ਫਾਜ਼ਿਲਕਾ /ਜਲਾਲਾਬਾਦ(ਸੇਤੀਆ) - ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਸੰਭਾਵਿਤ ਹੜ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ ਖਾਣ-ਪੀਣ, ਰਹਿਣ-ਸਹਿਣ ਅਤੇ ਪਸ਼ੂਆਂ ਦੇ ਚਾਰੇ ਆਦਿ ਦੇ ਅਗਾਉਂ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਰੰਤ ਜ਼ਿਲ੍ਹੇ ਅੰਦਰ ਬਣਾਏ ਗਏ ਕੰਟਰੋਲ ਰੂਮ ਤੇ ਜਾਰੀ ਕੀਤੇ ਟੋਲ ਫ੍ਰੀ ਨੰਬਰ ਨਾਲ ਕਿਸੇ ਵੀ ਸਮੇਂ ਸੰਪਰਕ ਕਰਨ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਣੂੰ ਕਰਵਾਈਆ ਜਾਵੇ। ਉਨ੍ਹਾਂ ਕਿਹਾ ਕਿ ਮੌਨਸੂਨ ਸੀਜ਼ਨ ਨੂੰ ਮੁੱਖ ਰੱਖਦਿਆਂ ਲਗਭਗ 30 ਸਤੰਬਰ ਤੱਕ ਹੜ੍ਹਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਹੋਰ ਕਿਹਾ ਕਿ ਹੜ੍ਹਾਂ ਦੀ ਸਥਿਤੀ 'ਚ ਨਿਪਟਣ ਲਈ ਤਹਿਸੀਲਦਾਰ ਕੰਪਲੈਕਸ ਫਾਜ਼ਿਲਕਾ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜੋ ਕਿ 24 ਘੰਟੇ ਖੁੱਲ੍ਹਾ ਰਹੇਗਾ ਤੇ ਸੰਕਟ ਦੀ ਘੜੀ 'ਚ ਲੋੜਵੰਦ ਲੋਕ ਕਿਸੇ ਵੀ ਸਮੇਂ ਇਸ 'ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਵਿਖੇ ਹੜ੍ਹਾਂ ਸਬੰਧੀ ਸਥਿਤੀ ਨੂੰ ਵੇਖਦਿਆਂ ਟੋਲ ਫ੍ਰੀ ਨੰਬਰ 01638-262153 ਵੀ ਚਾਲੂ ਕੀਤਾ ਗਿਆ ਹੈ ਤੇ ਇਸ ਤੇ ਵੀ ਲੋੜ ਪੈਣ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਲਈ ਸੰਕਟ ਦੀ ਸਥਿਤੀ ਨਜਿੱਠਣ ਲਈ ਉਨ੍ਹਾਂ ਲਈ ਪਹਿਲਾਂ ਹੀ ਕਿਸੇ ਸੁਰੱਖਿਅਤ ਸਥਾਨ ਦੀ ਚੌਣ ਕਰਕੇ ਖਾਣ-ਪੀਣ, ਰਹਿਣ-ਸਹਿਣ ਆਦਿ ਦੇ ਅਗਾਉਂ ਪ੍ਰਬੰਧ ਕਰ ਲਏ ਜਾਣ ਤਾਂ ਜੋ ਲੋਕਾਂ ਨੂੰ ਸੰਕਟ ਦੀ ਸਥਿਤੀ 'ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਸ਼ੂਆਂ ਦੇ ਚਾਰੇ, ਤੂੜੀ ਅਤੇ ਹੋਰ ਲੋੜੀਂਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਜਾਣ।
