ਜਲੰਧਰ (ਵੈੱਬ ਡੈਸਕ)– ਦਿੱਲੀ ’ਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਲੋਂ ਟਵੀਟ ਕੀਤੀ ਗਈ ਇਕ ਤਸਵੀਰ ਨਾਲ ਸ਼ੁਰੂ ਹੋਇਆ ਵਿਵਾਦ ਸ਼ੁੱਕਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ। ਇਸ ਟਵੀਟ ਵਾਰ ’ਚ ਕੰਗਨਾ ਤੇ ਦਿਲਜੀਤ ਨੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਇਕ-ਦੂਜੇ ’ਤੇ ਤਾਬੜ-ਤੋੜ ਵਾਰ ਕੀਤੇ। ਮਜ਼ੇ ਵਾਲੀ ਗੱਲ ਇਹ ਰਹੀ ਕਿ ਕੰਗਨਾ ਵਲੋਂ ਹਿੰਦੀ ’ਚ ਕੀਤੇ ਗਏ ਟਵੀਟਸ ਦਾ ਦਿਲਜੀਤ ਨੇ ਪੂਰੇ ਪੰਜਾਬੀ ਤੇ ਦੇਸੀ ਲਹਿਜ਼ੇ ’ਚ ਜਵਾਬ ਦਿੱਤਾ। ਕੰਗਨਾ ਨੇ ਦਿਲਜੀਤ ਨੂੰ ਚਮਚਾ ਲਿਖਿਆ ਤਾਂ ਦਿਲਜੀਤ ਨੇ ਵੀ ਪਲਟਵਾਰ ਕਰਦਿਆਂ ਕੰਗਨਾ ਨੂੰ ਤਹਿਜ਼ੀਬ ਸਿੱਖਣ ਦੀ ਸਲਾਹ ਦਿੱਤੀ ਤੇ ਕਿਹਾ ਕਿ ‘ਤੂੰ ਭੂੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ’। ਹਾਲਾਂਕਿ ਦੋਵੇਂ ਫ਼ਿਲਮ ਸਟਾਰਜ਼ ਨੇ ਟਵੀਟਸ ’ਚ ਸ਼ਬਦਾਂ ਦੀ ਮਰਿਆਦਾ ਨੂੰ ਵੀ ਤੋੜਿਆ ਪਰ ਇਸ ਦੇ ਬਾਵਜੂਦ ਸ਼ੁੱਕਰਵਾਰ ਨੂੰ ਟਵਿਟਰ ’ਤੇ ਦਿਲਜੀਤ ਵਰਸਿਜ਼ ਕੰਗਨਾ ਟਰੈਂਡ ਕਰਦਾ ਰਿਹਾ।
ਕੰਗਨਾ ਦਾ ਟਵੀਟ
ਹਾ ਹਾ ਹਾ, ਇਹ ਓਹੀ ਸ਼ਾਹੀਨ ਬਾਗ ਵਾਲੀ ਦਾਦੀ ਹੈ, ਜਿਸ ਨੂੰ ਮੈਗਜ਼ੀਨ ’ਚ ਦੇਸ਼ ਦੀ ਸਭ ਤੋਂ ਤਾਕਤਵਰ ਮਹਿਲਾ ਵਜੋਂ ਦਿਖਾਇਆ ਗਿਆ ਪਰ ਇਹ 100 ਰੁਪਏ ’ਚ ਉਪਲੱਬਧ ਹੈ। ਪਾਕਿਸਤਾਨੀ ਪੱਤਰਕਾਰਾਂ ਨੇ ਭਾਰਤ ਖਿਲਾਫ ਕੌਮਾਂਤਰੀ ਪੱਧਰ ’ਤੇ ਪ੍ਰਚਾਰ ਕੀਤਾ ਹੈ, ਜਿਸ ਨਾਲ ਦੇਸ਼ ਨੂੰ ਸ਼ਰਮਿੰਦਗੀ ਹੋਈ ਹੈ। ਸਾਡੇ ਕੋਲ ਆਪਣੀ ਆਵਾਜ਼ ਉਠਾਉਣ ਲਈ ਆਪਣੇ ਲੋਕ ਹੋਣੇ ਚਾਹੀਦੇ ਹਨ। (ਇਹ ਟਵੀਟ ਬਾਅਦ ’ਚ ਡਿਲੀਟ ਕਰ ਦਿੱਤਾ ਗਿਆ)
