ਧਰਮਕੋਟ, (ਸਤੀਸ਼)- ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਸਥਾਨਕ ਸ਼ਹਿਰ ਦੇ ਬੱਸ ਅੱਡੇ ਦੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ। 1978 'ਚ ਸਵ. ਪ੍ਰਧਾਨ ਹੁਕਮ ਚੰਦ ਸੂਦ ਦੇ ਕਾਰਜਕਾਲ ਦੌਰਾਨ ਹੋਂਦ 'ਚ ਆਏ ਇਸ ਬੱਸ ਅੱਡੇ ਅੰਦਰ ਯਾਤਰੀਆਂ ਲਈ ਤੇ ਆਮ ਲੋਕਾਂ ਲਈ ਕੋਈ ਵੀ ਸਹੂਲਤ ਨਹੀਂ ਹੈ। 40 ਸਾਲ ਤੋਂ ਨਗਰ ਕੌਂਸਲ ਵੱਲੋਂ ਸ਼ਹਿਰ ਨੂੰ ਢੰਗ ਦਾ ਬੱਸ ਅੱਡਾ ਨਹੀਂ ਦਿੱਤਾ ਗਿਆ।
ਉਕਤ ਬੱਸ ਅੱਡੇ ਤੋਂ ਦੇਸ਼ ਤੇ ਪੰਜਾਬ ਦੇ ਕਈ ਹਿੱਸਿਆਂ 'ਚ ਰੋਜ਼ਾਨਾ ਸੈਂਕੜੇ ਬੱਸਾਂ ਦਾ ਆਉਣਾ- ਜਾਣਾ ਹੈ ਤੇ ਨਗਰ ਕੌਂਸਲ ਸਾਲਾਨਾ ਲੱਖਾਂ ਰੁਪਏ ਅੱਡਾ ਫੀਸ, ਕੰਟੀਨ ਤੋਂ ਕਿਰਾਇਆ ਆਦਿ ਵਸੂਲਦੀ ਹੈ ਪਰ ਇਸ ਦੇ ਇਵਜ਼ 'ਚ ਬੱਸ ਅੱਡੇ ਅੰਦਰ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਜਾ ਰਹੀ। ਬੱਸ ਅੱਡੇ ਦੀ ਤਰਸਯੋਗ ਹਾਲਤ ਬਾਰੇ ਕਈ ਵਾਰ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ ਵਾਲੀ ਕਹਾਵਤ ਸਾਬਤ ਹੋਈ।
ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ
ਬੱਸ ਅੱਡੇ 'ਤੇ ਨਗਰ ਕੌਂਸਲ ਵੱਲੋਂ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸਤਪਾਲ ਟੱਕਰ, ਲਾਡੀ ਤਲਵਾੜ, ਸਰਬਜੀਤ ਸਿੰਘ, ਸੁਖਵੰਤ ਤੂਰ, ਮੰਦਰ ਸਿੰਘ, ਨਿਸ਼ਾਨ ਸਿੰਘ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਬੱਸ ਅੱਡੇ 'ਤੇ ਪੀਣ ਵਾਲੇ ਸ਼ੁੱਧ ਪਾਣੀ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਇਕ ਦਾਨੀ ਵਿਅਕਤੀ ਵਲੋਂ ਵਾਟਰ ਕੂਲਰ ਲਗਾਇਆ ਗਿਆ ਹੈ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਯਾਤਰੀਆਂ ਦੇ ਪੀਣ ਲਈ ਫਿਲਟਰ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ।
