ਜ਼ੀਰਕਪੁਰ (ਧੀਮਾਨ) : ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਖ਼ਪਤਕਾਰਾਂ ਖ਼ਿਲਾਫ਼ ਪਾਵਰਕਾਮ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਵੰਬਰ 2025 ਮਹੀਨੇ ਤੱਕ ਦੇ ਬਕਾਇਆ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ ਖ਼ਪਤਕਾਰਾਂ ਦੇ ਰੋਜ਼ਾਨਾ ਕੁਨੈਕਸ਼ਨ ਕੱਟੇ ਜਾ ਰਹੇ ਹਨ। ਵਿਭਾਗ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਬਕਾਇਆ ਰਕਮ ਜਮ੍ਹਾਂ ਕਰਵਾਏ ਬਿਨਾਂ ਕਿਸੇ ਕਿਸਮ ਦੀ ਰਾਹਤ ਨਹੀਂ ਦਿੱਤੀ ਜਾਵੇਗੀ। ਅਧਿਕਾਰਿਕ ਸੂਤਰਾਂ ਅਨੁਸਾਰ 31 ਜਨਵਰੀ 2026 ਤੱਕ ਖੇਤਰ ਦੇ ਖ਼ਪਤਕਾਰਾਂ ’ਤੇ ਕਰੀਬ ਸਾਢੇ 62 ਕਰੋੜ ਰੁਪਏ ਦੀ ਰਕਮ ਬਕਾਇਆ ਸੀ। ਇਸ ਵੱਡੇ ਬਕਾਏ ਨੂੰ ਦੇਖਦਿਆਂ ਫਰਵਰੀ ਮਹੀਨੇ ਦੀ ਸ਼ੁਰੂਆਤ ਤੋਂ ਹੀ ਵਸੂਲੀ ਮੁਹਿੰਮ ਤੇਜ਼ ਕਰ ਦਿੱਤੀ ਗਈ। 1 ਫਰਵਰੀ ਤੋਂ ਹੁਣ ਤੱਕ ਕਰੀਬ ਢਾਈ ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਵਿਭਾਗ ਦਾ ਟੀਚਾ ਹੈ ਕਿ 31 ਮਾਰਚ ਤੱਕ 20 ਕਰੋੜ ਰੁਪਏ ਦੀ ਵਸੂਲੀ ਕੀਤੀ ਜਾਵੇ। ਅਧਿਕਾਰੀਆਂ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਹ ਅੰਕੜਾ ਹੋਰ ਵੱਧੇਗਾ। ਪਾਵਰਕਾਮ ਅਧਿਕਾਰੀਆਂ ਦੇ ਮੁਤਾਬਕ ਡਿਫ਼ਾਲਟਰਾਂ ’ਚ ਵੱਡੇ ਬਿਲਡਰਾਂ ਤੋਂ ਲੈ ਕੇ ਛੋਟੇ ਘਰੇਲੂ ਖ਼ਪਤਕਾਰ ਤੱਕ ਸ਼ਾਮਲ ਹਨ। ਕਈ ਮਾਮਲਿਆਂ ’ਚ ਲੰਬੇ ਸਮੇਂ ਤੋਂ ਬਿੱਲ ਜਮ੍ਹਾਂ ਨਹੀਂ ਕਰਵਾਏ ਗਏ, ਜਿਸ ਨਾਲ ਵਿਭਾਗ ਦੀ ਵਿੱਤੀ ਹਾਲਤ ’ਤੇ ਅਸਰ ਪੈ ਰਿਹਾ ਸੀ। ਵਿਭਾਗੀ ਟੀਮਾਂ ਨੂੰ ਵੱਖ-ਵੱਖ ਇਲਾਕਿਆਂ ’ਚ ਭੇਜਿਆ ਜਾ ਰਿਹਾ ਹੈ, ਜੋ ਮੌਕੇ ’ਤੇ ਜਾ ਕੇ ਬਕਾਇਆ ਬਿੱਲਾਂ ਦੀ ਜਾਂਚ ਕਰ ਰਹੀਆਂ ਹਨ ਅਤੇ ਅਦਾਇਗੀ ਨਾ ਹੋਣ ਦੀ ਸਥਿਤੀ ’ਚ ਤੁਰੰਤ ਕੁਨੈਕਸ਼ਨ ਕੱਟ ਰਹੀਆਂ ਹਨ। ਅਧਿਕਾਰੀਆਂ ਨੇ ਖ਼ਪਤਾਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਆਪਣਾ ਬਕਾਇਆ ਜਮ੍ਹਾਂ ਕਰਵਾ ਦੇਣ ਤਾਂ ਜੋ ਕੁਨੈਕਸ਼ਨ ਕੱਟਣ ਦੀ ਕਾਰਵਾਈ ਤੋਂ ਬਚਿਆ ਜਾ ਸਕੇ। ਵਿਭਾਗ ਦਾ ਕਹਿਣਾ ਹੈ ਕਿ ਇਹ ਮੁਹਿੰਮ ਪੂਰੀ ਪਾਰਦਰਸ਼ਤਾ ਨਾਲ ਚਲਾਈ ਜਾ ਰਹੀ ਹੈ ਅਤੇ ਕਿਸੇ ਵੀ ਪੱਧਰ ‘ਤੇ ਭੇਦਭਾਵ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਰਿਸ਼ਤੇ ਤਾਰ-ਤਾਰ : ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ, ਫਿਰ ਮਾਂ ਤੇ ਛੋਟੇ ਭਰਾ...
