ਚੰਡੀਗੜ੍ਹ (ਬਿਊਰੋ)-ਦੂਜੇ ਸੂਬਿਆਂ ਤੋਂ ਝੋਨਾ/ਬਾਸਮਤੀ ਦੀ ਆੜ ’ਚ ਪਰਮਲ ਝੋਨਾ ਪੰਜਾਬ ਲਿਆਉਣ ਦੇ ਮਾਮਲੇ ’ਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਸਖ਼ਤ ਰੁਖ਼ ਅਪਣਾਉਂਦਿਆਂ ਐੱਫ. ਆਈ. ਆਰਜ਼ ਦਰਜ ਕਰਵਾਉਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਝੋਨੇ ਦੇ ਚਾਲੂ ਸੀਜ਼ਨ ਦੌਰਾਨ ਪੰਜਾਬ ’ਚ ਦੂਜੇ ਸੂਬਿਆਂ ਤੋਂ ਝੋਨਾ 1509/ਬਾਸਮਤੀ ਦੀ ਆੜ ’ਚ ਪਰਮਲ ਝੋਨਾ ਲਿਆਉਣ ਦੇ ਮਾਮਲੇ ’ਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਕਾਰਵਾਈ ਕਰਦਿਆਂ ਦੋ ਐੱਫ. ਆਈ. ਆਰਜ਼ ਦਰਜ ਕਰਵਾਈਆਂ ਹਨ। ਉਕਤ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਇਥੇ ਦਿੱਤੀ। ਆਸ਼ੂ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਕਸਬੇ ’ਚ ਪੈਂਦੀ ਰੱਤਾ ਗੁੱਦਾ ਅਨਾਜ ਮੰਡੀ ’ਚ ਦੂਜੇ ਸੂਬਿਆਂ ਤੋਂ ਲਿਆਂਦਾ 1509/ਬਾਸਮਤੀ ਦੀ ਆੜ ’ਚ ਪਰਮਲ ਝੋਨਾ ਉਤਾਰਿਆ ਜਾ ਰਿਹਾ ਹੈ, ਜਿਸ ’ਤੇ ਕਾਰਵਾਈ ਕਰਦਿਆਂ ਪ੍ਰਤਾਪ ਕਮਿਸ਼ਨ ਏਜੰਟ ਦੇ ਮਾਲਕ ਪ੍ਰਤਾਪ ਸਿੰਘ ਅਤੇ ਟਰੱਕ ਡਰਾਈਵਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਐੱਫ. ਆਈ. ਆਰ. ਦਰਜ ਕਰਵਾਈ ਗਈ। ਆਸ਼ੂ ਨੇ ਕਿਹਾ ਕਿ ਝੋਨੇ ਦੇ ਚਾਲੂ ਖਰੀਦ ਸੀਜ਼ਨ ਦੌਰਾਨ ਦੇਸ਼ ਦੇ ਦੂਸਰੇ ਸੂਬਿਆਂ ਤੋਂ ਝੋਨਾ/ਚੌਲ ਲਿਆਉਣ ’ਤੇ ਵੀ ਪੂਰਨ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਬਣਾ ਸਕਦੇ ਹਨ ਨਵੀਂ ਪਾਰਟੀ, ਇਹ ਹੋ ਸਕਦੈ ਨਾਂ
ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਤੋਂ ਝੋਨਾ 1509/ਬਾਸਮਤੀ ਦੀ ਆੜ ’ਚ ਪਰਮਲ ਝੋਨਾ/ਰੀ-ਸਾਈਕਲਿੰਗ ਲਈ ਝੋਨਾ/ਚੌਲ ਪੰਜਾਬ ’ਚ ਲਿਆਉਣ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਖਰੀਫ਼ ਸੀਜ਼ਨ 2020-21 ਦੌਰਾਨ ਅਜਿਹੇ ਕੁਝ ਕੇਸ ਸਾਹਮਣੇ ਆਏ ਸਨ, ਜਿਨ੍ਹਾਂ ’ਚ ਆੜ੍ਹਤੀਆਂ ਜਾਂ ਰਾਈਸ ਸ਼ੈੱਲਰ ਮਾਲਕਾਂ ਵੱਲੋਂ ਹੋਰ ਸੂਬਿਆਂ ਤੋਂ ਸਸਤੇ ਭਾਅ ’ਤੇ ਖਰੀਦਿਆ ਝੋਨਾ ਪੰਜਾਬ ’ਚ ਘੱਟੋ-ਘੱਟ ਸਮਰਥਨ ਮੁੱਲ ’ਤੇ ਵੇਚਣ ਲਈ ਲਿਆਂਦਾ ਗਿਆ ਜਾਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਅਧੀਨ ਵੰਡੇ ਜਾਣ ਵਾਲੇ ਚੌਲ ਨੂੰ ਪੰਜਾਬ ’ਚ ਲਿਆ ਕੇ ਉਸ ਵਿਰੁੱਧ ਝੋਨੇ ਦੀ ਬੋਗਸ ਬਿਲਿੰਗ ਕੀਤੀ ਗਈ ਸੀ, ਇਸ ਲਈ ਸੂਬਾ ਸਰਕਾਰ ਵੱਲੋਂ ਇਸ ਖਰੀਫ਼ ਸੀਜ਼ਨ 2021-22 ਦੌਰਾਨ ਸੂਬੇ ’ਚ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ’ਤੇ ਖਰੀਦਿਆ ਝੋਨਾ/ਚੌਲ ਪੰਜਾਬ ਸੂਬੇ ’ਚ ਲਿਆ ਕੇ ਵੇਚਣ ਤੇ ਝੋਨੇ/ਚੌਲ ਦੀ ਬੋਗਸ ਬਿਲਿੰਗ ਨੂੰ ਰੋਕਣ ਲਈ ਮੁਹਿੰਮ ਵਿੱਢਦਿਆਂ ਸਖਤੀ ਨਾਲ ਕਾਰਵਾਈ ਕਰਨ ਲਈ ਕਮਰ-ਕੱਸ ਲਈ ਹੈ ਤਾਂ ਜੋ ਝੋਨੇ/ਚੌਲਾਂ ਦੀ ਰੀਸਾਈਕਲਿੰਗ ਨੂੰ ਰੋਕਿਆ ਜਾ ਸਕੇ।
ਆਸ਼ੂ ਨੇ ਕਿਹਾ ਕਿ ਇਸ ਸਬੰਧੀ ਅੰਤਰਰਾਜੀ ਸਰਹੱਦਾਂ ’ਤੇ ਵਿਸ਼ੇਸ਼ ਨਾਕੇ ਸਥਾਪਿਤ ਕਰਨ ਲਈ ਪੁਲਸ ਮੁਖੀ ਨੂੰ ਹੁਕਮ ਦੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰੀ-ਸਾਈਕਲਿੰਗ ਲਈ ਝੋਨਾ/ਚੌਲ ਲਿਆਉਣ ਦੇ ਮਾਮਲਿਆਂ ’ਚ ਦੋਸ਼ੀਆਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਫੌਜਦਾਰੀ ਮੁਕੱਦਮੇ ਦਾਇਰ ਕਰਵਾਉਂਦਿਆਂ ਉਨ੍ਹਾਂ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਦੇ ਨਾਲ ਉਨ੍ਹਾਂ ਕੋਲੋਂ ਬਰਾਮਦ ਚੌਲ/ਝੋਨਾ ਜ਼ਬਤ ਕਰ ਲਿਆ ਜਾਵੇਗਾ। ਖੁਰਾਕ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰ. ਐੱਨ. ਢੋਕੇ, ਵਧੀਕ ਡਾਇਰੈਕਟਰ ਜਨਰਲ ਆਫ ਪੁਲਸ, ਪੰਜਾਬ ਦੀ ਇਸ ਮੁਹਿੰਮ ਦੀ ਅਗਵਾਈ ਕਰਨ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨਾਲ ਤਾਲ-ਮੇਲ ਕਰਨ ਲਈ ਡਿਊਟੀ ਲਗਾਈ ਗਈ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਅਚਨਚੇਤ ਛਾਪੇਮਾਰੀ ਦੌਰਾਨ ਹਾਲ ਹੀ ’ਚ ਸਾਹਮਣੇ ਆਏ ਅਜਿਹੇ ਮਾਮਲਿਆਂ ’ਚ ਸਰਕਾਰ ਵੱਲੋਂ ਕਪੂਰਥਲਾ ਦੇ ਦੇਵਕੀ ਅਗਰਵਾਲ, ਸਮੀਰ ਅਗਰਵਾਲ ਅਤੇ ਕ੍ਰਿਸ਼ਨ ਕੁਮਾਰ ਵਿਰੁੱਧ ਆਈ. ਪੀ. ਸੀ. ਦੀ ਧਾਰਾ 420, 120 ਬੀ ਅਤੇ ਈ. ਸੀ. ਐਕਟ ਦੀ ਧਾਰਾ 7 ਅਧੀਨ ਥਾਣਾ ਸਿਟੀ ਕਪੁਰਥਲਾ ਵਿਖੇ ਐੱਫ. ਆਈ. ਆਰ. ਨੰ. 303 ਮਿਤੀ 01.10.2021 ਦਰਜ ਕਰਵਾਈ ਗਈ। ਇਸ ਤੋਂ ਇਲਾਵਾ ਕੱਲ ਦੇਰ ਰਾਤ ਦੌਰਾਨ ਪ੍ਰਤਾਪ ਕਮਿਸ਼ਨ ਏਜੰਟ ਮੰਡੀ ਰੱਤਾ ਗੁੱਦਾ ਵਿਖੇ ਬਿਹਾਰ ਸੂਬੇ ਤੋਂ ਸਸਤੇ ਭਾਅ ’ਤੇ ਲਿਆਂਦੇ ਝੋਨਾ ਦੇ 8 ਤੋਂ 10 ਟਰੱਕ ਮੌਕੇ ’ਤੇ ਫੜਦਿਆਂ ਉਸ ਵਿਰੁੱਧ ਆਈ. ਪੀ. ਸੀ. ਦੀ ਧਾਰਾ 420, 120 ਬੀ ਥਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ ਵਿਖੇ ਐੱਫ. ਆਈ. ਆਰ. ਨੰ. 81 ਮਿਤੀ 02.10.2021 ਦਰਜ ਕਰਵਾਈ ਗਈ।
