ਜ਼ੀਰਾ (ਅਕਾਲੀਆਂ ਵਾਲਾ) : ਬਦਲਦੇ ਮੌਸਮ ਦੇ ਨਾਲ ਜ਼ਿਲ੍ਹੇ 'ਚ ਡੇਂਗੂ ਦੇ ਮਰੀਜ਼ ਦੇਖਣ ਨੂੰ ਮਿਲ ਰਹੇ ਹਨ। ਡਾਕਟਰਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਮੌਸਮ 'ਚ ਜਿੰਨੀ ਹੋ ਸਕੇ ਸਾਵਧਾਨੀ ਵਰਤੀ ਜਾਵੇ। ਡੇਂਗੂ ਇੱਕ ਗੰਭੀਰ ਬੀਮਾਰੀ ਹੈ, ਜਿਸ ਤੋਂ ਬਚਾਅ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ। ਡਾ. ਪਾਰਸ ਕੁਮਾਰ ਆਰੀਆ ਹਸਪਤਾਲ, ਗਾਦੜੀ ਵਾਲਾ ਰੋਡ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਜੋੜਾਂ ਵਿੱਚ ਦਰਦ, ਸਿਰ ਦਰਦ, ਕਮਰ ਵਿੱਚ ਦਰਦ ਵਰਗੇ ਲੱਛਣ ਦਿਖਾਈ ਦੇਣ ਤਾਂ ਇਹ ਡੇਂਗੂ ਹੋ ਸਕਦਾ ਹੈ। ਇਹ ਰੋਗ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਡਾਕਟਰਾਂ ਨੇ ਦੱਸਿਆ ਕਿ ਕੰਬ ਕੇ ਚੜ੍ਹਨ ਵਾਲਾ ਬੁਖ਼ਾਰ, ਅੱਖਾਂ ਦੇ ਪਿਛਲੇ ਪਾਸੇ ਦਰਦ ਹੋਣਾ ਅਤੇ ਕਮਰ ਦਰਦ ਡੇਂਗੂ ਦੇ ਮੁੱਖ ਲੱਛਣ ਹਨ। ਇਸ ਤੋਂ ਇਲਾਵਾ ਸਰੀਰ 'ਤੇ ਦਾਣੇ ਨਿਕਲਣਾ, ਉਲਟੀ ਆਉਣਾ ਅਤੇ ਥਕਾਵਟ ਮਹਿਸੂਸ ਹੋਣਾ ਵੀ ਡੇਂਗੂ ਦੇ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਬਚਾਅ ਦੇ ਤਰੀਕੇ
ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਣ ਲਈ ਕੁੱਝ ਅਹਿਮ ਨੁਕਤੇ ਦੱਸੇ ਗਏ ਹਨ। ਕੂਲਰ ਆਦਿ ਵਿੱਚ ਜ਼ਿਆਦਾ ਦਿਨ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਹਫਤੇ ਵਿੱਚ ਇੱਕ ਵਾਰ ਕੂਲਰ ਨੂੰ ਸਾਫ ਜ਼ਰੂਰ ਕਰੋ। ਮੱਛਰ ਮਾਰਨ ਵਾਲੀ ਸਪਰੇਅ ਦਾ ਇਸਤੇਮਾਲ ਕਰੋ। ਸੌਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰੋ। ਜੇਕਰ ਘਰਾਂ ਦੇ ਬਾਹਰ ਟਾਇਰ, ਡਰੱਮ ਜਾਂ ਕੋਈ ਹੋਰ ਭਾਂਡਾ ਪਿਆ ਹੈ ਤਾਂ ਉਸ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ। ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ। ਡਾਕਟਰਾਂ ਨੇ ਕਿਹਾ ਕਿ ਵੱਧ ਤੋਂ ਵੱਧ ਪਾਣੀ ਅਤੇ ਤਰਲ ਚੀਜ਼ਾਂ ਦਾ ਸੇਵਨ ਕਰੋ, ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਬੁਖ਼ਾਰ ਹੋਣ 'ਤੇ ਕਿਸੇ ਵੀ ਤਰ੍ਹਾਂ ਦੀ ਦਰਦ ਦੀ ਗੋਲੀ ਜਿਵੇਂ ਐਸਪਰੀਨ, ਡਿਸਪਰੀਨ, ਡਾਈਕਲੋਫੇਨਾਕ ਦਾ ਪਰਹੇਜ਼ ਕਰੋ ਅਤੇ ਸਿਰਫ ਪੈਰਾਸੀਟਾਮੋਲ ਦੀ ਵਰਤੋਂ ਕਰੋ। ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰੋ ਅਤੇ ਆਪਣੇ ਆਪ ਦਵਾਈ ਨਾ ਲਓ।
ਕੁੜੀ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਫੇਟ, ਮੌਤ ਹੋ ਜਾਣ ’ਤੇ ਚਾਲਕ ਕਾਬੂ
NEXT STORY