ਅਸਥਾਈ ਮੀਟਰ ਲੈ ਕੇ ਵਿਭਾਗ ਦੇ ਲੱਖਾਂ ਰੁਪਏ ਬਕਾਇਆ ਛੱਡ ਗਾਇਬ ਹੋਏ ਬਿਲਡਰਾਂ ’ਤੇ ਪਾਵਰਕਾਮ ਦੀ ਨਜ਼ਰ
ਸ਼ਹਿਰ ’ਚ ਪਿਛਲੇ ਸਮੇਂ ਦੌਰਾਨ ਐੱਸ ਪਲੱਸ ਫਲੈਟਾਂ ਦੇ ਨਿਰਮਾਣ ਦੀ ਦੌੜ ’ਚ ਕਈ ਬਾਹਰੀ ਲੋਕਾਂ ਨੇ ਅਸਥਾਈ ਮੀਟਰ ਲੈ ਕੇ ਨਿਰਮਾਣ ਕੰਮ ਸ਼ੁਰੂ ਕੀਤਾ ਸੀ। ਹੁਣ ਜਾਣਕਾਰੀ ਮਿਲੀ ਹੈ ਕਿ ਅਜਿਹੇ ਕਈ ਛੋਟੇ ਬਿਲਡਰ ਪਾਵਰਕਾਮ ਦੇ ਲੱਖਾਂ ਰੁਪਏ ਬਕਾਇਆ ਛੱਡ ਕੇ ਗਾਇਬ ਹੋ ਗਏ ਹਨ ਜਾਂ ਕਿਸੇ ਹੋਰ ਫਰਮ ਦੇ ਨਾਂ ’ਤੇ ਨਵਾਂ ਕੁਨੈਕਸ਼ਨ ਲੈ ਕੇ ਕੰਮ ਕਰ ਰਹੇ ਹਨ। ਪਾਵਰਕਾਮ ਨੇ ਸਪੱਸ਼ਟ ਕੀਤਾ ਹੈ ਕਿ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸ਼ੱਕੀ ਖ਼ਪਤਕਾਰਾਂ ’ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਬਕਾਇਆ ਵਸੂਲੀ ਲਈ ਸਖ਼ਤ ਕਾਰਵਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ : ਜਾਮ 'ਚ ਫਸੀਆਂ ਜੱਜਾਂ ਦੀਆਂ ਗੱਡੀਆਂ, ਅਦਾਲਤੀ ਕਾਰਵਾਈ 'ਚ ਹੋਈ ਦੇਰੀ ਤਾਂ ਹਾਈਕੋਰਟ ਨੇ...
