ਡੇਰਾ ਬਾਬਾ ਨਾਨਕ (ਵਤਨ) : ਦੁਬਈ ਦੇ ਨਾਂਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਵਲੋਂ ਮਿਸਾਲੀ ਪਹਿਲਕਦਮੀ ਕਰਦਿਆਂ ਗੁਰੂ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਪੜਾਵਾਂ ਤਹਿਤ 550-550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚ 'ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰੇ ਕਰਵਾਏ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਿਸ਼ੇਸ਼ ਸੱਦੇ 'ਤੇ ਉਹ ਖੁਦ ਪਹਿਲੇ ਜੱਥੇ ਨਾਲ ਸ੍ਰੀ ਕਰਤਾਰਪੁਰ ਦੇ ਦਰਸ਼ਨ ਕਰਕੇ ਆਏ ਸਨ। ਇਸ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ 'ਤੇ ਚੱਲ ਰਹੇ ਸੇਵਾ ਕਾਰਜਾਂ ਨੂੰ ਵੇਖਣ ਦੌਰਾਨ ਜਦ ਉਨ੍ਹਾਂ ਦਾ ਕਈ ਵਾਰ ਉੱਥੇ ਜਾਣ ਦਾ ਸਵੱਬ ਬਣਿਆ ਤਾਂ ਉਨ੍ਹਾਂ ਵੇਖਿਆ ਕਿ ਲਾਂਘਾ ਖੁੱਲ੍ਹਣ ਕਾਰਨ ਬਾਬੇ ਨਾਨਕ ਦੇ ਦਰ ਦੇ ਦਰਸ਼ਨ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਅੰਦਰ ਭਾਰੀ ਚਾਅ ਤੇ ਉਤਸ਼ਾਹ ਹੈ ਪਰ ਹੋ ਸਕਦਾ ਹੈ ਕਿ ਇਸ ਯਾਤਰਾ ਦੌਰਾਨ ਆਉਣ ਵਾਲਾ ਖਰਚ ਹਰੇਕ ਸ਼ਰਧਾਲੂ ਦੀ ਜੇਬ ਨਾ ਚੁੱਕ ਸਕੇ।
ਉਨ੍ਹਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਵੱਧ ਤੋਂ ਵੱਧ ਬਾਬੇ ਨਾਨਕ ਦੇ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ। ਜਿਸ ਕਰਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫੈਸਲੇ ਅਨੁਸਾਰ ਪਹਿਲੇ ਪੜਾਅ ਤਹਿਤ 1 ਦਸੰਬਰ 2019 ਤੋਂ ਲੈ ਕੇ 31 ਮਈ 2020 ਤੱਕ 550 ਜਦ ਕਿ ਦੂਜੇ ਪੜਾਅ 'ਚ 1 ਜੂਨ ਤੋਂ ਲੈ ਕੇ 30 ਨਵੰਬਰ ਤੱਕ ਵੀ 550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚੇ 'ਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਰਾਹੀਂ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਮਹੀਨੇ ਦੇ ਦੂਜੇ ਤੇ ਚੌਥੇ ਹਫਤੇ ਨਿਰਧਾਰਤ ਕੀਤੇ ਜਾਣ ਵਾਲੇ ਦਿਨ 50-50 ਸ਼ਰਧਾਲੂ ਜੱਥੇ ਦੇ ਰੂਪ 'ਚ ਦਰਸ਼ਨ ਕਰਨ ਲਈ ਸ੍ਰੀ ਕਰਤਾਰਪੁਰ ਸਾਹਿਬ ਭੇਜਿਆ ਜਾਵੇਗਾ।