ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੰਗਲਵਾਰ ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕ ਮੰਗ ਪੱਤਰ ਸੌਂਪਿਆ । ਇਸ ਮੰਗ ਪੱਤਰ ਰਾਹੀਂ 'ਆਪ' ਵਿਧਾਇਕਾਂ ਨੇ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਖਿਲਾਫ਼ ਲੱਗੇ ਸੰਗੀਨ ਦੋਸ਼ਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਆਪ ਵਿਧਾਇਕਾਂ ਦੇ ਵਫ਼ਦ ਦੀ ਅਗਵਾਈ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਕਰ ਰਹੇ ਸਨ । ਖਹਿਰਾ ਨੇ ਕਿਹਾ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਪੁਲਸ ਦੇ ਉਚ ਅਧਿਕਾਰੀਆਂ ਤੇ ਡਰੱਗ ਸਮੱਗਲਰਾਂ ਵਿਚਕਾਰ ਬਣੇ ਹੋਏ ਗਠਜੋੜ ਦੇ ਪੁਖਤਾ ਸਬੂਤ ਸਾਹਮਣੇ ਆਉਣ ਦੇ ਬਾਵਜੂਦ ਕੈ. ਅਮਰਿੰਦਰ ਸਿੰਘ ਦੀ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ ਤੇ ਉਕਤ ਦਾਗੀ ਅਧਿਕਾਰੀਆਂ ਦਾ ਬਚਾਅ ਕਰ ਰਹੀ ਹੈ ।
ਖਹਿਰਾ ਨੇ ਕਿਹਾ ਕਿ ਤੱਥ ਸਾਹਮਣੇ ਆਇਆ ਹੈ ਕਿ ਤਰਨਤਾਰਨ 'ਚ ਐੱਸ. ਐੱਚ. ਓ. ਵਜੋਂ ਨਿਯੁਕਤੀ ਵੇਲੇ ਇੰਦਰਜੀਤ ਸਿੰਘ ਉਸ ਵੇਲੇ ਦੇ ਐੱਸ. ਐੱਸ. ਪੀ. ਰਾਜਜੀਤ ਸਿੰਘ ਨੂੰ ਹਰ ਮਹੀਨੇ 10 ਤੋਂ 12 ਲੱਖ ਰੁਪਏ ਡਰੱਗ ਮਨੀ ਰਿਸ਼ਵਤ ਵਜੋਂ ਦਿੰਦਾ ਸੀ। ਇੰਦਰਜੀਤ ਸਿੰਘ ਨੇ ਇਹ ਵੀ ਕਬੂਲ ਕੀਤਾ ਕਿ ਉਕਤ ਐੱਸ.ਐੱਸ.ਪੀ. ਰਾਜਜੀਤ ਸਿੰਘ ਨੂੰ ਜ਼ਿਲੇ ਵਿਚਲੇ ਡਰੱਗ ਰੈਕੇਟ ਦੀ ਸਾਰੀ ਜਾਣਕਾਰੀ ਸੀ ਅਤੇ ਉਸ ਨੇ ਵਿਦੇਸ਼ਾਂ ਵਿਚ ਨਿਵੇਸ਼ ਕਰਨ ਦੇ ਨਾਲ-ਨਾਲ ਇਸ ਡਰੱਗ ਮਨੀ ਨਾਲ ਅਨੇਕਾਂ ਜਾਇਦਾਦਾਂ ਖਰੀਦੀਆਂ। ਸਾਰੇ ਇਲਜ਼ਾਮ ਹਾਲ ਹੀ ਵਿਚ ਡੀ. ਐੱਸ. ਪੀ. ਦਲਜੀਤ ਸਿੰਘ ਢਿੱਲੋਂ ਦੀ ਬਰਖਾਸਤਗੀ ਨਾਲ ਪੁਖਤਾ ਸਾਬਿਤ ਹੁੰਦੇ ਹਨ, ਜੋ ਕਿ ਲੜਕੀਆਂ ਨੂੰ ਨਸ਼ੇੜੀ ਬਣਾ ਕੇ ਫਿਰ ਕੋਰੀਅਰ ਵਜੋਂ ਇਸਤੇਮਾਲ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਜਿਸਮਾਨੀ ਸ਼ੋਸ਼ਣ ਵੀ ਕਰਦਾ ਸੀ । ਪਿਛਲੇ ਦੋ ਹਫਤਿਆਂ ਵਿਚ ਐੱਸ. ਐੱਚ. ਓ. ਪੱਧਰ ਦੇ ਹੋਰ ਅਫਸਰਾਂ ਦੀ ਵੀ ਡਰੱਗ ਦੇ ਕਾਲੇ ਵਪਾਰ ਵਿਚ ਸ਼ਮੂਲੀਅਤ ਸਾਹਮਣੇ ਆਈ ਹੈ। ਉਨ੍ਹਾਂ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਲਈ ਰਾਜਪਾਲ ਨੂੰ ਕਿਹਾ।
ਰੀਨਾ ਜੇਤਲੀ ਨੂੰ ਮਿਲਿਆ 'ਮਿਹਨਤ ਅਤੇ ਈਮਾਨਦਾਰੀ' ਦਾ ਫਲ
NEXT STORY