ਇਕ ਹਫ਼ਤੇ ’ਚ 100 ਤੋਂ ਵੱਧ ਕੁਨੈਕਸ਼ਨ ਕੱਟੇ : ਰਾਕਸ਼ ਭਾਟੀਆ
ਐੱਸ. ਡੀ. ਓ. ਰਾਕੇਸ਼ ਭਾਟੀਆ ਨੇ ਕਿਹਾ ਕਿ ਪਾਵਰਕਾਮ ਕਰਮਚਾਰੀਆਂ ਦੀ ਹਾਲੀਆ ਹੜਤਾਲ ਨੂੰ ਦੇਖਦਿਆਂ ਸ਼ਹਿਰ ਦੇ ਕਈ ਖ਼ਪਤਕਾਰਾਂ ਨੇ ਵਿਭਾਗੀ ਕਾਰਵਾਈ ਨੂੰ ਹਲਕੇ ’ਚ ਲੈ ਲਿਆ ਸੀ ਅਤੇ ਸਮੇਂ ’ਤੇ ਬਿਜਲੀ ਬਿੱਲ ਜਮ੍ਹਾਂ ਨਹੀਂ ਕਰਵਾਏ ਸਨ, ਪਰ ਹੁਣ ਵਿਭਾਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ’ਚ ਕਿਸੇ ਕਿਸਮ ਦੀ ਢਿੱਲ ਨਹੀਂ ਦਿੱਤੀ ਜਾਵੇਗੀ। ਬੀਤੇ ਇਕ ਹਫ਼ਤੇ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੌਰਾਨ 100 ਤੋਂ ਵੱਧ ਡਿਫਾਲਟਰ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ, ਜਿਨ੍ਹਾਂ ਖ਼ਪਤਕਾਰਾਂ ਨੇ ਬਕਾਇਆ ਰਕਮ ਜਮ੍ਹਾਂ ਕਰਵਾ ਦਿੱਤੀ ਹੈ, ਉਨ੍ਹਾਂ ਦੇ ਕੁਨੈਕਸ਼ਨ ਨਿਯਮਾਂ ਅਨੁਸਾਰ ਮੁੜ ਜੋੜੇ ਜਾ ਰਹੇ ਹਨ। ਖ਼ਪਤਕਾਰਾਂ ਨੂੰ ਅਪੀਲ ਹੈ ਕਿ ਉਹ ਬਿਨਾਂ ਦੇਰੀ ਆਪਣੇ ਬਿਜਲੀ ਬਿੱਲ ਜਮ੍ਹਾਂ ਕਰਵਾਉਣ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਕ ਵਾਰ ਕੁਨੈਕਸ਼ਨ ਕੱਟਣ ਤੋਂ ਬਾਅਦ ਪੂਰੀ ਬਕਾਇਆ ਰਕਮ ਜਮ੍ਹਾਂ ਕਰਨ ਉਪਰੰਤ ਹੀ ਸਪਲਾਈ ਬਹਾਲ ਕੀਤੀ ਜਾਵੇਗੀ।
31 ਮਾਰਚ ਤੱਕ 20 ਕਰੋੜ ਵਸੂਲਣ ਦਾ ਹੈ ਟੀਚਾ : ਹੇਮੰਤ ਕੁਮਾਰ
ਐੱਸ. ਡੀ. ਓ. ਹੇਮੰਤ ਕੁਮਾਰ ਨੇ ਕਿਹਾ ਕਿ ਪਾਵਰਕਾਮ ਵੱਲੋਂ ਬਕਾਇਆ ਰਕਮ ਦੀ ਵਸੂਲੀ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਸ਼ਹਿਰ ’ਚ ਵਿਆਪਕ ਸਮਰਥਨ ਮਿਲ ਰਿਹਾ ਹੈ। ਬੀਤੇ ਕਰੀਬ 20 ਦਿਨਾਂ ’ਚ ਪਾਵਰਕਾਮ ਦੇ ਖ਼ਾਤੇ ’ਚ ਕਰੀਬ ਢਾਈ ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ। ਜ਼ੀਰਕਪੁਰ ਸਰਕਲ ਦੇ ਖ਼ਪਤਕਾਰਾਂ ’ਤੇ ਕੁੱਲ ਮਿਲਾ ਕੇ 62 ਕਰੋੜ ਰੁਪਏ ਤੋਂ ਵੱਧ ਦੀ ਬਕਾਇਆ ਰਕਮ ਬਕਾਇਆ ਸੀ, ਜਿਸ ’ਚੋਂ ਹੁਣ ਤਕ 2.5 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਵਿਭਾਗ ਨੇ 31 ਮਾਰਚ ਤੱਕ 20 ਕਰੋੜ ਰੁਪਏ ਹੋਰ ਵਸੂਲਣ ਦਾ ਟੀਚਾ ਨਿਰਧਾਰਤ ਕੀਤਾ ਹੈ ਤੇ ਇਹ ਟੀਚਾ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਗਿਆ ਹੈ। ਫ਼ਿਲਹਾਲ ਸਿਰਫ ਉਨ੍ਹਾਂ ਹੀ ਖ਼ਪਤਕਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ’ਤੇ 30 ਨਵੰਬਰ 2025 ਤੱਕ ਦੀ ਬਕਾਇਆ ਰਕਮ ਬਕਾਇਆ ਹੈ। ਸਮੇਂ ’ਤੇ ਬਿੱਲ ਜਮ੍ਹਾਂ ਕਰਨ ਵਾਲਿਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਕਰਮ ਮਜੀਠੀਆ ਨੇ ਚੰਦੂਮਾਜਰਾ ਤੇ ਸੁਰਜੀਤ ਰੱਖੜਾ ਦੇ ਲਾਏ ਗੋਡੀਂ ਹੱਥ, ਛਿੜੀ ਨਵੀਂ ਚਰਚਾ
NEXT STORY