ਇਹ ਵੀ ਪੜ੍ਹੋ : ਬੇਅਦਬੀ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਐਕਸ਼ਨ ’ਚ, ਰਾਜਵਿੰਦਰ ਬੈਂਸ ਨੂੰ ਨਿਯੁਕਤ ਕੀਤਾ SPP
ਖੁਰਾਕ ਮੰਤਰੀ ਨੇ ਦੱਸਿਆ ਕਿ ਝੋਨਾ 1509/ਬਾਸਮਤੀ ਦੀ ਆੜ ’ਚ ਪਰਮਲ ਝੋਨਾ ਵੀ ਸੂਬੇ ’ਚ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਲਈ ਸੂਬੇ ’ਚ ਪੈਂਦੇ ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਦੇ ਅਤੇ ਖੁਰਾਕ ਸਪਲਾਈ, ਮਾਰਕੀਟ ਕਮੇਟੀ, ਆਬਕਾਰੀ, ਪੁਲਸ ਵਿਭਾਗ ਦੇ ਨੁਮਾਇੰਦੇ ਨੂੰ ਸ਼ਾਮਲ ਕਰਦਿਆਂ ਜ਼ਿਲ੍ਹਾ ਪੱਧਰ ’ਤੇ ਉੱਡਣ ਦਸਤਿਆਂ ਦਾ ਗਠਨ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਟੀਮਾਂ ਖਾਸ ਤੌਰ ’ਤੇ ਸ਼ਾਮ/ਰਾਤ ਨੂੰ ਵੀ ਮੰਡੀਆਂ ਦਾ ਦੌਰਾ ਕਰਦੇ ਹੋਏ ਗੈਰ-ਕਾਨੂੰਨੀ ਝੋਨੇ/ਚੌਲ ਦੇ ਪਾਏ ਜਾਣ ਵਾਲੇ ਟਰੱਕ/ਗੁਦਾਮ ਜ਼ਬਤ ਕਰਦੇ ਹੋਏ ਰੋਜ਼ਾਨਾ ਮਾਮਲੇ ਦੀ ਰਿਪੋਰਟ ਸੂਬਾ ਸਰਕਾਰ ਨੂੰ ਭੇਜਣਗੇ। ਉਨ੍ਹਾਂ ਇਹ ਵੀ ਦੱਸਿਆਂ ਕਿ ਖਰੀਫ਼ ਸੀਜ਼ਨ 2021-22 ਦੌਰਾਨ ਕੀਤੀ ਜਾਣ ਵਾਲੀ ਝੋਨੇ ਦੀ ਖਰੀਦ ਸਬੰਧੀ ਮੁਕੰਮਲ ਇੰਤਜ਼ਾਮ ਕਰ ਲਏ ਗਏ ਹਨ ਅਤੇ ਵਿਭਾਗ ਪੂਰੀ ਚੌਕਸੀ ਨਾਲ ਝੋਨੇ ਦੀ ਬੋਗਸ ਬਿਲਿੰਗ/ਚੌਲਾਂ ਦੀ ਰੀ-ਸਾਈਕਲਿੰਗ ਵਰਗੇ ਗੈਰ-ਕਾਨੂੰਨੀ ਕੰਮਾਂ ਦੀ ਰੋਕਥਾਮ ਲਈ ਡਟਿਆ ਹੋਇਆ ਹੈ। ਸੂਬਾ ਸਰਕਾਰ ਇਨ੍ਹਾਂ ਮਾਮਲਿਆਂ ਸਬੰਧੀ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦਿਆ ਪਾਏ ਜਾਣ ਵਾਲੇ ਦੋਸ਼ੀਆਂ ਵਿਰੁਧ ਸਖਤੀ ਨਾਲ ਕਾਰਵਾਈ ਕਰੇਗੀ ਅਤੇ ਜੇਕਰ ਸਰਕਾਰ ਦੇ ਕਿਸੇ ਮੁਲਾਜ਼ਮ ਦੀ ਮਿਲੀਭੁਗਤ ਅਜਿਹੇ ਮਾਮਲਿਆਂ ’ਚ ਪਾਈ ਗਈ ਤਾਂ ਉਸ ਵਿਰੁੱਧ ਵੀ ਪੂਰੀ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਝੋਨੇ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ’ਚ ਭਾਰੀ ਰੋਸ, ਪੱਕੀਆਂ ਫ਼ਸਲਾਂ ਹੋ ਰਹੀਆਂ ਨੇ ਖ਼ਰਾਬ
NEXT STORY