ਮੋਗਾ, (ਗੋਪੀ ਰਾਊਕੇ)-ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ ਨੂੰ ਕੁੱਟ-ਮਾਰ ਕਰਨ ਅਤੇ ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਮਾਮਲੇ ਨੂੰ ਲੈ ਕੇ ਪੇਂਡੂ ਮਜ਼ਦੂਰ ਯੂਨੀਅਨ ਨੇ ਅੱਜ ਇੱਥੇ ਜ਼ਿਲਾ ਪੁਲਸ ਮੁਖੀ ਦੇ ਦਫ਼ਤਰ ਮੂਹਰੇ ਕਿਰਤੀ ਕਿਸਾਨ ਯੂਨੀਅਨ ਨਾਲ ਰਲ ਕੇ ਸਾਂਝਾ ਰੋਸ ਧਰਨਾ ਲਾਇਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਇਸ ਮਾਮਲੇ ’ਚ ਸੱਤਾਧਾਰੀ ਦੀ ਦਖਲਅੰਦਾਜ਼ੀ ਕਰ ਕੇ ਦੋਸ਼ੀਆਂ ਵਿਰੁੱਧ ਐੱਸ. ਸੀ. ਐਕਟ ਦੀ ਧਾਰਾ ਨਹੀਂ ਲਾਈ ਜਾ ਰਹੀ। ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਮੰਗਾ ਸਿੰਘ ਦਲਿਤ ਨੌਜਵਾਨ ਹੈ, ਜਿਸ ’ਤੇ ਹਮਲਾ ਕਰਨ ਵਾਲੇ ਕਥਿਤ ਦੋਸ਼ੀ ਅਪਰਾਧੀ ਕਿਸਮ ਦੇ ਵਿਅਕਤੀ ਹਨ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਕੋਟਕਪੂਰਾ ਨੇ ਕਿਹਾ ਕਿ ਪੁਲਸ ਆਪਣਾ ਫਰਜ਼ ਨਿਭਾਉਣ ਦੀ ਬਜਾਏ ਗੈਰ ਸੰਵਿਧਾਨਕ ਤਰੀਕੇ ਨਾਲ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ। ਗੱਲਬਾਤ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਵੱਲੋਂ ਮਾਮਲੇ ਨੂੰ ਲੈ ਕੇ 10 ਦਿਨ ਦਾ ਸਮਾਂ ਲਿਆ ਗਿਆ ਹੈ ਅਤੇ ਦੋ ਮੈਂਬਰੀ ਪੁਲਸ ਅਧਿਕਾਰੀਆਂ ਦੀ ਕਮੇਟੀ ਗਠਿਤ ਕਰ ਕੇ ਜਾਂਚ ਕਰਨ ਦਾ ਭਰੋਸਾ ਦਿਵਾਇਆ ਹੈ ਪਰ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ, ਜਦੋਂ ਤੱਕ ਕਥਿਤ ਦੋਸ਼ੀਆਂ ਖਿਲਾਫ ਐੱਸ. ਸੀ./ਐੱਸ. ਟੀ. ਐਕਟ ਤਹਿਤ ਮਾਮਲਾ ਦਰਜ ਨਹੀਂ ਕੀਤਾ ਜਾਂਦਾ। ਇਸ ਮੌਕੇ ਗੁਰਚਰਨ ਸਿੰਘ ਮਹਿਣਾ, ਹਰਬੰਸ ਸਿੰਘ ਰੋਡੇ, ਲਖਵੀਰ ਸਿੰਘ ਰੋਡੇ, ਬਲਕਾਰ ਸਿੰਘ ਸਮਾਲਸਰ, ਮੇਜਰ ਸਿੰਘ ਸਮਾਲਸਰ, ਬੂਟਾ ਸਿੰਘ, ਮੋਹਨ ਸਿੰਘ ਡਾਲਾ, ਹਰਦੇਵ ਸਿੰਘ, ਚਮਕੌਰ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਤੇ ਵਰਕਰ ਹਾਜ਼ਰ ਸਨ।
ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ
NEXT STORY