ਬਾਬਾ ਬਕਾਲਾ ਸਾਹਿਬ(ਰਾਕੇਸ਼)- ਮਨੁੱਖਤਾ ਦੀ ਸੇਵਾ ਕਰਨ ਵਿਚ ਡੇਰਾ ਬਿਆਸ ਹਰ ਵਾਰੀ ਮੋਹਰੀ ਹੀ ਨਜ਼ਰ ਆਇਆ ਹੈ, ਕਿਉਂਕਿ ਡੇਰਾ ਬਿਆਸ ਹੀ ਇਕ ਅਜਿਹੀ ਸੰਸਥਾ ਹੈ ਜੋ ਬਿਨਾਂ ਕਿਸੇ ਪੱਖਪਾਤ, ਧਰਮ ਅਤੇ ਜਾਤ ਤੋਂ ਉਪਰ ਉਠ ਕੇ ਮਨੁੱਖਤਾ ਦੀ ਸੇਵਾ ਕਰਦਾ ਆ ਰਿਹਾ ਹੈ। ਹੁਣ ਇਕ ਵਾਰ ਫਿਰ ਤੋਂ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਬਣੀ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਫਿਰ ਤੋਂ ਅਜਿਹੇ ਪੀੜਤ ਲੋਕਾਂ ਲਈ ਆਪਣੇ ਹੱਥ ਵਧਾਏ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ
ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਦੇ ਨਿਰਦੇਸ਼ਾਂ ’ਤੇ ਜੰਮੂ-ਕਸ਼ਮੀਰ, ਰਾਜਸਥਾਨ ਆਦਿ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਸਾਰੇ ਸਤਿਸੰਗ ਘਰਾਂ ਦੇ ਦਰਵਾਜ਼ਿਆਂ ਨੂੰ ਜੰਗ ਪ੍ਰਭਾਵਿਤ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ ਅਤੇ ਐਮਰਜੈਂਸੀ ਹਲਾਤਾਂ ਵਿਚ ਅਜਿਹੇ ਲੋਕਾਂ ਨੂੰ ਸਤਿਸੰਗ ਘਰਾਂ ਵਿਚ ਪਨਾਹ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੀ ਰਿਹਾਇਸ਼ ਅਤੇ ਖਾਣ ਪੀਣ ਦੀਆ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਦੇਖਣ ਵਿਚ ਆਇਆ ਹੈ ਕਿ ਸਰਹੱਦੀ ਖੇਤਰਾਂ ਵਿਚਲੇ ਸਤਿਸੰਗ ਘਰਾਂ ਵਿਚ ਜਨਤਾ ਲਈ ਲੰਗਰ ਵੀ ਚੱਲ ਰਹੇ ਹਨ। ਇਸ ਦੀ ਸ਼ੁਰੂਆਤ ਜੰਮੂ ਦੇ ਰਾਧਾ ਸੁਆਮੀ ਸਤਿਸੰਗ ਘਰ ਤੋਂ ਬਕਾਇਦਾ ਸ਼ੁਰੂ ਹੋ ਚੁੱਕੀ ਹੈ।
ਇਥੇ ਇਹ ਵੀ ਵਰਨਣਯੋਗ ਹੈ ਕਿ ਕੋਰੋਨਾ ਕਾਲ ਦੌਰਾਨ ਵੀ ਡੇਰਾ ਬਿਆਸ ਨੇ ਕੁਆਰੰਟੀਨ ਲਈ ਆਪਣੇ ਸਤਿਸੰਗ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਅਤੇ ਉਥੇ ਰਹਿ ਰਹੇ ਲੋਕਾਂ ਨੂੰ ਹਲਦੀ ਵਾਲਾ ਪਾਣੀ, ਦਲੀਆ, ਦੁੱਧ ਤੇ ਹੋਰ ਸਹੂਲਤਾਂ ਬਿਲਕੁੱਲ ਮੁਫਤ ਦਿੱਤੀਆ ਜਾਂਦੀਆਂ ਸਨ। ਇਸੇ ਤਰ੍ਹਾਂ ਹੀ ਲਾਕਡਾਊਨ ਦੌਰਾਨ ਵੀ ਜਦੋਂ ਕਿ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਸੀ, ਉਸ ਸਮੇਂ ਵੀ ਡੇਰਾ ਬਿਆਸ ਨਾਲ ਜੁੜੇ ਸੇਵਾਦਾਰਾਂ ਵੱਲੋਂ ਆਪਣੇ ਗੁਰੂ ਦਾ ਹੁਕਮ ਮੰਨਦਿਆਂ ਡੇਰਾ ਬਿਆਸ ਵੱਲੋਂ ਭੇਜੇ ਜਾਂਦੇ ਪੂੜੀਆਂ ਦੇ ਪੈਕਲੰਚ ਹਰ ਜ਼ਰੂਰਤਮੰਦ ਦੇ ਘਰ ਪਹੁੰਚਾਏ ਸਨ ਅਤੇ ਉਸ ਸਮੇਂ ਹੀ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮਾਲੀ ਇਮਦਾਦ ਵਜੋਂ 2-2 ਕਰੋੜ ਰੁਪਏ ਸਹਾਇਤਾ ਲਈ ਵੀ ਦਿੱਤੇ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
ਹਾਲ ਹੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਬੇਨਤੀ ਕਰਨ ’ਤੇ ਜ਼ਿਲ੍ਹੇ ਭਰ ਦੇ ਟੀ. ਬੀ. ਮਰੀਜ਼ਾਂ ਨੂੰ ਸਾਫ-ਸੁਥਰਾ ਤੇ ਪੋਸ਼ਟਿਕ ਅਹਾਰ ਵੀ ਡੇਰਾ ਬਿਆਸ ਵੱਲੋਂ ਘਰ-ਘਰ ਪਹੁੰਚਾਇਆ ਜਾ ਰਿਹਾ ਹੈ, ਤਾਂ ਕਿ ਅਜਿਹੇ ਮਰੀਜ਼ ਪੋਸ਼ਟਿਕ ਅਹਾਰ ਲੈ ਕੇ ਜਲਦੀ ਤੰਦਰੁਸਤ ਹੋ ਸਕਣ। ਡੇਰਾ ਬਿਆਸ ਦੇ ਸੇਵਾਦਾਰਾਂ ਵੱਲੋਂ ਵੀ ਹਰ ਡਿਊਟੀ ਨੂੰ ਬਾਖੂਬੀ ਨਿਭਾਇਆ ਜਾਂਦਾ ਹੈ। ਜਿਸ ਦੀ ਡੇਰਾ ਬਿਆਸ ਪ੍ਰਮੁੱਖ ਵੱਲੋਂ ਉਸਤਤ ਵੀ ਕੀਤੀ ਜਾਂਦੀ ਰਹੀ ਹੈ। ਇਸੇ ਕਰ ਕੇ ਇਸ ਸਮੇਂ ਡੇਰਾ ਬਿਆਸ ਹੀ ਇਕ ਅਜਿਹੀ ਧਾਰਮਿਕ ਸੰਸਥਾ ਹੈ, ਜੋ ਕਿਸੇ ਵੀ ਆਫਤ ਸਮੇਂ ਬਿਨਾਂ ਕਿਸੇ ਪੱਖਪਾਤ ਦੇ ਮਾਨਵਤਾ ਦੀ ਸੇਵਾ ਵਿਚ ਜੁਟੀ ਰਹਿੰਦੀ ਹੈ, ਕਿਉਂਕਿ ਅਕਸਰ ਹੀ ਡੇਰਾ ਬਿਆਸ ਪ੍ਰਮੁੱਖ ਵੱਲੋਂ ਆਪਣੇ ਸਤਿਸੰਗਾਂ ਦੌਰਾਨ ਸੰਗਤ ਨੂੰ ਵੀ ਗਰੀਬ ਗੁਰਬੇ ਦੀ ਸੇਵਾ ਕਰਨ ਅਤੇ ਕਿਸੇ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ, ਜਿਸ ’ਤੇ ਅਕਸਰ ਹੀ ਸੰਗਤ ਬਾਬਾ ਜੀ ਦਾ ਹੁਕਮ ਮੰਨਦੀ ਹੋਈ ਅਜਿਹਾ ਕਰ ਰਹੀ ਹੈ।
ਇਹ ਵੀ ਪੜ੍ਹੋ- ਪਠਾਨਕੋਟ ਸ਼ਹਿਰ 'ਚ ਹੋਏ 3 ਵੱਡੇ ਧਮਾਕੇ! ਲਗਾਤਾਰ ਵੱਜ ਰਹੇ ਖ਼ਤਰੇ ਦੇ ਘੁੱਗੂ
ਵੱਖ-ਵੱਖ ਸਤਿਸੰਗ ਘਰਾਂ ਵਿਚ ਸੰਗਤਾਂ ਵੱਲੋਂ ਭਾਰੀ ਸੰਖਿਆ ਵਿਚ ਲੰਗਰ ਲਾਏ ਜਾਂਦੇ ਰਹੇ ਹਨ ਅਤੇ ਹੁਣ ਵੀ ਸੇਵਾਦਾਰ ਤਤਪਰ ਹਨ ਕਿ ਉਨ੍ਹਾਂ ਨੂੰ ਕੋਈ ਡੇਰਾ ਬਿਆਸ ਵੱਲੋਂ ਸੰਦੇਸ਼ ਆਵੇ ਤਾਂ ਕਿ ਉਹ ਆਪਣੇ ਗੁਰੂ ਦੇ ਆਦੇਸ਼ਾਂ ਮੁਤਾਬਿਕ ਮਨੁੱਖਤਾ ਦੀ ਸੇਵਾ ਕਰ ਸਕਣ। ਇਸੇ ਕਰ ਕੇ ਹੀ ਅੱਜ ਡੇਰਾ ਬਿਆਸ ਅਤੇ ਇਨ੍ਹਾਂ ਦੇ ਸੇਵਾਦਾਰਾਂ ਦੀ ਚਰਚਾ ਵਿਸ਼ਵ ਭਰ ’ਚ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਪਾਕਿ ਵਿਚਾਲੇ ਸੀਜ਼ਫਾਇਰ ਤੋਂ ਬਾਅਦ ਪੰਜਾਬ ਪੁਲਸ ਨੇ ਜਾਰੀ ਕੀਤਾ ਅਲਰਟ
NEXT STORY