ਦਿਲਜੀਤ ਦਾ ਜਵਾਬ
ਸੁਣ ਲੈ ਨੀਂ ਕੰਗਨਾ, ਇਸ ਵੀਡੀਓ ’ਚ ਇਹ ਆਦਰਮਾਣ ਮਹਿੰਦਰ ਕੌਰ ਜੀ ਹਨ
ਕੰਗਨਾ ਦੇ 2 ਜਵਾਬੀ ਟਵੀਟ
1. ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ ਵਿਚ ਆਪਣੀ ਸਿਟੀਜ਼ਨਸ਼ਿਪ ਲਈ ਪ੍ਰੋਟੈਸਟ ਕਰ ਰਹੀ ਸੀ ਓਹੀ ਦਾਦੀ ਕਿਸਾਨਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਵੀ ਪ੍ਰੋਟੈਸਟ ਕਰਦੀ ਦਿਸੀ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ, ਕੀ ਡਰਾਮਾ ਲਗਾਇਆ ਹੈ ਤੁਸੀਂ ਲੋਕਾਂ ਨੇ, ਇਸ ਨੂੰ ਹੁਣੇ ਬੰਦ ਕਰੋ।
2. ਮੈਂ ਸਿਰਫ ਸ਼ਾਹੀਨ ਬਾਗ ਵਾਲੀ ਦਾਦੀ ’ਤੇ ਕੁਮੈਂਟ ਕੀਤਾ ਸੀ ਕਿਉਂਕਿ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਕਾਰਨ ਦੰਗੇ ਹੋਏ ਸਨ ਤੇ ਮੈਂ ਕੁਝ ਹੀ ਪਲਾਂ ’ਚ ਇਹ ਟਵੀਟ ਡਿਲੀਟ ਕਰ ਦਿੱਤਾ ਸੀ ਪਰ ਪਤਾ ਨਹੀਂ ਕੁਝ ਲੋਕਾਂ ਨੇ ਬਜ਼ੁਰਗ ਮਹਿਲਾ ਦੀ ਤਸਵੀਰ ਐਡਿਟ ਕਰਕੇ ਜੋੜ ਦਿੱਤੀ ਤੇ ਹੁਣ ਇਸ ਨੂੰ ਲਗਾਤਾਰ ਵਾਇਰਲ ਕਰ ਰਹੇ ਹਨ। ਗਿੱਦਾਂ ਦਾ ਝੁੰਡ ਇਕ ਮਹਿਲਾ ਖਿਲਾਫ ਭੀੜ ਨੂੰ ਉਕਸਾ ਰਿਹਾ ਹੈ।
ਦਿਲਜੀਤ ਦਾ ਜਵਾਬ
ਤੂੰ ਜਿੰਨੇ ਲੋਕਾਂ ਨਾਲ ਫ਼ਿਲਮ ਕੀਤੀ, ਤੂੰ ਉਨ੍ਹਾਂ ਸਭ ਲੋਕਾਂ ਦੀ ਪਾਲਤੂ ਹੈ? ਫਿਰ ਤਾਂ ਲਿਸਟ ਲੰਬੀ ਹੋ ਜਾਵੇਗੀ ਮਾਲਕਾਂ ਦੀ। ਇਹ ਬਾਲੀਵੁੱਡ ਵਾਲੇ ਨਹੀਂ, ਪੰਜਾਬ ਵਾਲੇ ਆ, ਹਿੱਕ ’ਤੇ ਵੱਜ ਸਾਡੇ। ਝੂਠ ਬੋਲ ਕੇ ਲੋਕਾਂ ਨੂੰ ਭੜਕਾਉਣਾ ਤੇ ਇਮੋਸ਼ਨਜ਼ ਨਾਲ ਖੇਡਣਾ ਉਹ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ।
ਕੰਗਨਾ ਦਾ ਜਵਾਬ
ਓ ਚਮਚੇ, ਚੱਲ ਚੱਲ, ਤੂੰ ਜਿਨ੍ਹਾਂ ਦੀ ਚੱਟ ਕੇ ਕੰਮ ਲੈਂਦਾ ਹੈ, ਮੈਂ ਉਨ੍ਹਾਂ ਦੀ ਰੋਜ਼ ਵਜਾਉਂਦੀ ਹਾਂ। ਜ਼ਿਆਦਾ ਨਾ ਉਛਲ, ਮੈਂ ਕੰਗਨਾ ਰਣੌਤ ਹਾਂ, ਤੇਰੇ ਵਰਗੀ ਚਮਚੀ ਨਹੀਂ ਹਾਂ, ਜੋ ਝੂਠ ਬੋਲਾ, ਮੈਂ ਸਿਰਫ ਸ਼ਾਹੀਨ ਬਾਗ ਵਾਲੀ ਪ੍ਰਦਰਸ਼ਨਕਾਰੀ ’ਤੇ ਕੁਮੈਂਟ ਕੀਤਾ ਸੀ, ਜੇਕਰ ਕੋਈ ਮੈਨੂੰ ਝੂਠਾ ਸਾਬਿਤ ਕਰੇ ਤਾਂ ਮੈਂ ਮੁਆਫੀ ਮੰਗ ਲਵਾਂਗੀ।
ਦਿਲਜੀਤ ਦੇ ਤਾਬੜ-ਤੋੜ ਤਿੰਨ ਟਵੀਟ
1. ਓ ਜਾ! ਕੰਮ ਮੈ ਹੁਣ ਦਾ ਨਹੀਂ ਕਰਦਾ, ਤੂੰ ਕਿੰਨਿਆਂ ਦੀ ਚੱਟੀ ਹੈ ਕੰਮ ਲਈ, ਮੈਂ ਬਾਲੀਵੁੱਡ ’ਚ ਸਟ੍ਰੱਗਲ ਨਹੀਂ ਕਰਦਾ ਮੈਡਮ, ਬਾਲੀਵੁੱਡ ਵਾਲੇ ਆ ਕੇ ਕਹਿੰਦੇ ਨੇ ਫ਼ਿਲਮ ਕਰ ਲਓ ਸਰ, ਮੈਂ ਤੈਨੂੰ ਦੱਸ ਰਿਹਾ ਇਹ ਬਾਲੀਵੁੱਡ ਵਾਲੇ ਨਹੀਂ, ਪੰਜਾਬ ਵਾਲੇ ਆ। 2 ਦੀਆਂ 4 ਨਹੀਂ 36 ਸੁਣੇਗੀ।
2. ਬੋਲਣ ਦੀ ਤਮੀਜ਼ ਨਹੀਂ ਤੈਨੂੰ, ਕਿਸੇ ਦੀ ਮਾਂ-ਭੈਣ ਨੂੰ। ਔਰਤ ਹੋ ਕੇ ਦੂਜਿਆਂ ਨੂੰ ਤੂੰ ਸੌ-ਸੌ ਰੁਪਏ ਵਾਲੀ ਦੱਸਦੀ ਹੈ, ਸਾਡੇ ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਨੇ। ਇਹ ਤਾਂ ਭੂੰਡਾਂ ਦੇ ਖੱਖਰ ਨੂੰ ਛੇੜ ਲਿਆ ਤੂੰ। ਪੰਜਾਬੀ ਗੂਗਲ ਕਰ ਲਈ।
