ਹੁਸ਼ਿਆਰਪੁਰ,(ਅਮਰਿੰਦਰ)- ਬਰਸਾਤੀ ਮੌਸਮ ਦੀ ਸ਼ੁਰੂਆਤ ਵਿਚ ਹੀ ਹੁਸ਼ਿਆਰਪੁਰ ਤੇ ਨੇੜਲੇੇ ਪਿੰਡਾਂ ’ਚ ਕਾਫੀ ਸਾਲਾਂ ਬਾਅਦ ਡਾਇਰੀਆ ਫੈਲਣ ਦੀ ਖ਼ਬਰ ਸਾਹਮਣੇ ਆਈ ਹੈ। ਉਲਟੀਆਂ ਤੇ ਦਸਤ ਲੱਗਣ ਕਾਰਨ ਸ਼ਨੀਵਾਰ ਸ਼ਾਮ ਤੱਕ ਇਲਾਜ ਲਈ ਸਿਵਲ ਹਸਪਤਾਲ ਵਿਚ ਪਹੁੰਚਣ ਵਾਲੇ ਮਰੀਜ਼ਾਂ ਦੀ ਗਿਣਤੀ 14 ਦੇ ਕਰੀਬ ਪਹੁੰਚ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਲਾਜ ਲੲੀ ਪਹੁੰਚੇ ਮਰੀਜ਼ਾਂ ਵਿਚੋਂ ਵਧੇਰੇ ਅੌਰਤਾਂ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਸਿਵਲ ਹਸਪਤਾਲ ਪਹੁੰਚ ਕੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਤੇ ਹਾਲਾਤ ਦਾ ਜਾਇਜ਼ਾ ਲਿਆ। ਦੂਜੇ ਪਾਸੇ ਡਾਇਰੀਆ ਫੈਲਣ ਦੀ ਖ਼ਬਰ ਮਿਲਦਿਆਂ ਹੀ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਪ੍ਰਭਾਵਿਤ ਪਿੰਡਾਂ ਅਤੇ ਸ਼ਹਿਰੀ ਮੁਹੱਲਿਆਂ ਵਿਚ ਪਹੁੰਚ ਗਈਆਂ ਹਨ।
ਨੇੜਲੇ ਪਿੰਡਾਂ ’ਚੋਂ ਵੀ ਪਹੁੰਚ ਰਹੇ ਹਨ ਮਰੀਜ਼
ਸ਼ਨੀਵਾਰ ਨੂੰ ਡਾਇਰੀਆ ਦੀ ਲਪੇਟ ’ਚ ਆਉਣ ਵਾਲੇ ਮਰੀਜ਼ਾਂ ’ਚ ਹੁਸ਼ਿਆਰਪੁਰ ਦੇ ਕਮਾਲਪੁਰ ਮੁਹੱਲੇ ਤੋਂ ਇਲਾਵਾ ਨੇੜਲੇ ਪਿੰਡਾਂ ਵਿਚੋਂ ਵੀ ਮਰੀਜ਼ ਪਹੁੰਚਣੇ ਸ਼ੁਰੂ ਹੋ ਗਏ।
ਸ਼ਾਮ 6 ਵਜੇ ਤੱਕ ਪਹੁੰਚਣ ਵਾਲੇ ਮਰੀਜ਼ਾਂ ’ਚ ਮੁਹੱਲਾ ਕਮਾਲਪੁਰ ਤੋਂ ਰੋਮੀ, ਰਾਜਵਿੰਦਰ ਕੌਰ, ਸਿਮਰ ਕੌਰ, ਕਪਿਲਾ, ਬਿਮਲਾ ਦੇਵੀ ਸ਼ਾਮਲ ਸਨ। ਦੂਜੇ ਪਾਸੇ ਨਸਰਾਲਾ ਤੋਂ ਪੀਟਰ, ਲਾਭ ਨਗਰ ਤੋਂ ਛਿੰਦਰ ਕੌਰ, ਰਾਮ ਕਲੋਨੀ ਕੈਂਪ ਤੋਂ ਵੰਦਨਾ, ਜਹਾਨਖੇਲਾਂ ਤੋਂ ਨਵਜੀਤ, ਬਾਗਪੁਰ ਤੋਂ ਮਹਿੰਦਰ ਕੌਰ, ਹਰਦੋਖਾਨਪੁਰ ਤੋਂ ਮੀਨਾ ਅਤੇ ਜਗਤਪੁਰਾ ਤੋਂ ਨਿਖਿਲ ਜ਼ੇਰੇ ਇਲਾਜ ਹਨ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ
ਸੰਪਰਕ ਕਰਨ ’ਤੇ ਡੀ. ਸੀ. ਈਸ਼ਾ ਕਾਲੀਆ ਨੇ ਦੱਸਿਆ ਕਿ ਡਾਇਰੀਆ ਫੈਲਣ ਦੀ ਸੂਚਨਾ ਮਿਲਦਿਆਂ ਹੀ ਨਗਰ ਨਿਗਮ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ, ਜੋ ਕਿ ਹਾਲਾਤ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚ ਗਈਆਂ ਹਨ। ਉਕਤ ਟੀਮਾਂ ਪੀੜਤਾਂ ਦੇ ਨਾਲ-ਨਾਲ ਪ੍ਰਭਾਵਿਤ ਮੁਹੱਲਿਆਂ ਦੇ ਲੋਕਾਂ ਦੀ ਵੀ ਸਿਹਤ ਜਾਂਚ ਕਰ ਰਹੀਆਂ ਹਨ। ਇਹ ਬੀਮਾਰੀ ਬਰਸਾਤਾਂ ਦੇ ਦਿਨਾਂ ’ਚ ਪੀਣ ਵਾਲੇ ਪਾਣੀ ’ਚ ਦੂਸ਼ਿਤ ਪਾਣੀ ਮਿਲ ਜਾਣ ਕਾਰਨ ਹੁੰਦੀ ਹੈ। ਸਾਰੇ ਮਰੀਜ਼ਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਡਾਇਰੀਆ ਤੋਂ ਬਚਣ ਲਈ ਲੋਕ ਸਾਫ਼ ਤੇ ਸ਼ੁੱਧ ਪਾਣੀ ਪੀਣ ਤੇ ਤਾਜ਼ਾ ਭੋਜਨ ਖਾਣ।
ਨਸ਼ੇ ਵਾਲੇ ਪਦਾਰਥਾਂ ਸਮੇਤ 5 ਗ੍ਰਿਫਤਾਰ
NEXT STORY