ਬਟਾਲਾ (ਬੇਰੀ, ਸੈਂਡੀ, ਮਠਾਰੂ, ਵਿਪਨ, ਸਾਹਿਲ, ਅਸ਼ਵਨੀ, ਯੋਗੀ, ਭੱਲਾ, ਰਾਘਵ )- ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੂੰ ਭਾਰਤੀ ਫੌਜ ਬਾਰੇ ਜਾਣਕਾਰੀ ਦੇਣ ਵਾਲੇ ਜਾਸੂਸ ਨੂੰ ਥਾਣਾ ਸਦਰ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਪ੍ਰੈੱਸ ਮਿਲਣੀ ਦੌਰਾਨ ਦੱਸਿਆ ਕਿ ਅੱਜ ਗੁਪਤ ਸੂਚਨਾ ਮਿਲੀ ਕਿ ਗੁਰਮੁੱਖ ਸਿੰਘ ਉਰਫ ਗੁਰੀ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਝਾਮਕਾ ਥਾਣਾ ਮੱਤੇਵਾਲ, ਜੋ ਕਿ ਧਾਰਮਿਕ ਯਾਤਰਾ ਲਈ ਪਿਛਲੇ ਸਮੇਂ ਦੌਰਾਨ ਸਾਲ 2009 ਤੇ 2012 ਵਿਚ ਪਾਕਿਸਤਾਨ ਗਿਆ ਸੀ ਦੇ ਉਥੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨਾਲ ਸਬੰਧ ਬਣ ਗਏ ਸਨ, ਜਿਸ ਤੋਂ ਬਾਅਦ ਉਕਤ ਨੌਜਵਾਨ ਉਥੋਂ ਪਰਤਣ ਉਪਰੰਤ ਆਈ. ਐੱਸ. ਆਈ. ਦੇ ਨਾਲ ਅਕਸਰ ਗੱਲਬਾਤ ਕਰਦਾ ਰਹਿੰਦਾ ਹੈ ਅਤੇ ਆਰਮੀ ਦੀ ਮੂਵਮੈਂਟ, ਆਰਮੀ ਦੀਆਂ ਗੱਡੀਆਂ ਦੀਆਂ ਫੋਟੋਆਂ ਅਤੇ ਬਾਰਡਰ 'ਤੇ ਤਾਇਨਾਤ ਆਰਮੀ ਕੈਂਪਾਂ ਸਮੇਤ ਉਨ੍ਹਾਂ ਦੀਆਂ ਲੋਕੇਸ਼ਨਾਂ ਦੀਆਂ ਫੋਟੋਆਂ ਖਿੱਚ ਕੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੂੰ ਭੇਜਦਾ ਹੈ ਅਤੇ ਉਸਦੇ ਬਦਲੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਉਨ੍ਹਾਂ ਕੋਲੋਂ ਹਥਿਆਰਾਂ ਦੀ ਮੰਗ ਕਰਦਾ ਹੈ।
ਐੱਸ. ਐੱਸ. ਪੀ. ਘੁੰਮਣ ਨੇ ਦੱਸਿਆ ਕਿ ਉਕਤ ਸੂਚਨਾ ਦੇ ਆਧਾਰ 'ਤੇ ਐੱਸ. ਐੱਚ. ਓ. ਸਦਰ ਮੁਖਤਿਆਰ ਸਿੰਘ ਨੇ ਪੁਲਸ ਪਾਰਟੀ ਸਮੇਤ ਛਾਪੇਮਾਰੀ ਦੌਰਾਨ ਗੁਰਮੁੱਖ ਸਿੰਘ ਉਰਫ ਗੁਰੀ ਨੂੰ ਗ੍ਰਿਫਤਾਰ ਕੀਤਾ ਅਤੇ ਉਕਤ ਕਥਿਤ ਦੋਸ਼ੀ ਦੇ ਕਬਜ਼ੇ ਵਿਚੋਂ 2 ਮੋਬਾਇਲ, ਪਾਸਪੋਰਟ ਤੇ ਆਰਮੀ ਮੂਵਮੈਂਟ ਦੀਆਂ ਕੁਝ ਫੋਟੋਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਉਸ ਵਿਰੁੱਧ ਥਾਣਾ ਸਦਰ ਵਿਚ ਮੁਕੱਦਮਾ ਨੰ. 128 ਧਾਰਾ 3, 4, 5, 9 ਆਫਿਸ਼ੀਅਲ ਸੀਕ੍ਰੇਟ ਐਕਟ 1923, 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੁਰਮੁੱਖ ਸਿੰਘ ਉਰਫ ਗੁਰੀ ਨੇ ਪੁਲਸ ਅੱਗੇ ਮੰਨਿਆ ਹੈ ਕਿ ਸਾਲ 2012 ਦੌਰਾਨ ਜਦੋਂ ਉਹ ਨਨਕਾਣਾ ਸਾਹਿਬ ਪਾਕਿਸਤਾਨ ਯਾਤਰਾ ਲਈ ਗਿਆ ਸੀ ਤਾਂ ਉਸ ਵੇਲੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਮੈਂਬਰਾਂ ਨਾਲ ਬੰਦ ਕਮਰੇ ਵਿਚ ਗੁਪਤ ਮੀਟਿੰਗ ਹੋਈ ਸੀ, ਜਿਸ ਦੌਰਾਨ ਉਸ ਨੂੰ ਪ੍ਰੇਰਿਤ ਕੀਤਾ ਗਿਆ ਸੀ ਕਿ ਉਹ ਉਨ੍ਹਾਂ ਨੂੰ ਇੰਡੀਅਨ ਆਰਮੀ ਸਬੰਧੀ ਖੁਫੀਆ ਜਾਣਕਾਰੀ ਮੁਹੱਈਆ ਕਰਵਾਏ ਅਤੇ ਇਸ ਦੇ ਬਦਲੇ ਉਸ ਨੂੰ ਪੈਸੇ ਤੇ ਹਥਿਆਰ ਮਿਲਣਗੇ, ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਵਟਸਐਪ ਅਤੇ ਫੇਸਬੁੱਕ ਰਾਹੀਂ ਸੰਪਰਕ ਕਰਦਾ ਰਿਹਾ। ਐੱਸ. ਐੱਸ. ਪੀ. ਘੁੰਮਣ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਨਕਲੀ ਫਰਦ ਲਾ ਕੇ ਜ਼ਮਾਨਤ ਕਰਵਾਉਣ ਵਾਲੇ ਨੂੰ 2 ਸਾਲ ਦੀ ਕੈਦ ਤੇ ਜੁਰਮਾਨਾ
NEXT STORY