3. ਆ ਜਾ, ਆ ਜਾ, ਧੇਲੇ ਦੀ ਅਕਲ ਨਹੀਂ ਤੈਨੂੰ। ਸਾਡੀਆਂ ਮਾਵਾਂ ਨੂੰ ਤੂੰ 100 ਰੁਪਏ ਵਾਲੀ ਦੱਸਦੀ ਹੈ। ਬਾਲੀਵੁੱਡ ਦੀ ਧਮਕੀ ਕਿਸੇ ਹੋਰ ਨੂੰ ਦੇ ਜਾ ਕੇ, ਅਸੀਂ ਵੱਟ ਕੱਢਣ ਨੂੰ ਹੀ ਜੰਮੇ ਹਾਂ, ਤੂੰ ਬੋਲਦੀ ਰਹੀ ਏ ਬਾਲੀਵੁੱਡ ਵਾਲਿਆਂ ਨੂੰ ਤੇਰਾ ਮੂੰਹ ਪੈ ਗਿਆ ਹਰ ਇਕ ਨੂੰ ਮਾੜਾ ਬੋਲਣ ਦਾ।
ਕੰਗਨਾ ਦਾ ਜਵਾਬ
ਪੰਜਾਬੀ ਸਮਝ ਆਉਂਦੀ ਹੈ ਮੈਨੂੰ, ਜਿਨ੍ਹਾਂ ਨੇ ਦਿੱਲੀ ’ਚ ਦੰਗੇ ਕਰਵਾਏ, ਖ਼ੂਨ ਦੀਆਂ ਨਦੀਆਂ ਵਹਾਈਆਂ, ਉਨ੍ਹਾਂ ਲੋਕਾਂ ਦਾ ਬਚਾਅ ਕਰਦੇ ਹੋਏ ਤੈਨੂੰ ਸ਼ਰਮ ਨਹੀਂ ਆਉਂਦੀ। ਤੈਨੂੰ ਕਿਉਂ ਸ਼ਰਮ ਆਵੇਗੀ, ਕਰਨ ਜੌਹਰ ਕਿਵੇਂ ਕੰਮ ਦਿੰਦਾ ਹੈ, ਸਭ ਨੂੰ ਪਤਾ ਹੈ।
ਦਿਲਜੀਤ ਦਾ ਜਵਾਬ
ਗੱਲ ਕਿਹੜੀ ਹੋ ਰਹੀ ਆ, ਆਹ ਜਾ ਕਿੱਧਰ ਨੂੰ ਰਹੀ ਆ, ਦਿਮਾਗ ਠੀਕ ਆ ਤੇਰਾ। ਗੱਲਾਂ ਨਾ ਘੁਮਾ, ਸਿੱਧਾ ਜਵਾਬ ਦੇ, ਜੋ ਭੌਂਕੀ ਆ ਤੂੰ ਸਾਡੀਆਂ ਮਾਵਾਂ ਲਈ। ਆ ਕੇ ਗੱਲ ਕਰੀਂ ਤੂੰ ਸਾਡੀਆਂ ਮਾਵਾਂ ਨਾਲ, ਜਿਨ੍ਹਾਂ ਨੂੰ ਤੂੰ 100-100 ਰੁਪਏ ਵਾਲੀਆਂ ਦੱਸਦੀ ਹੈ। ਸਾਰੀ ਹੀਰੋਇਨਗਿਰੀ ਕੱਢ ਦੇਣਗੀਆਂ ਤੇਰੀ।
ਕੰਗਨਾ ਦਾ ਜਵਾਬ
ਓਏ ਡੰਬੋ, ਗੱਲ ਉਹੀ ਹੈ, ਜਦੋਂ ਕਿਸੇ ਦੀ ਸਿਟੀਜ਼ਨਸ਼ਿਪ ਗਈ ਹੀ ਨਹੀਂ ਤਾਂ ਸ਼ਾਹੀਨ ਬਾਗ ਵਾਲੀ ਦਾਦੀ ਨੇ ਕਿਸ ਦੇ ਕਹਿਣ ’ਤੇ ਪ੍ਰੋਟੈਸਟ ਕੀਤਾ? ਜਦੋਂ ਐੱਮ. ਐੱਸ. ਪੀ. ਹਟਾਈ ਹੀ ਨਹੀਂ ਤਾਂ ਫਿਰ ਉਹੀ ਦਾਦੀ ਕਿਸ ਦੇ ਭੇਜਣ ’ਤੇ ਕਿਸਾਨਾਂ ਦੇ ਪ੍ਰੋਟੈਸਟ ’ਚ ਹਿੱਸਾ ਲੈ ਰਹੀ ਹੈ? ਕੌਣ ਉਸ ਨੂੰ ਪਿੱਛਿਓਂ ਬੋਲਣ ਲਈ ਉਕਸਾਉਂਦਾ ਹੈ।
ਦਿਲਜੀਤ ਦੇ 2 ਟਵੀਟ