ਡਿਪਟੀ ਕਮਿਸ਼ਨਰ ਨੇ ਪੁਲਸ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਉਣ ਕਿ ਹੜ੍ਹਾਂ ਦੀ ਸਥਿਤੀ 'ਚ ਕਿਸ਼ਤੀ ਚਲਾਉਣ ਲਈ ਮਲਾਹਾਂ ਆਦਿ ਦੀ ਸ਼ਨਾਖਤ ਕਰ ਲਈ ਜਾਵੇ ਤਾਂ ਜੋ ਮੌਕੇ 'ਤੇ ਉਨ੍ਹਾਂ ਦੀ ਮਦਦ ਲਈ ਜਾ ਸਕੇ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਜ਼ਿਆਦਾਤਰ ਹੜ੍ਹਾਂ ਵਾਲੇ ਪਿੰਡਾਂ ਸੰਤੋਖ ਸਿੰਘ ਵਾਲਾ, ਪ੍ਰਭਾਤ ਸਿੰਘ ਵਾਲਾ ਹਿਠਾੜ, ਬੱਘੇ ਕੇ ਹਿਠਾੜ, ਚੱਕ ਖੀਵਾ, ਢੰਡੀ ਕਦੀਮ, ਢੰਡੀ ਖੁਰਦ, ਪੀਰੇ ਕੇ ਉਤਾੜ/ਹਿਠਾੜ, ਬੋਦਲ ਪੀਰੇ ਕੇ, ਮਹਿਮੂਦ ਖਾਨੇ ਕੇ, ਰਾਮ ਸਿੰਘ ਵਾਲਾ, ਬਲੇਲ ਕੇ ਕਾਮਲ, ਬਾਮੇ ਵਾਲਾ, ਚੱਕ ਸਰਕਾਰ ਮੁਹਾਜੀ ਪ੍ਰਭਾਤ ਸਿੰਘ ਵਾਲਾ, ਮੋਹਰ ਸਿੰਘ ਵਾਲਾ ਹਿਠਾੜ, ਚੱਕ ਸਰਕਾਰ ਮੁਹਾਜੀ ਬੱਘੇ ਕੇ-1 ਅਤੇ 2, ਗੱਟੀ ਹਾਸਲ, ਚੱਕ ਬਜ਼ੀਦਾ, ਚੱਕ ਟਾਹਲੀ ਵਾਲਾ, ਲਮੋਚੜ ਖੁਰਦ, ਜੱਲਾ ਲਖੇ ਕੇ ਹਿਠਾੜ, ਭੰਬਾ ਵੱਟੂ ਹਿਠਾੜ, ਫੱਤੂ ਵਾਲਾ, ਗੁੱਦੜ ਭੈਣੀ, ਵੱਲੇ ਸ਼ਾਹ ਹਿਠਾੜ, ਮਹਾਤਮ ਨਗਰ, ਦੋਨਾ ਸਿਕੰਦਰੀ, ਚੱਕ ਰੁਹੇਲਾ, ਰੁਹੇਲਾ ਤੇਜੇ ਕਾ, ਰੇਤੇ ਵਾਲੀ ਭੈਣੀ, ਝੰਗੜ ਭੈਣੀ, ਰਾਮ ਸਿੰਘ ਭੈਣੀ, ਗੰਜੂਆਣਾ, ਮੁਹਾਰ ਜਮਸ਼ੇਰ, ਮੁਹਾਰ ਖੀਵਾ ਅਤੇ ਗੁਲਾਮ ਰਸੂਲ 'ਤੇ ਮਾਹਰ ਡਾਕਟਰੀ ਟੀਮਾਂ ਦਾ ਗਠਨ ਕਰਕੇ ਪਹਿਲਾਂ ਹੀ ਪ੍ਰਬੰਧ ਕਰ ਲਿਆ ਜਾਵੇ ਤੇ ਲੋੜੀਂਦੀ ਦਵਾਈਆਂ ਆਦਿ ਦਾ ਵੀ ਖਾਸ ਕਰਕੇ ਪ੍ਰਬੰਧ ਕਰ ਲਿਆ ਜਾਵੇ।
ਇਸ ਮੌਕੇ ਐਸ.ਪੀ.ਐਚ. ਸ. ਜਸਵਿੰਦਰ ਸਿੰਘ, ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਐਸ.ਡੀ.ਐਮ.ਫਾਜ਼ਿਲਕਾ ਸ੍ਰੀ ਬਲਬੀਰ ਰਾਜ ਸਿੰਘ,ਜ਼ਿਲ੍ਹਾ ਮਾਲ ਅਫਸਰ ਸ੍ਰੀਮਤੀ ਪਰਮਜੀਤ ਕੌਰ, ਤਹਿਸੀਲਦਾਰ ਸ੍ਰੀ ਦਰਸ਼ਨ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜ਼ੂਦ ਸਨ।
ਪੰਚਾਇਤੀ ਚੋਣਾਂ ਲਈ ਨਵੇਂ ਸਿਰੇ ਤੋਂ ਹੋਵੇਗੀ ਪੰਜਾਬ ਦੀ ਵਾਰਡਬੰਦੀ
NEXT STORY