੋਂ ਬੱਚੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਿਤ ਦਿਨ ਹੀ ਸ੍ਰੀ ਗੁਰੂ ਰਾਮਦਾਸ ਹਸਪਤਾਲ 'ਚ ਮਰੀਜ਼ਾਂ ਦੇ ਨਾਲ ਹੋ ਰਹੀਆਂ ਵਧੀਕੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਦ ਕਿ ਕੁਝ ਦਿਨ ਪਹਿਲਾਂ ਇਕ ਖਿਡਾਰਨ ਬੱਚੀ ਦੀ ਮੌਤ ਹੋ ਜਾਣ ਦਾ ਵੀ ਮਾਮਲਾ ਸਾਹਮਣੇ ਆਇਆ ਸੀ। ਇਸ ਲਈ ਜਿਥੇ ਇਸ ਸਬੰਧੀ ਸ਼ੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ, ਉਥੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਇਸ ਹਸਪਤਾਲ ਦੇ ਖਿਲਾਫ਼ ਵੱਡੇ ਪੱਧਰ 'ਤੇ ਘਿਰਾਓ ਵੀ ਕੀਤਾ ਜਾਵੇਗਾ ਤੇ ਨਾਲ ਹੀ ਇਹ ਮਾਮਲੇ ਮਾਣਯੋਗ ਅਦਾਲਤ 'ਚ ਵੀ ਲਿਆਂਦੇ ਜਾਣਗੇ।
ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ
ਨੇ ਹਸਪਤਾਲ ਤੋਂ ਮੰਗੀ ਰਿਪੋਰਟ
ਜਦ ਇਸ ਸੰਬੰਧੀ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਸੀਨੀਅਰ ਮੈਂਬਰ ਬਲਬੀਰ ਸਿੰਘ ਮਾਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਕਮਿਸ਼ਨ ਦੇ ਧਿਆਨ ਹਿੱਤ ਆਉਣ ਤੋਂ ਬਾਅਦ ਹੀ ਹਸਪਤਾਲ ਦੇ ਇੰਚਾਰਜ ਅਤੇ ਪ੍ਰਿੰਸੀਪਲ ਨੂੰ ਹਦਾਇਤਾਂ ਜਾਰੀ ਕਰ ਕੇ ਇਸ ਸਾਰੇ ਮਾਮਲੇ ਦੀ ਪੂਰੀ ਰਿਪੋਰਟ ਮੰਗੀ ਗਈ ਹੈ।
ਕੀ ਕਹਿਣੈ ਹਸਪਤਾਲ ਇੰਚਾਰਜ ਦੇ ਪੀ. ਏ. ਦਾ?
ਇਸ ਸਬੰਧੀ ਗੁਰੂ ਰਾਮਦਾਸ ਹਸਪਤਾਲ ਦੇ ਇੰਚਾਰਜ ਏ.ਪੀ. ਸਿੰਘ ਦੇ ਪੀ.ਏ. ਅਮਨਦੀਪ ਸਿੰਘ ਨੇ ਲੱਗੇ ਹੋਏ ਸਾਰੇ ਹੀ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਾਸੂਮ ਬੱਚਾ ਕੈਂਸਰ ਦਾ ਮਰੀਜ਼ ਹੈ ਅਤੇ ਉਸ ਦੀ ਬੀਮਾਰੀ ਆਖਰੀ ਪੜਾਅ 'ਤੇ ਪਹੁੰਚੀ ਹੋਈ ਹੈ। ਜਦ ਕਿ ਡਾਕਟਰਾਂ ਵੱਲੋਂ ਐਮਰਜੈਂਸੀ 'ਚ ਉਸ ਦਾ ਆਪ੍ਰੇਸ਼ਨ ਵੀ ਕੀਤਾ ਗਿਆ ਸੀ ਪਰ ਬੱਚੇ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਵੱਲੋਂ ਬੱਚੇ ਨੂੰ ਵੈਂਟੀਲੇਟਰ 'ਤੇ ਪਾਉਣ ਲਈ ਕਿਹਾ ਗਿਆ ਸੀ। ਜਿਸ ਕਰਕੇ ਪਰਿਵਾਰ ਵੱਲੋਂ ਸਹਿਮਤੀ ਨਹੀਂ ਦਿੱਤੀ ਗਈ ਅਤੇ ਪਰਿਵਾਰਕ ਮੈਂਬਰ ਆਪਣੀ ਮਰਜ਼ੀ ਨਾਲ ਹਸਪਤਾਲ 'ਚ ਦਸਤਖਤ ਕਰ ਕੇ ਬੱਚੇ ਨੂੰ ਲੈ ਕੇ ਗਏ ਹਨ।
ਜਬਰ-ਜ਼ਨਾਹ ਅਤੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲਾ ਕਾਬੂ
NEXT STORY