1. ਆ ਜਾ ਆ ਜਾ, ਓਏ ਬਦਦਿਮਾਗ ਬਦਤਮੀਜ਼, ਗੱਲ ਹੋ ਰਹੀ ਜਿਸ ਮਾਂ ਨੂੰ ਤੂੰ ਸੌ ਰੁਪਏ ਦਿਹਾੜੀ ਵਾਲੀ ਕਹਿ ਕੇ ਫੋਟੋ ਪਾਈ ਸੀ, ਉਸ ਬੇਬੇ ਦਾ ਜਵਾਬ ਸੁਣ ਲਿਆ ਸੀ ਜਾਂ ਦੁਬਾਰਾ ਭੇਜਾ। ਐਵੇਂ ਗੱਲ ਨਾ ਘੁਮਾ, ਗੱਲ ਕਰਕੇ ਨਹੀਂ ਭੱਜੀਦਾ, ਜੋੜ-ਤੋੜ ਬਾਲੀਵੁੱਡ ’ਚ ਚੱਲਦਾ ਹੋਣਾ ਤੇਰਾ, ਪੰਜਾਬੀਆਂ ਨਾਲ ਨਹੀਂ ਚੱਲਣਾ।
2. ਇਕ ਔਰਤ ਹੋ ਕੇ ਦੂਸਰੀ ਔਰਤ ਨੂੰ ਸੌ ਰੁਪਏ ਦਿਹਾੜੀ ਵਾਲੀ ਕਹਿਣਾ ਕਿੰਨੀ ਕੁ ਸਿਆਣੀ ਗੱਲ ਹੈ। ਉਹ ਵੀ ਬਜ਼ੁਰਗ ਮਾਂ ਨੂੰ, ਇਸ ਗੱਲ ’ਤੇ ਆ, ਇਧਰ ਉਧਰ ਨਾ ਭੱਜ, ਐਵੇਂ ਹਵਾ ’ਚ ਤੀਰ ਮਾਰੀ ਜਾਂਦੀ ਹੈ, ਹਰ ਵਾਰ ਤੁਸੀਂ ਸਹੀ ਹੋਵੋ, ਇਹ ਜ਼ਰੂਰੀ ਨਹੀਂ ਹੁੰਦਾ।
ਕੰਗਨਾ ਦਾ ਜਵਾਬ
ਮੇਰਾ ਜਾਂ ਤੇਰਾ ਸਹੀ ਹੋਣਾ ਜ਼ਰੂਰੀ ਨਹੀਂ, ਦੇਸ਼ ਦਾ ਸਹੀ ਹੋਣਾ ਜ਼ਰੂਰੀ ਹੈ, ਤੁਸੀਂ ਲੋਕ ਕਿਸਾਨਾਂ ਨੂੰ ਭਟਕਾ ਰਹੇ ਹੋ, ਪ੍ਰੇਸ਼ਾਨ ਹਾਂ ਮੈਂ ਇਨ੍ਹਾਂ ਧਰਨਿਆਂ ਤੋਂ ਆਏ ਦਿਨ, ਇਨ੍ਹਾਂ ਦੰਗਿਆਂ ਤੋਂ, ਇਸ ਖ਼ੂਨ-ਖਰਾਬੇ ਤੋਂ ਤੇ ਤੁਸੀਂ ਸਾਰੇ ਭਾਗੀਦਾਰ ਹੋ ਇਸ ’ਚ। ਯਾਦ ਰੱਖਣਾ।
ਦਿਲਜੀਤ ਦਾ ਆਖਰੀ ਟਵੀਟ
ਤਾਂ ਭਰਾਓ ਅੱਜ ਦਾ ਆਖਰੀ ਟਵੀਟ, ਕੰਗਨਾ ਚੱਟਨ ’ਚ ਤੇ ਮੁੱਦੇ ਨੂੰ ਭਟਕਾਉਣ ਲਈ ਮਸ਼ਹੂਰ ਹੈ, ਮੁੱਦਾ ਕਿਸਾਨੀ ਦਾ ਹੈ, ਤਾਂ ਅਸੀਂ ਸਾਰੇ ਕਿਸਾਨਾਂ ਦੇ ਨਾਲ ਹਾਂ, ਸ਼ਾਂਤਮਈ ਤਰੀਕੇ ਨਾਲ, ਪੰਜਾਬ ਦੀਆਂ ਮਾਵਾਂ ਤੋਂ ਮੁਆਫੀ ਮੰਗ ਲਈ ਜੇ ਕਰਮ ਠੀਕ ਕਰਨੇ ਆ ਤਾਂ।
ਨੋਟ– ਦਿਲਜੀਤ ਤੇ ਕੰਗਨਾ ਦੀ ਇਸ ਟਵਿਟਰ ਵਾਰ ’ਚ ਤੁਸੀਂ ਕਿਸ ਦੇ ਨਾਲ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕਿਸਾਨਾਂ ਤੇ ਸਰਕਾਰ ਵਿਚਾਲੇ 5ਵੇਂ ਦੌਰ ਦੀ ਬੈਠਕ ਵੀ ਰਹੀ ਬੇਸਿੱਟਾ
NEXT STORY