ਡੇਰਾਬਸੀ (ਗੁਰਜੀਤ) : ਡੇਰਾਬੱਸੀ ਬਰਵਾਲਾ ਰੋਡ ਤੇ ਪੈਂਦੇ ਪਿੰਡ ਕੂੜਾਵਾਲਾ ਵਿਖੇ ਹਥਿਆਰਾਂ ਦੀ ਨੋਕ 'ਤੇ ਸ਼ਰਾਬ ਦਾ ਠੇਕਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਵਾਰਦਾਤ ਠੇਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਿਸ ਵਿਚ ਇਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਚਾਰ ਹਥਿਆਰਬੰਦ ਨਕਾਬਪੋਸ਼ ਠੇਕੇ ਦੇ ਕਰਿੰਦੇ ਨੂੰ ਪਿਸਤੌਲ ਦਿਖਾ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਡੇਰਾਬੱਸੀ ਪੁਲਸ ਨੇ ਮੌਕੇ ਦਾ ਦੌਰਾ ਕੀਤਾ ਅਤੇ ਕਰਿੰਦੇ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਕੂੜਾਵਾਲਾ ਸ਼ਰਾਬ ਦੇ ਠੇਕੇ 'ਤੇ ਕੰਮ ਕਰਨ ਵਾਲੇ ਸੇਲਸਮੈਨ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਲੰਘੀ ਸੋਮਵਾਰ ਦੇਰ ਰਾਤ ਕਰੀਬ 11:45 ਵਜੇ ਉਹ ਖਾਣਾ ਲੈ ਕੇ ਆ ਰਹੇ ਸਾਥੀ ਦਾ ਇੰਤਜ਼ਾਰ ਕਰ ਰਿਹਾ ਸੀ। ਠੇਕੇ ਦਾ ਸ਼ਟਰ ਖੁੱਲ੍ਹਾ ਸੀ ਉਹ ਪਿਸ਼ਾਬ ਕਰਕੇ ਜਦੋਂ ਠੇਕੇ ਅੰਦਰ ਵੜ ਰਿਹਾ ਸੀ ਤਾਂ ਪਿੱਛੋਂ ਚਾਰ ਨਾਕਬਪੋਸ ਜਿਨ੍ਹਾਂ 'ਚੋਂ ਤਿੰਨ ਜਣਿਆਂ ਕੋਲ ਹਥਿਆਰ ਸਨ ਅਤੇ ਇਕ ਖਾਲੀ ਹੱਥ ਸੀ ਉਸ ਕੋਲ ਆਏ ਅਤੇ ਤਿੰਨਾਂ ਨੇ ਵਾਰੀ ਵਾਰੀ ਉਸ ਉੱਤੇ ਪਿਸਤੌਲ ਤਾਣ ਲਏ। ਉਨ੍ਹਾਂ ਆਖਿਆ ਕਿ ਜੇਕਰ ਉਸਨੇ ਸ਼ੋਰ ਮਚਾਇਆ ਤਾਂ ਉਹ ਉਸਨੂੰ ਗੋਲੀ ਮਾਰ ਦੇਣਗੇ। ਸੁਖਦਰਸ਼ਨ ਨੇ ਦੱਸਿਆ ਕਿ ਚੌਥੇ ਨੌਜਵਾਨ ਨੇ ਕਾਉਂਟਰ ਦੇ ਨੇੜੇ ਪਈ ਗੱਤੇ ਦੀ ਪੇਟੀ ਜਿਸ ਵਿਚ ਪੈਸੇ ਪਏ ਸਨ ਚੁੱਕ ਲਏ ਅਤੇ ਸਾਰੇ ਜਣੇ ਧਮਕੀਆਂ ਦਿੰਦੇ ਹੋਏ ਠੇਕੇ ਤੋਂ ਫਰਾਰ ਹੋ ਗਏ। ਕਰਿੰਦੇ ਨੇ ਦੱਸਿਆ ਕਿ ਗੱਤੇ ਦੀ ਪੇਟੀ ਵਿਚ ਸ਼ਾਮ ਦੀ ਸੇਲ ਦੇ ਕਰੀਬ 12 ਹਜ਼ਾਰ ਰੁਪਏ ਸਨ ਜਦੋਂ ਕਿ ਬਾਕੀ ਪੂਰੇ ਦਿਨ ਦੀ ਸੇਲ ਉਹ ਜਮਾਂ ਕਰਵਾ ਚੁੱਕਿਆ ਸੀ।