ਹਾਦਸਿਆਂ ਦਾ ਕਾਰਨ ਬਣਦੀਆਂ ਸੜਕਾਂ 'ਤੇ ਖੜ੍ਹੀਆਂ ਬੱਸਾਂ
ਸਥਾਨਕ ਬੱਸ ਅੱਡਾ ਜਦੋਂ ਤੋਂ ਹੋਂਦ 'ਚ ਆਇਆ ਉਕਤ ਬੱਸ ਅੱਡੇ ਅੰਦਰ ਬੱਸਾਂ ਬਹੁਤ ਹੀ ਘੱਟ ਆਉਂਦੀਆਂ ਹਨ। ਸਿਰਫ ਲੋਕਲ ਬੱਸਾਂ ਹੀ ਬੱਸ ਅੱਡੇ ਦੇ ਅੰਦਰ ਆਉਂਦੀਆਂ ਹਨ। ਬਾਕੀ ਬੱਸਾਂ ਸੜਕ 'ਤੇ ਹੀ ਖੜ੍ਹ ਜਾਂਦੀਆਂ ਹਨ, ਜਿਸ ਕਾਰਨ ਸਵਾਰੀਆਂ ਨੂੰ ਸੜਕ 'ਤੇ ਹੀ ਖੜ੍ਹ ਕੇ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਕਾਰਨ ਪਹਿਲਾਂ ਵੀ ਕਈ ਵਾਰ ਹਾਦਸੇ ਹੋ ਚੁੱਕੇ ਹਨ ਅਤੇ ਬਜ਼ੁਰਗ ਸਵਾਰੀਆਂ ਨੂੰ ਜਾਨ ਜੋਖਮ 'ਚ ਪਾ ਕੇ ਬੱਸ ਲੈਣ ਲਈ ਸੜਕ ਪਾਰ ਕਰਨੀ ਪੈਂਦੀ ਹੈ। ਇਸ ਵੱਲ ਵੀ ਪ੍ਰਸ਼ਾਸਨ ਧਿਆਨ ਦੇਵੇ।
ਬੱਸ ਅੱਡੇ 'ਚ ਹੀ ਲੱਗਦੀ ਹੈ ਸਬਜ਼ੀ ਮੰਡੀ
ਸਥਾਨਕ ਬੱਸ ਅੱਡੇ 'ਚ ਹੀ ਸਬਜ਼ੀ ਮੰਡੀ ਵੀ ਲੱਗਦੀ ਹੈ, ਜਿਸ ਕਾਰਨ ਬੱਸ ਆਪ੍ਰੇਟਰਾਂ ਅਤੇ ਆਮ ਯਾਤਰੀਆਂ ਨੂੰ ਹੋਰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਸਬਜ਼ੀ ਮੰਡੀ ਨੂੰ ਬੱਸ ਅੱਡੇ ਤੋਂ ਬਾਹਰ ਕੱਢਿਆ ਜਾਵੇ।
ਸਵਾਰੀਆਂ ਦੇ ਬੈਠਣ ਲਈ ਕੋਈ ਜਗ੍ਹਾ ਨਹੀਂ
ਸਥਾਨਕ ਬੱਸ ਅੱਡੇ 'ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਸਵਾਰੀਆਂ ਆਉਂਦੀਆਂ-ਜਾਂਦੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਨਗਰ ਕੌਂਸਲ ਵੱਲੋਂ ਇਨ੍ਹਾਂ ਦੇ ਬੈਠਣ ਲਈ ਕੋਈ ਵੀ ਜਗ੍ਹਾ ਨਹੀਂ ਬਣਾਈ ਗਈ। ਜੋ ਸ਼ੈੱਡ ਹੈ ਉਸ ਦੀ ਵੀ ਹਾਲਤ ਖਸਤਾ ਹੈ। ਉਹ ਤਾਂ ਮੀਂਹ 'ਚ ਖੁਦ ਨੂੰ ਮਸਾਂ ਬਚਾਉਂਦਾ ਹੈ ਤੇ ਸਵਾਰੀਆਂ ਨੂੰ ਕੀ ਆਸਰਾ ਦੇਵੇਗਾ। ਮੀਂਹ ਦੌਰਾਨ ਤੇ ਗਰਮੀ ਵਿਚ ਤੇਜ਼ ਧੁੱਪ ਦੌਰਾਨ ਸਵਾਰੀਆਂ ਨੂੰ ਬਾਹਰ ਸੜਕ 'ਤੇ ਖੜ੍ਹ ਕੇ ਹੀ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
'ਆਪ' ਤੇ ਬੈਂਸ ਭਰਾਵਾਂ ਵਲੋਂ ਸੈਸ਼ਨ 'ਚ ਕੈਪਟਨ ਸਰਕਾਰ ਨੂੰ ਘੇਰਨ ਦੀ ਰਣਨੀਤੀ
NEXT STORY