ਅੰਮ੍ਰਿਤਸਰ, (ਦਲਜੀਤ)- ਸਿੱਖਿਆ ਵਿਭਾਗ ਦੇ ਹੁਕਮਾਂ ਦੀਅਾਂ ਸੂਬੇ ਦੇ ਵਧੇਰੇ ਜ਼ਿਲਾ ਸਿੱਖਿਆ ਅਧਿਕਾਰੀ ਧੱਜੀਆਂ ਉਡਾ ਰਹੇ ਹਨ। ਵਿਭਾਗ ਦੀਆਂ ਹਦਾਇਤਾਂ ਨੂੰ ਠੇਂਗਾ ਵਿਖਾਉਂਦਿਆਂ ਅਧਿਕਾਰੀ ਐਫੀਲੀਏਟਿਡ ਸਕੂਲਾਂ ਨੂੰ ਪੱਕੀ ਮਾਨਤਾ ਦੇਣ ਲਈ ਲੱਖਾਂ ਵਿਚ ਜੁਰਮਾਨੇ ਪਾਉਣ ਦੀਆਂ ਧਮਕੀਆਂ ਦੇ ਕੇ ਪ੍ਰੇਸ਼ਾਨ ਕਰ ਰਹੇ ਹਨ। ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾਂ) ਨੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਮਨਮਾਨੀਆਂ ਕਰਨ ਵਾਲੇ ਅਜਿਹੇ ਅਧਿਕਾਰੀਆਂ ਦੀ ਸੂਚੀ ਸੌਂਪਦਿਆਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਰਾਸਾਂ ਦੇ ਸੂਬਾ ਜਨਰਲ ਸਕੱਤਰ ਪੰਡਤ ਕੁਲਵੰਤ ਰਾਏ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਅਧਿਕਾਰ ਐਕਟ ਆਰ. ਟੀ. ਈ. ਦੇ ਤਹਿਤ ਪੱਕੀ ਮਾਨਤਾ ਦੇਣ ਲਈ ਸੂਬੇ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਐਲੀਮੈਂਟਰੀ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਨ੍ਹਾਂ ਸਕੂਲਾਂ ਨੇ ਪਹਿਲਾਂ ਹੀ ਅਪਲਾਈ ਕਰ ਕੇ ਆਰਜ਼ੀ ਮਾਨਤਾ ਲਈ ਹੋਈ ਹੈ, ਉਨ੍ਹਾਂ ਸਕੂਲਾਂ ਤੋਂ ਨਵੀਆਂ ਫਾਈਲਾਂ ਪ੍ਰਾਪਤ ਨਾ ਕੀਤੀਆਂ ਜਾਣ, ਬਲਕਿ ਪਹਿਲੀਆਂ ਫਾਈਲਾਂ ’ਤੇ ਹੀ ਕਾਰਵਾਈ ਕਰਦੇ ਹੋਏ ਮਾਨਤਾ ਦਿੱਤੀ ਜਾਵੇ। ਸਿਰਫ ਨਵੇਂ ਖੁੱਲ੍ਹਣ ਵਾਲੇ ਸਕੂਲਾਂ ਤੋਂ ਹੀ ਫਾਈਲਾਂ ਲੈ ਕੇ ਮਾਨਤਾ ਦਾ ਕੰਮ ਨੇਪਰੇ ਚਾੜ੍ਹਿਅਾ ਜਾਵੇ। ਵਿਭਾਗ ਵੱਲੋਂ ਸਪੱਸ਼ਟ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਆਰ. ਟੀ. ਈ. ਐਕਟ ਲਾਗੂ ਹੋਣ ਤੋਂ ਬਾਅਦ ਆਰ. ਟੀ. ਈ. ਐਕਟ ਅਧੀਨ ਮਾਨਤਾ ਲੈਣੀ ਲਾਜ਼ਮੀ ਹੈ, ਚਾਹੇ ਸਕੂਲ ਕਿਸੇ ਵੀ ਬੋਰਡ ਤੋਂ ਪਹਿਲਾਂ ਮਾਨਤਾ ਪ੍ਰਾਪਤ ਹੈ ਜਾਂ ਨਹੀਂ। ਵਿਭਾਗ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਐਫੀਲੀਏਟਿਡ ਸਕੂਲਾਂ ਨੂੰ ਮਾਨਤਾ ਦੇ ਸਬੰਧ ਵਿਚ ਨਾਜਾਇਜ਼ ਤੰਗ-ਪ੍ਰੇਸ਼ਾਨ ਕਰਨ ਸਬੰਧੀ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੇ ਖਿਲਾਫ ਵਿਭਾਗੀ ਕਾਰਵਾਈ ਆਰੰਭੀ ਜਾਵੇਗੀ। ਸ਼ਰਮਾ ਨੇ ਕਿਹਾ ਕਿ ਵਿਭਾਗ ਵੱਲੋਂ ਉਕਤ ਸਖ਼ਤ ਤਾਡ਼ਨਾ ਵਾਲਾ ਪੱਤਰ ਜਾਰੀ ਹੋਣ ਦੇ ਬਾਵਜੂਦ ਸੂਬੇ ਦੇ ਕੁਝ ਸਿੱਖਿਆ ਅਧਿਕਾਰੀ ਆਪਣੀਅਾਂ ਮਨਮਰਜ਼ੀਆਂ ਕਰਦੇ ਹੋਏ ਸਕੂਲਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲ ਸਰਕਾਰ ਤੋਂ ਕਿਸੇ ਤਰ੍ਹਾਂ ਦਾ ਵੀ ਕੋਈ ਫੰਡ ਨਹੀਂ ਲੈਂਦੇ ਹਨ ਪਰ ਫਿਰ ਵੀ ਅਧਿਕਾਰੀ ਸਕੂਲਾਂ ’ਤੇ ਇੰਝ ਦਬਾਅ ਪਾਉਂਦੇ ਹਨ ਜਿਵੇਂ ਇਹ ਸਕੂਲ ਉਨ੍ਹਾਂ ਦੀ ਮਲਕੀਅਤ ਹੋਣ।
ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਰਾਸਾਂ ਦੇ ਵਫਦ ਨੇ ਮਿਲ ਕੇ ਉਕਤ ਅਧਿਕਾਰੀਆਂ ਦੀ ਸੂਚੀ ਬਣਾ ਕੇ ਦਿੱਤੀ ਹੈ ਜੋ ਵਿਭਾਗ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਠੇਂਗਾ ਵਿਖਾ ਰਹੇ ਹਨ। ਸ਼ਰਮਾ ਨੇ ਕਿਹਾ ਕਿ ਉਕਤ ਅਧਿਕਾਰੀ ਇਹ ਗੱਲ ਆਪਣੇ ਪੱਲੇ ਬੰਨ੍ਹ ਲੈਣ ਕਿ ਰਾਸਾਂ ਦੇ
ਸਕੂਲ ਉਨ੍ਹਾਂ ਦੀਅਾਂ ਗਿੱਦਡ਼ ਧਮਕੀਆਂ ਤੋਂ ਨਹੀਂ ਡਰਨ ਵਾਲੇ ਅਤੇ ਉਨ੍ਹਾਂ ਦੀਅਾਂ ਧਮਕੀਆਂ ਦਾ ਜਵਾਬ ਆਉਣ ਵਾਲੇ ਸਮੇਂ ਵਿਚ ਅਧਿਕਾਰੀਆਂ ਦੇ ਪੁਤਲੇ ਫੂਕ ਕੇ ਦਿੱਤਾ ਜਾਵੇਗਾ।
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY