ਨਵੀਂ ਦਿੱਲੀ (ਬਿਊਰੋ)– ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਤੇ ਜੋਰਡਨ ਸੰਧੂ ਬੀਤੇ ਦਿਨੀਂ ਸਿੰਘੂ ਬਾਰਡਰ ’ਤੇ ਪਹੁੰਚੇ। ਇਸ ਦੌਰਾਨ ਜਿਥੇ ਕਿਸਾਨਾਂ ਵਲੋਂ ਲਾਏ ਧਰਨੇ ’ਚ ਦੋਵਾਂ ਗਾਇਕਾਂ ਵਲੋਂ ਸ਼ਮੂਲੀਅਤ ਕੀਤੀ ਗਈ, ਉਥੇ ਕਿਸਾਨਾਂ ਨੂੰ ਖਾਸ ਸੁਨੇਹਾ ਵੀ ਦਿੱਤਾ ਗਿਆ।
ਧਰਨੇ ’ਚ ਸ਼ਾਮਲ ਹੋਣ ਦੀਆਂ ਵੀਡੀਓਜ਼ ਦਿਲਪ੍ਰੀਤ ਤੇ ਜੋਰਡਨ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟਸ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਦਿਲਪ੍ਰੀਤ ਢਿੱਲੋਂ ਨੇ ਇੰਸਟਾਗ੍ਰਾਮ ਦੀ ਇਸ ਪੋਸਟ ਨਾਲ ਲਿਖਿਆ, ‘ਹੁਣ ਆਪਣੀ ਸਾਰਿਆਂ ਦੀ ਧਰਨੇ ’ਤੇ ਜ਼ਿਆਦਾ ਲੋੜ ਹੈ। ਧਰਨਾ ਅੱਗੇ ਨਾਲੋਂ ਵੱਧ ਮਜ਼ਬੂਤ ਹੈ।’
ਇਸ ਦੌਰਾਨ ਜਿਥੇ ਦਿਲਪ੍ਰੀਤ ਤੇ ਜੋਰਡਨ ਤੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਗਾਏ, ਉਥੇ ਕਿਸਾਨਾਂ ਨੂੰ ਖਾਸ ਅਪੀਲ ਵੀ ਕੀਤੀ। ਦਿਲਪ੍ਰੀਤ ਢਿੱਲੋਂ ਤੇ ਜੋਰਡਨ ਸੰਧੂ ਨੇ ਇਸ ਦੌਰਾਨ ਕਿਹਾ, ‘ਜੋ ਅਜੇ ਤਕ ਇਥੇ ਨਹੀਂ ਪਹੁੰਚੇ, ਹੁਣ ਤੁਹਾਡੀ ਇਥੇ ਵਧੇਰੇ ਲੋੜ ਹੈ। ਹਰੇਕ ਪਿੰਡ ’ਚੋਂ ਜਿਵੇਂ ਪਹਿਲਾਂ ਸਾਰੇ ਜਾਣੇ ਇਕੱਠੇ ਹੋ ਕੇ ਪਹੁੰਚ ਰਹੇ ਸਨ, ਹੁਣ ਵੀ ਉਸੇ ਤਰ੍ਹਾਂ ਇਕੱਠੇ ਹੋ ਕੇ ਪਹੁੰਚੋ। ਅਸੀਂ ਜਿੱਤ ਦੇ ਬਿਲਕੁਲ ਨਜ਼ਦੀਕ ਹਾਂ।’
ਦੱਸਣਯੋਗ ਹੈ ਕਿ 26 ਜਨਵਰੀ ਤੋਂ ਬਾਅਦ ਕਿਸਾਨਾਂ ਦੇ ਧਰਨੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿਚਾਲੇ ਵੱਖ-ਵੱਖ ਪੰਜਾਬੀ ਗਾਇਕਾਂ ਵਲੋਂ ਕਿਸਾਨਾਂ ਦੇ ਸਮਰਥਨ ’ਚ ਅੱਗੇ ਹੋ ਕੇ ਹੰਬਲਾ ਮਾਰਿਆ ਜਾ ਰਿਹਾ ਹੈ। ਦਿਲਪ੍ਰੀਤ ਤੇ ਜੋਰਡਨ ਤੋਂ ਇਲਾਵਾ ਹੋਰ ਕਈ ਕਲਾਕਾਰ ਵੀ ਧਰਨੇ ਨੂੰ ਮਜ਼ਬੂਤ ਬਣਾਉਣ ਲਈ ਜੀਅ-ਤੋੜ ਕੋਸ਼ਿਸ਼ਾਂ ਕਰ ਰਹੇ ਹਨ।
ਨੋਟ– ਦਿਲਪ੍ਰੀਤ ਤੇ ਜੋਰਡਨ ਦੇ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਪਿੰਡ-ਪਿੰਡ ਮਤੇ ਪਾ ਕੇ ਦਿੱਲੀ ਧਰਨਿਆਂ ਲਈ ਕੀਤਾ ਜਾ ਰਿਹੈ ਜਾਗਰੂਕ
NEXT STORY