ਹੁਸ਼ਿਆਰਪੁਰ, (ਘੁੰਮਣ)- ਵਣਪਾਲ ਦੇ ਅੜੀਅਲ ਵਤੀਰੇ ਵਿਰੁੱਧ ਵਣ ਵਿਭਾਗ ਦੇ ਖੋਜ ਸਰਕਲ ਬੱਸੀ ਜਾਨਾ ਵਿਖੇ ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਅੱਜ ਚੌਥੇ ਦਿਨ ਵੀ ਰੋਹ ਭਰਪੂਰ ਧਰਨਾ ਦਿੱਤਾ ਗਿਆ। ਵਣਪਾਲ ਵੱਲੋਂ ਪਿਛਲੇ ਇਕ ਹਫਤੇ ਤੋਂ ਦਫ਼ਤਰ ਵਿਖੇ ਨਾ ਆਉਣਾ ਅਤੇ ਮੁਲਾਜ਼ਮ ਜਥੇਬੰਦੀ ਨਾਲ ਗੱਲਬਾਤ ਕਰ ਕੇ ਸਮੱਸਿਆ ਦਾ ਹੱਲ ਨਾ ਕਰਨ ਕਰ ਕੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਦਰਜਾ ਚਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਸ਼ੋਕ ਕੁਮਾਰ, ਪੈਨਸ਼ਨਰਜ਼ ਯੂਨੀਅਨ ਦੇ ਆਗੂ ਬਲਵੀਰ ਸਿੰਘ ਸੈਣੀ, ਡਰਾਈਵਰ ਤੇ ਟੈਕਨੀਕਲ ਯੂਨੀਅਨ ਦੇ ਜ਼ਿਲਾ ਪ੍ਰਧਾਨ ਜੀਤ ਸਿੰਘ ਅਤੇ ਪ. ਸ. ਸ. ਫ. ਦੇ ਸੂਬਾ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਜੰਗਲਾਤ ਵਿਭਾਗ ਦਾ ਵਣਪਾਲ ਅਧਿਕਾਰੀ ਬਦਲੇ ਦੀ ਭਾਵਨਾ ਨਾਲ ਦਰਜਾ ਚਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਦੇ ਰਿਹਾ। ਇਸ ਵੱਲੋਂ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਅਣਦੇਖੀ ਕਰਨ, ਅਧੀਨ ਮੁਲਾਜ਼ਮਾਂ ਨਾਲ ਵਤੀਰਾ ਠੀਕ ਨਾ ਰੱਖਣ, ਦਫ਼ਤਰ ਵਿਖੇ ਨਾ ਆਉਣ, ਤਨਖਾਹਾਂ ਦੇਣ ਵਿਚ ਦੇਰੀ ਕਰਨ ਕਾਰਨ ਰੋਸ ਵਜੋਂ ਸ਼ਹਿਰ 'ਚ ਮਾਰਚ ਕਰ ਕੇ ਇਸ ਦੇ ਦਫ਼ਤਰ ਅੱਗੇ ਇਸ ਦੀ ਅਰਥੀ ਫੂਕੀ ਗਈ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਨਾਂ ਕਿਸੇ ਦੇਰੀ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦਿੱਤੀਆਂ ਤਾਂ ਸੰਘਰਸ਼ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਡਰਾਈਵਰ ਤੇ ਟੈਕਨੀਕਲ ਯੂਨੀਅਨ ਵੱਲੋਂ ਜਸਵੰਤ ਸਿੰਘ ਅਤੇ ਚੇਅਰਮੈਨ ਜਗੀਰ ਸਿੰਘ, ਦਰਜਾ ਚਾਰ ਮੁਲਾਜ਼ਮਾਂ ਦੇ ਜ਼ਿਲਾ ਜਨਰਲ ਸਕੱਤਰ ਜੀਵਨ ਰਾਮ, ਕੈਸ਼ੀਅਰ ਨਿਰਮਲ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਾਮ ਪ੍ਰਸ਼ਾਦ, ਜੰਗਲਾਤ ਵਰਕਰਜ਼ ਯੂਨੀਅਨ ਆਗੂ ਗੁਰਦਿਆਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਸ਼ਾਰਟ ਸਰਕਟ ਕਾਰਨ ਲੱਗੀ ਅੱਗ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ
NEXT STORY