ਇਸ ਸੰਬੰਧੀ ਟਰੱਸਟ ਵਲੋਂ ਇਕ ਵਿਸ਼ੇਸ਼ ਫਾਰਮ ਤਿਆਰ ਕੀਤਾ ਗਿਆ ਹੈ, ਜੋ ਟਰੱਸਟ ਦੇ ਸਾਰੇ ਜ਼ਿਲਾ ਦਫਤਰਾਂ 'ਚ ਉਪਲਬਧ ਹੋਵੇਗਾ। ਇਸ ਫਾਰਮ 'ਚ ਬਕਾਇਦਾ ਯਾਤਰਾ ਕਰਨ ਵਾਲੇ ਦੀ ਲੋੜੀਂਦੀ ਸਮੁੱਚੀ ਜਾਣਕਾਰੀ ਦਰਜ ਕੀਤੀ ਜਾਵੇਗੀ। ਇਸ ਸਮੁੱਚੇ ਕਾਰਜ ਨੂੰ ਸੁਖਾਲਾ ਬਨਾਉਣ ਲਈ ਟਰੱਸਟ ਵਲੋਂ ਜਿੱਥੇ ਆਪਣੇ ਵਲੰਟੀਅਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਉੱਥੇ ਹੀ ਸਬੰਧਿਤ ਸ਼ਰਧਾਲੂ ਕੋਲੋਂ ਕੇਵਲ ਜ਼ਰੂਰੀ ਲੋੜੀਂਦੇ ਦਸਤਾਵੇਜ਼ ਹੀ ਲਏ ਜਾਣਗੇ ਤਾਂ ਜੋ ਟਰੱਸਟ ਦੀ ਇਸ ਸੇਵਾ ਦਾ ਲਾਭ ਲੈਣ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ।
ਟਰੱਸਟ ਰਾਹੀਂ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਨੂੰ ਅਪਣੇ ਬੈਂਕ ਖਾਤੇ ਦੀ ਤਾਜ਼ੇ ਸਟੇਟਮੈਂਟ ਤੋਂ ਇਲਾਵਾ ਆਪਣੀ ਆਮਦਨ ਦਾ ਸਵੈ-ਤਸਦੀਕ ਸਰਟੀਫਿਕੇਟ ਵੀ ਦੇਣਾ ਪਵੇਗਾ ਤਾਂ ਜੋ ਕੇਵਲ ਆਪਣੇ ਖਰਚੇ 'ਤੇ ਦਰਸ਼ਨ ਕਰਨ ਨਾ ਜਾ ਸਕਣ ਵਾਲੇ ਲੋੜਵੰਦ ਸ਼ਰਧਾਲੂ ਹੀ ਇਸ ਸੇਵਾ ਦਾ ਲਾਭ ਲੈ ਸਕਣ। ਡਾ. ਓਬਰਾਏ ਅਨੁਸਾਰ ਚੁਣੇ ਗਏ ਸ਼ਰਧਾਲੂ ਦਾ ਟਰੱਸਟ ਵਲੋਂ ਹੀ ਆਨਲਾਈਨ ਅਪਲਾਈ ਕੀਤੀ ਜਾਵੇਗਾ ਅਤੇ ਜਦ ਸਰਕਾਰ ਵਲੋਂ ਮਨਜ਼ੂਰੀ ਮਿਲ ਜਾਵੇਗੀ ਤਾਂ ਫਿਰ ਉਸ ਸ਼ਰਧਾਲੂ ਦਾ ਸਾਰਾ ਖਰਚ ਟਰੱਸਟ ਅਦਾ ਕਰੇਗੀ। ਉਨ੍ਹਾਂ ਦੱਸਿਆ ਕਿ ਜੋ ਸ਼ਰਧਾਲੂ ਆਪਣੇ ਘਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਲਾਂਘੇ ਤੱਕ ਦਾ ਕਿਰਾਇਆ ਵੀ ਆਪਣੇ ਕੋਲੋਂ ਨਹੀਂ ਖਰਚ ਸਕੇਗਾ ਉਸ ਦੇ ਇਸ ਖਰਚ ਸਮੇਤ ਸਮੁੱਚਾ ਖਰਚ ਹੀ ਟਰੱਸਟ ਵਲੋਂ ਕੀਤਾ ਜਾਵੇਗਾ ਜਦ ਕਿ ਪਾਕਿਸਤਾਨ ਜਾਣ ਵਾਲੇ ਹਰ ਜਥੇ ਨਾਲ ਉਨ੍ਹਾਂ ਦੀ ਸਹੂਲਤ ਲਈ ਟਰੱਸਟ ਦੇ ਦੋ ਸੇਵਾਦਾਰ ਵੀ ਨਾਲ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਟਰੱਸਟ ਦੀ ਇਸ ਸੇਵਾ ਦਾ ਲਾਭ ਲੈਣ ਦੇ ਚਾਹਵਾਨ ਸ਼ਰਧਾਲੂ ਟਰੱਸਟ ਦੇ ਜਲੰਧਰ ਵਿਚਲੇ ਦਫਤਰ ਦੇ ਹੈਲਪਲਾਈਨ ਨੰਬਰ 01815096900 ਤੇ ਸਵੇਰੇ 9 ਤੋਂ ਸ਼ਾਮ 5.30 ਵਜੇ ਤੱਕ ਸੰਪਰਕ ਕਰ ਸਕਦੇ ਹਨ ।
ਪੰਜਾਬ ਸਰਕਾਰ ਦੀ ਢਿੱਲੀ ਕਾਰਵਾਈ ਕਾਰਨ ਰੱਦ ਹੋਈ ਮਨਜੀਤ ਧਨੇਰ ਦੀ ਰਿਹਾਈ
NEXT STORY