ਮੋਹਾਲੀ, ਨਵਾਂਸ਼ਹਿਰ (ਨਿਆਮੀਆਂ, ਜੋਵਨਪ੍ਰੀਤ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਿਹਾਂਤ ਹੋ ਗਿਆ। ਅਭੈ ਸਿੰਘ ਸੰਧੂ ਸ਼ਹੀਦ ਭਗਤ ਸਿੰਘ ਦੇ ਛੋਟੇ ਭਰਾ ਕੁਲਬੀਰ ਸਿੰਘ ਸੰਧੂ ਦੇ ਬੇਟੇ ਸਨ। ਉਹ ਪਿਛਲੇ ਕਈ ਦਿਨਾਂ ਤੋਂ ਫੋਰਟਿਸ ਹਸਪਤਾਲ ਵਿਚ ਦਾਖ਼ਲ ਸਨ। ਉਨ੍ਹਾਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਕੋਰੋਨਾ ਨਾਲ ਤਾਂ ਉਨ੍ਹਾਂ ਟਾਕਰਾ ਕਰ ਲਿਆ ਪਰ ਕੋਰੋਨਾ ਤੋਂ ਬਾਅਦ ਦੀਆਂ ਬਿਮਾਰੀਆਂ ਦਾ ਉਹ ਟਾਕਰਾ ਨਹੀਂ ਕਰ ਸਕੇ। ਬਲਬੀਰ ਸਿੰਘ ਸਿੱਧੂ ਨੇ ਅਭੈ ਸਿੰਘ ਸੰਧੂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਦੇ 25 ਸੈਕਟਰ ਦੇ ਸ਼ਮਸ਼ਾਨ ਘਾਟ ਵਿੱਚ ਸਰਕਾਰੀ ਗਾਈਡਲਾਈਨ ਤਹਿਤ ਸਿਰਫ 10 ਬੰਦਿਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਸਰਦਾਰ ਸ਼ਵਦੀਪ ਸਿੰਘ ਸੰਧੂ ਨੇ ਦਿੱਤੀ ਹੈ।
ਇਹ ਵੀ ਪੜ੍ਹੋ- ਦੇਸ਼ਭਰ 'ਚ ਡੇਰਾ ਬਿਆਸ ਦੇ ਸਤਿਸੰਗ ਪ੍ਰੋਗਰਾਮ 31 ਅਗਸਤ ਤੱਕ ਰੱਦ
ਸ਼੍ਰੀ ਸਿੱਧੂ, ਜਿਨ੍ਹਾਂ ਨੇ ਅਭੈ ਸਿੰਘ ਸੰਧੂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਲਗਾਤਾਰ ਰਾਬਤਾ ਰੱਖਿਆ ਹੋਇਆ ਸੀ, ਨੇ ਕਿਹਾ ਕਿ ਅਭੈ ਸਿੰਘ ਸੰਧੂ ਇਕ ਬਹੁਤ ਹੀ ਨਿਧੜਕ ਯੋਧਾ ਅਤੇ ਉੱਘੇ ਸਮਾਜ ਸੇਵਕ ਸਨ। ਕੁਝ ਸਾਲ ਪਹਿਲਾਂ ਹੀ ਅਭੈ ਸਿੰਘ ਸੰਧੂ ਨੇ ਆਪਣੇ ਜਵਾਨ ਪੁੱਤਰ ਨੂੰ ਗੁਆ ਦਿੱਤਾ ਸੀ। ਸਿਹਤ ਮੰਤਰੀ ਨੇ ਦੱਸਿਆ ਕਿ ਅਭੈ ਸਿੰਘ ਸਿੰਘ ਸੰਧੂ ਦੇ ਇਲਾਜ ’ਤੇ ਜੋ ਵੀ ਖਰਚਾ ਆਇਆ ਹੈ, ਉਹ ਪੰਜਾਬ ਸਰਕਾਰ ਸਹਿਣ ਕਰੇਗੀ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਦੁਖੀ ਪਰਿਵਾਰ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਦਿਲੀ ਹਮਦਰਦੀ ਸਾਂਝੀ ਕੀਤੀ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਸੰਧੂ ਜੀ ਦੇ ਦਿਹਾਂਤ ਬਾਰੇ ਜਾਣਕੇ ਦੁੱਖ ਹੋਇਆ, ਜੋ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਸ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਅਸੀਂ ਉਸ ਦੇ ਇਲਾਜ 'ਤੇ ਆਉਣ ਵਾਲੇ ਖਰਚੇ ਨੂੰ ਸਹਿਣ ਕਰਾਂਗੇ. ਵਾਹਿਗੁਰੂ ਉਸਨੂੰ ਸਦੀਵੀ ਸ਼ਾਂਤੀ ਬਖਸ਼ਣ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੇਸ਼ਭਰ 'ਚ ਡੇਰਾ ਬਿਆਸ ਦੇ ਸਤਿਸੰਗ ਪ੍ਰੋਗਰਾਮ 31 ਅਗਸਤ ਤੱਕ ਰੱਦ
NEXT STORY