ਬੰਗਾ, (ਚਮਨ ਲਾਲ/ਰਾਕੇਸ਼ ਅਰੋੜਾ)- ਮਸੰਦਾ ਪੱਟੀ 'ਚ ਕਿਰਾਏ 'ਤੇ ਰਹਿ ਰਹੇ ਇਕ ਪ੍ਰਵਾਸੀ ਮਜ਼ਦੂਰ ਕੋਲੋਂ ਤਿੰਨ ਲੁਟੇਰਿਆਂ ਨੇ ਧੋਖੇ ਨਾਲ 36 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ।
ਪ੍ਰਵਾਸੀ ਮਜ਼ਦੂਰ ਅਮਿਤ ਕੁਮਾਰ ਪੁੱਤਰ ਮੌਜੀ ਰਾਮ ਵਾਸੀ ਪਿੰਡ ਮਹਿਰਾ ਜ਼ਿਲਾ ਮਹਿਨਪੁਰੀ (ਉੱਤਰ ਪ੍ਰਦੇਸ਼) ਹਾਲ ਵਾਸੀ ਮਸੰਦਾ ਪੱਟੀ ਬੰਗਾ ਨੇ ਦੱਸਿਆ ਕਿ ਉਹ ਮੁਕੰਦਪੁਰ ਰੋਡ 'ਤੇ ਗੋਲਗੱਪਿਆਂ ਤੇ ਚਾਟ ਦੀ ਰੇਹੜੀ ਲਾਉਂਦਾ ਹੈ। ਅੱਜ ਉਹ ਰੇਲਵੇ ਰੋਡ 'ਤੇ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਦੇ ਬਾਹਰ ਲੱਗੇ ਏ.ਟੀ.ਐੱਮ. ਵਿਚ ਆਪਣੇ ਭਰਾ ਦੇ ਖਾਤੇ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਗਿਆ ਸੀ, ਜਿਥੇ ਪਹਿਲਾਂ ਹੀ ਤਿੰਨ ਨੌਜਵਾਨ ਖੜ੍ਹੇ ਸਨ, ਜਿਨ੍ਹਾਂ ਕੋਲ ਦੋ-ਦੋ ਹਜ਼ਾਰ ਦੇ ਨੋਟ ਸਨ। ਉਕਤ ਨੌਜਵਾਨਾਂ ਨੇ ਮੇਰੇ ਹੱਥ ਵਿਚ ਜਮ੍ਹਾ ਕਰਾਉਣ ਲਈ ਫੜੇ ਪੈਸੇ ਦੇਖ ਕੇ ਕਿਹਾ ਕਿ ਤੁਸੀਂ ਸਾਡੇ ਕੋਲੋਂ ਦੋ ਹਜ਼ਾਰ ਰੁਪਏ ਦੇ ਨੋਟ ਲੈ ਲਓ ਤੇ ਪੰਜ ਸੌ ਵਾਲੇ ਸਾਨੂੰ ਦੇ ਦਿਓ।
ਮੈਂ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ। ਉਨ੍ਹਾਂ ਮੇਰੇ ਕੋਲੋਂ 36 ਹਜ਼ਾਰ ਰੁਪਏ ਲੈ ਕੇ ਕਾਲੇ ਰੰਗ ਦਾ ਰੁਮਾਲ, ਜਿਸ ਵਿਚ ਕੁਝ ਕਾਗਜ਼ ਦੇ ਟੁਕੜੇ ਸਨ, ਮੈਨੂੰ ਦੇ ਕੇ ਰਫੂਚੱਕਰ ਹੋ ਗਏ। ਇਸ ਸਬੰਧੀ ਮੈਂ ਬੰਗਾ ਥਾਣਾ ਸਿਟੀ ਪੁਲਸ ਨੂੰ ਦੱਸਿਆ, ਜਿਸ ਨੇ ਉਕਤ ਬੈਂਕ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਤਿੰਨੇ ਲੁਟੇਰਿਆਂ ਦੀਆਂ ਫੋਟੋਆਂ ਵੇਖੀਆਂ। ਇਸ ਬਾਰੇ ਪੁਲਸ ਨੇ ਕਿਹਾ ਕਿ ਇਸ ਫੁਟੇਜ ਤੋਂ ਲੁਟੇਰਿਆਂ ਦੀਆਂ ਤਸਵੀਰਾਂ ਤਿਆਰ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਬੇਹੋਸ਼ੀ ਦੀ ਹਾਲਤ 'ਚ ਮਿਲੇ ਵਿਅਕਤੀ ਦੀ ਮੌਤ
NEXT STORY