ਅੰਮ੍ਰਿਤਸਰ (ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਸ੍ਰੀ ਜਗਦੀਪ ਸਿੰਘ ਕਾਹਲੋਂ, ਮੈਂਬਰ ਸ੍ਰੀ ਗੁਰਮੀਤ ਸਿੰਘ ਭਾਟੀਆ, ਮਨਜੀਤ ਸਿੰਘ ਔਲਖ ਤੇ ਸ੍ਰੀ ਸਰਵਜੀਤ ਸਿੰਘ ਵਿਰਕ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕੀਤੀ ਹੈ ਕਿ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਜੋ ਹਮੇਸ਼ਾ ਸਿੱਖ ਹਿੱਤਾਂ ਦੇ ਖਿਲਾਫ਼ ਸਰਗਰਮ ਰਹਿੰਦੇ ਹਨ।
ਇਥੇ ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਇਹਨਾਂ ਮੈਂਬਰਾਂ ਨੇ ਕਿਹਾ ਕਿ ਸਿੰਘ ਸਾਹਿਬ ਨੇ ਆਪ ਹਦਾਇਤ ਕੀਤੀ ਸੀ ਕਿ ਦਿੱਲੀ ਵਿਚ ਆਪਸ ਵਿਚ ਕਿਸੇ ਕਿਸਮ ਦੀ ਦੂਸ਼ਣਬਾਜ਼ੀ ਨਾ ਕੀਤੀ ਜਾਵੇ ਪਰ ਮਨਜੀਤ ਸਿੰਘ ਜੀ. ਕੇ. ਨੇ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਥਾਂ ਦਿੱਲੀ ਕਮੇਟੀ ਦੀ ਬਦਨਾਮੀ ਕਰਨ ਵਾਸਤੇ ਅੱਤ ਚੁੱਕ ਲਈ ਹੈ।
ਉਹਨਾਂ ਕਿਹਾ ਕਿ ਜਦੋਂ ਕਮੇਟੀ ਨੇ ਬਾਲਾ ਸਾਹਿਬ ਹਸਪਤਾਲ ਵਿਚ ਮੁਫਤ ਡਾਇਲਸਿਸ ਸੈਂਟਰ ਸ਼ੁਰੂ ਕੀਤਾ ਤਾਂ ਇਹਨਾਂ ਨੇ ਉਸਦੇ ਖਿਲਾਫ਼ ਰੱਜ ਕੇ ਕੂੜ ਪ੍ਰਚਾਰ ਕੀਤਾ ਤੇ ਉਥੇ ਮਰੀਜ਼ਾਂ ਦੇ ਮਰਨ ਦਾ ਇੰਤਜ਼ਾਰ ਕਰਦੇ ਰਹੇ ਤਾਂ ਜੋ ਲਾਸ਼ਾਂ ਦੀ ਵੀਡੀਓ ਬਣਾਈ ਜਾ ਸਕੇ ਤੇ ਕਮੇਟੀ ਦੀ ਬਦਨਾਮੀ ਕੀਤੀ ਜਾ ਸਕੇ। ਇਸੇ ਤਰੀਕੇ ਕਮੇਟੀ ਵੱਲੋਂ ਹੁਣ ਜਦੋਂ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਖੋਲ੍ਹਿਆ ਗਿਆ ਹੈ ਤਾਂ ਇਹਨਾਂ ਅਮਿਤਾਭ ਬੱਚਨ ਦਾ ਬਹਾਨਾ ਬਣਾ ਕੇ ਕਮੇਟੀ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹਨਾਂ ਮੈਂਬਰਾਂ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਮਨਜੀਤ ਸਿੰਘ ਜੀ. ਕੇ. ਆਪ 6 ਸਾਲ ਪ੍ਰਧਾਨ ਰਹੇ ਤੇ ਇਸ ਅਰਸੇ ਦੌਰਾਨ ਇਹਨਾਂ ਨੇ ਕਦੇ ਵੀ 1984 ਸਿੱਖ ਕਤਲੇਆਮ ਦੇ ਮਾਮਲੇ ਵਿਚ ਅਮਿਤਾਭ ਬੱਚਨ ਦੇ ਖਿਲਾਫ਼ ਕਾਰਵਾਈ ਤਾਂ ਕੀ ਕਰਨੀ ਸੀ ਬਲਕਿ ਉਹਨਾਂ ਦਾ ਨਾਂ ਵੀ ਨਹੀਂ ਲਿਆ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮਨਜੀਤ ਸਿੰਘ ਜੀ. ਕੇ. ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚਲਦਿਆਂ ਹਮੇਸ਼ਾ ਕਾਂਗਰਸ ਨਾਲ ਯਾਰੀ ਪੁਗਾਉਂਦੇ ਰਹੇ ਹਨ। ਜਿਥੇ ਉਹਨਾਂ ਦੇ ਪਿਤਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ ਤੇ ਭਾਂਡੇ ਮਾਂਜਣ ਦੀ ਸੇਵਾ ਲਗਾਈ ਗਈ, ਉਥੇ ਹੀ ਮਨਜੀਤ ਸਿੰਘ ਜੀ. ਕੇ. ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਕਦੇ ਵੀ 1984 ਦੇ ਸਿੱਖ ਕਤਲੇਆਮ ਬਾਰੇ ਗੱਲ ਨਹੀਂ ਕੀਤੀ। 37 ਸਾਲਾਂ ਦੌਰਾਨ ਇਹਨਾਂ ਕਦੇ ਵੀ ਅਮਿਤਾਭ ਬੱਚਨ ਦੀ ਕੋਈ ਗੱਲ ਨਹੀਂ ਕੀਤੀ। ਇਹ ਜਦੋਂ ਅਕਾਲੀ ਦਲ ਵਿਚ ਸ਼ਾਮਲ ਹੋਏ ਤਾਂ ਇਹਨਾਂ ਪਾਰਟੀ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਵੇਖਦਿਆਂ ਇਸ ਬਾਰੇ ਬਿਆਨਬਾਜ਼ੀ ਸ਼ੁਰੂ ਕੀਤੀ ਜੋ ਇਕ ਸੱਚਾਈ ਹੈ।
ਇਹਨਾਂ ਮੈਂਬਰਾਂ ਨੇ ਜਥੇਦਾਰ ਸਾਹਿਬ ਨੁੰ ਅਪੀਲ ਕੀਤੀ ਕਿ ਜੀ. ਕੇ. ਨੁੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰ ਕੇ ਇਸ ਤੋਂ ਇਹਨਾਂ ਤੱਥਾਂ ਦਾ ਸੱਚ ਪੁੱਛਿਆ ਜਾਵੇ। ਉਹਨਾਂ ਕਿਹਾ ਕਿ ਜੀ. ਕੇ. ਆਪਣਾ 37 ਸਾਲਾਂ ਵਿਚ ਦਿੱਤਾ ਕੋਈ ਬਿਆਨ ਜਾਂ ਆਪਣੇ 6 ਸਾਲਾਂ ਦੇ ਕਾਰਜਕਾਲ ਵੇਲੇ ਅਮਿਤਾਭ ਬੱਚਨ ਦੇ ਮਾਮਲੇ ਵਿਚ ਕੀਤੀ ਇਕ ਵੀ ਕਾਰਵਾਈ ਦਾ ਰਿਕਾਰਡ ਪੇਸ਼ ਕਰਨ।
ਇਹਨਾਂ ਮੈਂਬਰਾਂ ਨੇ ਕਿਹਾ ਕਿ ਦਿੱਲੀ ਦੀ ਸਮੁੱਚੀ ਸੰਗਤ ਜਾਣਦੀ ਹੈ ਕਿ ਜੀ. ਕੇ. ਗੋਲਕ ਚੋਰ ਹੈ। ਇਸ ਵਾਰ ਇਸਨੂੰ ਇਹ ਗੱਲ ਖਟਕ ਰਹੀ ਹੈ ਕਿ ਅਮਿਤਾਭ ਬੱਚਨ ਦੇ 2 ਕਰੋੜ ਰੁਪਏ ਸਿੱਧਾ ਇਸ ਕੋਲ ਕਿਉਂ ਨਹੀਂ ਆਏ ਤੇ ਕਮੇਟੀ ਵਿਚ ਗੁਰੂ ਘਰ ਦੀ ਗੋਲਕ ਵਿਚ ਕਿਉਂ ਚਲੇ ਗਏ। ਉਹਨਾਂ ਕਿਹਾ ਕਿ ਹੁਣ ਇਸਨੇ ਪੈਸੇ ਮੋੜਨ ਦੇ ਨਾਂ 'ਤੇ ਨਵਾਂ ਫੰਡ ਕਾਇਮ ਕਰਨ ਦੇ ਤਰੀਕੇ ਸਿਰਫ ਸੰਗਤ ਦਾ ਪੈਸਾ ਲੁੱਟਣ ਵਾਸਤੇ ਇਜਾਦ ਕੀਤਾ ਹੈ।
ਇਹਨਾਂ ਨੇ ਸਿੰਘ ਸਾਹਿਬ ਨੂੰ ਅਪੀਲ ਕੀਤੀ ਕਿ ਸੰਗਤ ਵੱਲੋਂ ਗੁਰੂ ਘਰਾਂ ਨੂੰ ਭੇਂਟ ਕੀਤੀ ਜਾ ਰਹੀ ਰਾਸ਼ੀ ਦੇ ਮਾਮਲੇ 'ਤੇ ਸੰਗਤਾਂ ਦੀ ਬਦਨਾਮੀ ਕਰਨ ਲਈ, ਕਮੇਟੀ ਬਾਰੇ ਕੂੜ ਪ੍ਰਚਾਰ ਕਰਨ ਲਈ ਤੇ ਝੂਠ ਬੋਲ ਕੇ ਘਟੀਆ ਤੇ ਮਾੜੀ ਰਾਜਨੀਤੀ ਕਰਨ ਲਈ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਲਗਾਈ ਜਾਵੇ ਜੋ ਸਿੱਖਾਂ ਦੀ ਬਦਨਾਮੀ ਕਰਨ ਵਾਲੇ ਇਸ ਵਰਗੇ ਹੋਰ ਆਗੂਆਂ ਲਈ ਮਿਸਾਲ ਬਣ ਜਾਵੇ।
ਢਾਈ ਕਰੋੜ ਦੀ ਹੈਰੋਇਨ ਸਮੇਤ ਵਿਦੇਸ਼ੀ ਔਰਤ ਗ੍ਰਿਫ਼ਤਾਰ, ਕਾਰ ਚਾਲਕ ਤੋਂ ਵੀ ਬਰਾਮਦ ਹੋਈ ਹੈਰੋਇਨ
NEXT STORY