ਕਰਿੰਦੇ ਨੇ ਦੱਸਿਆ ਕਿ ਸਵਿਫਟ ਡਿਜ਼ਾਇਰ ਵਿਚ ਆਏ ਹਥਿਆਰਬੰਦ ਨੌਜਵਾਨ ਬਰਵਾਲਾ ਸਾਈਡ ਤੋਂ ਆਏ ਸਨ ਅਤੇ ਠੇਕੇ ਤੋਂ ਪੈਸੇ ਲੁੱਟਣ ਤੋਂ ਬਾਅਦ ਡੇਰਾਬਸੀ ਵੱਲ ਨੂੰ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਉਨ੍ਹਾਂ ਡੇਰਾਬੱਸੀ ਥਾਣੇ ਵਿਚ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਕੈਮਰੇ ਖੰਗਾਲੇ। ਤਫਤੀਸ਼ੀ ਅਫਸਰ ਪਾਊਲ ਚੰਦ ਨੇ ਦੱਸਿਆ ਕਿ ਠੇਕੇ ਦੇ ਕਰਿੰਦੇ ਦੇ ਬਿਆਨਾਂ ਦੇ ਆਧਾਰ 'ਤੇ 303 ਬੀਐੱਨਐੱਸ ਅਤੇ 25-54-59 ਅਸਲਾ ਐਕਟਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਣਪਛਾਤਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੋਈ।
ਡੇਰਾਬੱਸੀ ਖੇਤਰ ਵਿਚ ਚਾਰ ਦਿਨਾਂ ਦੌਰਾਨ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਤਿੰਨ ਮਾਮਲੇ ਡੇਰਾਬੱਸੀ ਪੁਲਸ ਥਾਣੇ ਵਿਚ ਦਰਜ ਹੋ ਚੁੱਕੇ ਹਨ। ਪਹਿਲਾਂ ਮਾਮਲਾ 20 ਜੁਲਾਈ ਜਦੋਂ ਇਕ ਲੈਬ ਮਾਲਕ ਨੂੰ ਧਮਕੀ ਦੇਣ ਆਏ ਨਾਬਾਲਗਾਂ ਨੇ ਹਵਾਈ ਫਾਇਰਿੰਗ ਕੀਤੀ। ਦੂਜਾ ਮਾਮਲਾ 22 ਜੁਲਾਈ ਦੇਰ ਰਾਤ ਹਥਿਆਰਾਂ ਦੀ ਨੋਕ 'ਤੇ ਠੇਕਾ ਲੁੱਟਣ ਅਤੇ ਤੀਜਾ ਮਾਮਲਾ ਖੱਟੂ ਸ਼ਾਮ ਆਸ਼ਰਮ ਵਿਖੇ ਪ੍ਰਸਿੱਧ ਕਥਾਵਾਚਕ ਅਤੇ ਹਿੰਦੂ ਤਖਤ ਦੇ ਪ੍ਰਭਾਰੀ ਨੂੰ ਹਥਿਆਰਬੰਦ ਵਿਅਕਤੀ ਧਮਕੀ ਭਰੀ ਚਿੱਠੀ ਦੇਣ ਆਏ ਸਨ। ਆਏ ਦਿਨ ਹਥਿਆਰਾਂ ਦੀ ਨੋਕ ਤੇ ਵਾਰਦਾਤਾਂ ਹੋਣ ਦੇ ਕਾਰਨ ਡੇਰਾਬਸੀ ਖੇਤਰ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ । ਲੋਕਾਂ ਨੇ ਪੁਲਸ ਤੋਂ ਸਖਤੀ ਵਧਾਉਣ ਦੀ ਮੰਗ ਕੀਤੀ ਹੈ ।
ਸਟਾਕ ਮਾਰਕੀਟ ਵਿਚ ਪੈਸੇ ਲਗਾਉਣ ਦਾ ਝਾਂਸਾ ਦੇ ਕੇ 61 ਲੱਖ ਰੁਪਏ ਦੀ ਮਾਰੀ ਠੱਗੀ
NEXT STORY