ਬਰਨਾਲਾ, (ਵਿਵੇਕ ਸਿੰਧਵਾਨੀ, ਗੋਇਲ)- ਮੁਲਾਜ਼ਮ ਆਗੂ ਸਾਥੀ ਕਰਮਜੀਤ ਸਿੰਘ ਬੀਹਲਾ ਦੀ ਬਦਲੀ ਰੱਦ ਕਰਵਾਉਣ ਲਈ ਬਰਨਾਲਾ ਜ਼ਿਲੇ ਦੇ ਸਾਰੇ ਮੁਲਾਜ਼ਮ ਸੰਗਠਨਾਂ ਦੇ ਸਾਂਝੇ ਮੰਚ ਦੇ ਝੰਡੇ ਹੇਠ ਸੈਂਕੜੇ ਮੁਲਾਜ਼ਮਾਂ ਨੇ ਰੋਸ ਮੁਜ਼ਾਹਰਾ ਕਰ ਕੇ ਡੀ. ਸੀ. ਰਾਹੀਂ ਦੂਜਾ ਮੈਮੋਰੰਡਮ ਜਲ ਸਪਲਾਈ ਮੰਤਰੀ ਨੂੰ ਭੇਜਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਇਹ ਰੰਜਿਸ਼ ਤਹਿਤ ਕੀਤੀ ਗਈ ਬਦਲੀ ਦਾ ਸਵਾਲ ਨਹੀਂ ਸਗੋਂ ਇਸ ਲਹਿਰ ਦੀ ਅਗਵਾਈ ਕਰ ਰਹੇ ਹਰੇਕ ਆਗੂ 'ਤੇ ਹਮਲਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਵੱਲੋਂ ਬਦਲੀਆਂ ਦੀ ਨੀਤੀ ਜਾਰੀ ਕਰ ਕੇ ਘੱਟ ਤੋਂ ਘੱਟ ਬਦਲੀਆਂ ਕਰਨ ਦੇ ਬਿਆਨ ਦਿੱਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਮੁਲਾਜ਼ਮ ਆਗੂ ਦੀ ਬਦਲੀ ਕਰਨ ਲਈ ਸਾਰੇ ਨੋਟੀਫਿਕੇਸ਼ਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮਹਿਲ ਕਲਾਂ ਇਲਾਕੇ ਦੀਆਂ ਸਬੰਧਿਤ ਸਮੂਹ ਪੰਚਾਇਤਾਂ ਬਦਲੀ ਰੱਦ ਕਰਨ ਕਰਨ ਲਈ ਮਤੇ ਪਾਸ ਕਰ ਰਹੀਆਂ ਹਨ ਪਰ ਸਰਕਾਰ ਵੱਲੋਂ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ।
ਸੰਘਰਸ਼ ਨੂੰ ਤੇਜ਼ ਕਰਨ ਦਾ ਕੀਤਾ ਅਹਿਦ
ਪੰਜਾਬ ਸੁਬਰਾਡੀਨੇਟ ਸਰਵਿਸਿਜ਼ ਦੇ ਸੂਬਾ ਆਗੂ ਕੁਲਦੀਪ ਸ਼ਰਮਾ ਨੇ ਕਿਹਾ ਕਿ ਇਹ ਮੁਲਾਜ਼ਮ ਲਹਿਰ ਸਰਕਾਰ ਲਈ ਵੰਗਾਰ ਹੈ ਅਤੇ ਪੰਜਾਬ ਦੇ ਸਮੂਹ ਮੁਲਾਜ਼ਮ ਇਸ ਚੁਣੌਤੀ ਨੂੰ ਕਬੂਲ ਕਰਦੇ ਹਨ। ਰੋਸ ਐਕਸ਼ਨ ਵਿਚ ਸ਼ਾਮਲ ਸਿੱਖਿਆ ਵਿਭਾਗ, ਸਿਹਤ ਵਿਭਾਗ, ਸਪਲਾਈ ਸਪਲਾਈ, ਸੀਵਰੇਜ ਬੋਰਡ, ਸੀ. ਐਂਡ ਆਰ., ਮੰਡੀ ਬੋਰਡ, ਮਿਊਂਸੀਪਲ ਇੰਪਲਾਈਜ਼, ਸਮਾਜਿਕ ਸੁਰੱਖਿਆ ਤੇ ਵੱਖ-ਵੱਖ ਵਿਭਾਗਾਂ ਦੇ ਨਾਲ ਸਬੰਧਿਤ ਸੰਗਠਨਾਂ ਦੇ ਆਗੂਆਂ ਨੇ ਅਹਿਦ ਕੀਤਾ ਕਿ ਬਦਲੀ ਰੱਦ ਕਰਵਾਉਣ ਦੇ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ।
ਰੈਲੀ ਤੇ ਮੁਜ਼ਾਹਰਾ ਕਰਨ ਦਾ ਐਲਾਨ : ਇਸ ਸਮੇਂ ਫੈਸਲਾ ਲਿਆ ਗਿਆ ਕਿ ਮੁਲਾਜ਼ਮਾਂ ਦੇ ਸਾਂਝੇ ਮੰਚ ਵੱਲੋਂ ਬਰਨਾਲਾ ਵਿਚ ਰੈਲੀ ਕੀਤੀ ਜਾਵੇਗੀ ਤੇ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਜਾਵੇਗਾ। ਇਸ ਐਕਸ਼ਨ ਵਿਚ ਗੁਆਂਢੀ ਜ਼ਿਲੇ ਸੰਗਰੂਰ, ਬਠਿੰਡਾ ਤੇ ਲੁਧਿਆਣਾ ਸ਼ਾਮਲ ਹੋਣਗੇ। ਇਸ ਐਕਸ਼ਨ ਵਿਚ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾਈ ਆਗੂ ਤਰਸੇਮ ਭੱਠਲ, ਸੁਰਿੰਦਰ ਕੁਮਾਰ ਪ੍ਰਧਾਨ ਜੀ. ਟੀ. ਯੂ. ਮਹਿੰਮਾ ਸਿੰਘ ਟੈਕਨੀਕਲ ਅਤੇ ਮਕੈਨੀਕਲ ਯੂਨੀਅਨ, ਸਫਾਈ ਸੇਵਕ ਯੂਨੀਅਨ ਦੇ ਰਮੇਸ਼ ਤੇ ਰਜਿੰਦਰ ਬਿਡਲਾਨ ਪੰਜਾਬ, ਪਰਮਿੰਦਰ ਸਿੰਘ ਬੀ. ਐੱਡ. ਅਧਿਆਪਕ ਫਰੰਟ, ਰਮੇਸ਼ ਕੁਮਾਰ ਹਮਦਰਦ ਦਿ ਕਲਾਸ ਫੋਰ ਯੂਨੀਅਨ ਪੰਜਾਬ, ਗੁਰਪ੍ਰੀਤ ਸਿੰਘ, ਜਗਵਿੰਦਰਪਾਲ, ਨਰਿੰਦਰ ਕੁਮਾਰ ਸ਼ਹਿਣਾ, ਚਰਨਜੀਤ ਸਿੰਘ, ਅਜਮੇਰ ਕੌਰ, ਗੁਰਤੇਜ ਭੋਤਨਾ, ਮੇਵਾ ਸਿੰਘ ਭੱਠਲ, ਅਨਿਲ ਕੁਮਾਰ, ਮਲਕੀਤ ਸਿੰਘ, ਬਲਵਿੰਦੀ ਧਨੋਰ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਡੀ. ਸੀ. ਬਰਨਾਲਾ ਵੱਲੋਂ ਜਲ ਸਪਲਾਈ ਮੰਤਰੀ ਨੂੰ ਦੂਜਾ ਮੈਮੋਰੰਡਮ ਭੇਜਿਆ ਗਿਆ।
ਪੈਨਸ਼ਨਰਜ਼ ਨੇ ਡੀ. ਸੀ. ਦਫਤਰ 'ਚ ਪ੍ਰਗਟਾਇਆ ਰੋਸ
NEXT STORY