ਗੁਰਦਾਸਪੁਰ, (ਹਰਮਨਪ੍ਰੀਤ ਸਿੰਘ)- ਡਿਪੂ ਹੋਲਡਰਜ਼ ਐਸੋਸੀਏਸ਼ਨ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਬੀਤੀ ਸ਼ਾਮ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਛਿੰਦਾ, ਚੇਅਰਮੈਨ ਸ਼ਾਮ ਲਾਲ ਪੰਜੋਲਾ, ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਮੋਹਨ ਲਾਲ, ਪਠਾਨਕੋਟ ਦੇ ਜ਼ਿਲਾ ਪ੍ਰਧਾਨ ਵਿਜੇ ਕੁਮਾਰ, ਪਠਾਨਕੋਟ ਦੇ ਚੇਅਰਮੈਨ ਰਾਮ ਪਾਲ ਮਹਾਜਨ, ਬਲਾਕ ਪ੍ਰਧਾਨ ਕਮਲ ਕੁਮਾਰ ਟਾਂਡਾ ਆਦਿ ਆਗੂਆਂ ਨੇ ਭੋਆ ਹਲਕੇ ਅੰਦਰ ਚੋਣ ਪ੍ਰਚਾਰ ਕਰ ਰਹੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ। ਉਕਤ ਆਗੂਆਂ ਨੇ ਮਨਪ੍ਰੀਤ ਸਿੰਘ ਬਾਦਲ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਜੋਗਿੰਦਰ ਪਾਲ, ਅੰਗਦ ਸੈਣੀ ਅਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।
ਸੂਬਾ ਪ੍ਰਧਾਨ ਸੁਰਿੰਦਰ ਛਿੰਦਾ ਅਤੇ ਚੇਅਰਮੈਨ ਸ਼ਾਮ ਲਾਲ ਨੇ ਕਿਹਾ ਕਿ 10 ਸਾਲ ਰਾਜ ਕਰਨ ਵਾਲੀ ਸਾਬਕਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ, ਜਿਸ ਕਾਰਨ ਪੰਜਾਬ ਭਰ ਦੇ ਡਿਪੂ ਹੋਲਡਰ ਕਈ ਮੁਸ਼ਕਿਲਾਂ 'ਚ ਘਿਰੇ ਰਹੇ। ਗਰੀਬਾਂ ਨੂੰ ਸਹੂਲਤਾਂ ਦੇਣ ਦੇ ਨਾਂ 'ਤੇ ਸ਼ੁਰੂ ਕੀਤੀਆਂ ਭਲਾਈ ਸਕੀਮਾਂ 'ਚ ਉਨ੍ਹਾਂ ਨੂੰ ਕੋਈ ਲਾਭ ਨਹੀਂ ਦਿੱਤਾ ਗਿਆ ਅਤੇ ਉਹ ਲੰਮਾ ਸਮਾਂ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰਦੇ ਰਹੇ ਪਰ ਅਕਾਲੀ-ਭਾਜਪਾ ਸਰਕਾਰ ਨੇ ਅਖੀਰ ਤੱਕ ਉਨ੍ਹਾਂ ਨੂੰ ਲਾਰਿਆਂ ਵਿਚ ਹੀ ਰੱਖਿਆ।
ਆਗੂਆਂ ਨੇ ਕਿਹਾ ਕਿ ਹੁਣ ਉਨ੍ਹਾਂ ਆਪਣੀਆਂ ਸਾਰੀਆਂ ਮੰਗਾਂ ਸਬੰਧੀ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜਾਣੂ ਕਰਵਾਇਆ ਹੈ, ਜਿਨ੍ਹਾਂ ਉਪ ਚੋਣ ਤੋਂ ਬਾਅਦ ਇਸ ਸਬੰਧੀ ਯੋਗ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਸਾਰੇ ਆਗੂ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਸੁਨੀਲ ਜਾਖੜ ਦੇ ਹੱਕ 'ਚ ਡਟਣਗੇ ਅਤੇ ਇਨ੍ਹਾਂ ਦੋਵਾਂ ਜ਼ਿਲਿਆਂ ਦੇ ਡਿਪੂ ਹੋਲਡਰ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਸਮੇਤ ਸੁਨੀਲ ਜਾਖੜ ਨੂੰ ਜਿਤਾਉਣ ਲਈ ਹਰ ਸੰਭਵ ਉਪਰਾਲਾ ਕਰਨਗੇ।
ਸੀਵਰੇਜ ਦੇ ਕੰਮ ਦੀ ਮੱਠੀ ਚਾਲ ਕਾਰਨ ਦੁਕਾਨਦਾਰ ਪ੍ਰੇਸ਼ਾਨ
NEXT STORY