ਸ਼ਾਹਕੋਟ (ਤ੍ਰੇਹਨ)- ਅੱਜ ਸਥਾਨਕ ਪੁਲਸ ਨੇ ਕਾਰ 'ਚ ਸਵਾਰ ਕੀਨੀਆ ਦੀ ਔਰਤ ਕੋਲੋਂ ਅੱਧਾ ਕਿਲੋ ਹੈਰੋਇਨ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਕਾਰ ਚਾਲਕ ਕੋਲੋਂ ਵੀ 5 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਪੁਲਸ ਥਾਣਾ ਸ਼ਾਹਕੋਟ ਦੇ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐੱਸ. ਆਈ. ਬਲਕਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਸਥਾਨਕ ਐੱਸ. ਡੀ. ਐੱਮ. ਦਫਤਰ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਇੱਕ ਸਵਿਫਟ ਕਾਰ ਨੂੰ ਰੋਕਿਆ, ਜਿਸ ਨੂੰ ਸ਼ੰਮੀ ਕਪੂਰ ਪੁੱਤਰ ਹੰਸ ਰਾਜ ਕਪੂਰ ਵਾਸੀ ਨਜਫਗੜ ਸਾਊਥ ਦਿੱਲੀ ਚਲਾ ਰਿਹਾ ਸੀ। ਉਸ ਦੀ ਪਿਛਲੀ ਸੀਟ 'ਤੇ ਬੈਠੀ ਇੱਕ ਔਰਤ ਇਲਜਾਬੈਥ ਮੋਟੋ ਉਰਫ ਲਿੱਜ ਪੁੱਤਰੀ ਮੈਰੀ ਵਾਸੀ ਨੈਰੋਬੀ (ਕੀਨੀਆ), ਹਾਲ ਵਾਸੀ ਉਤਮ ਨਗਰ ਨਵੀਂ ਦਿੱਲੀ ਬੈਠੀ ਹੋਈ ਸੀ। ਉਨ੍ਹਾਂ ਦੱਸਿਆ ਕਿ ਲਿੱਜ ਦੇ ਹੱਥ ਵਿਚ ਫੜ੍ਹੇ ਹੋਏ ਹੈਂਡ ਬੈਗ ਦੀ ਤਲਾਸ਼ੀ ਲੈਣ 'ਤੇ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਰ ਚਾਲਕ ਸ਼ੰਮੀ ਕਪੂਰ ਦੀ ਜੇਬ 'ਚੋਂ ਵੀ 5 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਨਾਂ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐਸ. ਐਕਟ ਅਧੀਨ ਸ਼ਾਹਕੋਟ ਪੁਲਸ ਥਾਣੇ 'ਚ ਕੇਸ ਦਰਜ ਕਰਕੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕਰਨ ਤੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਹੋਰ ਵੀ ਮਹੱਤਵਪੂਰਨ ਸੁਰਾਗ ਲੱਗਣ ਦੀ ਉਮੀਦ ਹੈ।
ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਨੌਜਵਾਨ ਵਿਆਹੁਤਾ ਅਧਿਆਪਕਾ ਦੀ ਅਚਾਨਕ ਮੌਤ
NEXT STORY