ਲੁਧਿਆਣਾ (ਜ.ਬ.)- ਦਿਲਰੋਜ਼ ਕਤਲ ਕਾਂਡ ’ਚ ਜਿੱਥੇ ਜੱਜ ਨੇ ਮੁਲਜ਼ਮ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾ ਕੇ ਇਤਿਹਾਸਕ ਫੈਸਲਾ ਲਿਆ ਹੈ, ਉਥੇ ਇਸ ਕੇਸ ਨੂੰ ਇਤਿਹਾਸਕ ਫੈਸਲੇ ਤੱਕ ਪਹੁੰਚਾਉਣ ਲਈ ਵਕੀਲਾਂ ਨੇ ਵੀ ਵੱਡਾ ਰੋਲ ਅਦਾ ਕੀਤਾ ਹੈ। ਇਸੇ ਤਰ੍ਹਾਂ ਕਮਿਸ਼ਨਰੇਟ ਪੁਲਸ ਦੀ ਵੀ ਇਸ ਕੇਸ ’ਚ ਵੱਡੀ ਭੂਮਿਕਾ ਰਹੀ ਹੈ ਕਿਉਂਕਿ ਕਤਲ ਤੋਂ ਬਾਅਦ ਅਪਰਾਧੀ ਨੂੰ ਸਜ਼ਾ ਦਿਵਾਉਣ ਲਈ ਸਬੂਤ ਜੁਟਾਉਣ ਤੋਂ ਲੈ ਕੇ ਗਵਾਹਾਂ ਨੂੰ ਕੋਰਟ ’ਚ ਆਪਣੀ ਗੱਲ ’ਤੇ ਖੜ੍ਹੇ ਰਹਿਣ ਤੱਕ ਪੁਲਸ ਨੇ ਬਾਖੂਬੀ ਆਪਣੀ ਡਿਊਟੀ ਨਿਭਾਈ ਹੈ। ਇਸ ਦੇ ਨਾਲ ਹੀ ਸੇਫ ਸਿਟੀ ਪ੍ਰਾਜੈਕਟ ਦੇ ਕੈਮਰਿਆਂ ਨੇ ਵੀ ਪੁਲਸ ਦੀ ਕਾਫੀ ਮਦਦ ਕੀਤੀ।
ਇਸ ਮਾਮਲੇ ਦੀ ਸ਼ੁਰੂਆਤ 28 ਨਵੰਬਰ 2021 ਨੂੰ ਹੋਈ ਸੀ, ਜਦੋਂ ਸ਼ਿਮਲਾਪੁਰੀ ਦੀ ਰਹਿਣ ਵਾਲੀ ਢਾਈ ਸਾਲ ਦੀ ਦਿਲਰੋਜ਼ ਲਾਪਤਾ ਹੋ ਗਈ ਸੀ। ਜਦ ਬੱਚੀ ਨਾ ਮਿਲੀ ਤਾਂ ਪੀੜਤ ਪਰਿਵਾਰ ਨੇ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਸ਼ਿਮਲਾਪੁਰੀ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਚੌਕੀ ਇੰਚਾਰਜ ਏ.ਐੱਸ.ਆਈ. ਗੁਰਬਖਸ਼ੀਸ਼ ਸਿੰਘ ਨੇ ਇਲਾਕੇ ’ਚ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਸਮੇਤ ਸੇਫ ਸਿਟੀ ਪ੍ਰਾਜੈਕਟ ਦੇ ਵੀ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਸਨ।
ਇਸ ਦੌਰਾਨ ਉਨ੍ਹਾਂ ਨੂੰ ਐਸੀ ਫੁਟੇਜ ਮਿਲੀ, ਜਿਸ ਵਿਚ ਨੀਲਮ ਐਕਟਿਵਾ ’ਤੇ ਜਾਂਦੀ ਨਜ਼ਰ ਆਈ ਅਤੇ ਦਿਲਰੋਜ਼ ਐਕਟਿਵਾ ਦੇ ਅੱਗੇ ਖੜ੍ਹੀ ਹੋਈ ਸੀ। ਨੀਲਮ ਬੱਚੀ ਨੂੰ ਆਪਣੇ ਨਾਲ ਲਿਜਾ ਰਹੀ ਸੀ। ਫੁਟੇਜ ਤੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਨੀਲਮ ਬੱਚੀ ਨੂੰ ਅਗਵਾ ਕਰ ਕੇ ਲੈ ਗਈ ਸੀ। ਜਦ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਸਾਰੀ ਸਚਾਈ ਸਾਹਮਣੇ ਆ ਗਈ ਸੀ।
ਨੀਲਮ ਨੇ ਦੱਸਿਆ ਸੀ ਕਿ ਉਸ ਨੇ ਬੱਚੀ ਨੂੰ ਜਲੰਧਰ ਬਾਈਪਾਸ ਨੇੜੇ ਇਕ ਬੇਆਬਾਦ ਪਲਾਟ ’ਚ ਦਫਨਾ ਦਿੱਤਾ ਸੀ। ਏ.ਐੱਸ.ਆਈ. ਗੁਰਬਖਸੀਸ਼ ਸਿੰਘ ਘਟਨਾ ਸਥਾਨ ’ਤੇ ਪੁੱਜੇ ਅਤੇ ਮੁਲਜ਼ਮ ਔਰਤ ਦੀ ਨਿਸ਼ਾਨਦੇਹੀ ’ਤੇ ਬੱਚੀ ਨੂੰ ਬਰਾਮਦ ਕਰ ਲਿਆ ਸੀ ਪਰ ਤਦ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ।
ਪੁਲਸ ਨੇ ਮੁਲਜ਼ਮ ਮਹਿਲਾ ਨੀਲਮ ’ਤੇ ਕੇਸ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਸੀ। ਮੁਲਜ਼ਮ ਔਰਤ ਨੇ ਵੀ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ। ਏ.ਐੱਸ.ਆਈ. ਗੁਰਬਖਸ਼ੀਸ਼ ਸਿੰਘ ਨੇ ਜਦ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਮਹਿਲਾ ਨੀਲਮ ਨੇ ਦੱਸਿਆ ਕਿ ਮ੍ਰਿਤਕ ਦਾ ਪਿਤਾ ਹਰਪ੍ਰੀਤ ਸਿੰਘ ਪੁਲਸ ਮੁਲਾਜ਼ਮ ਸੀ ਅਤੇ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਉਸ ਨਾਲ ਮਿਲਣ ਅਤੇ ਗੱਲਬਾਤ ਕਰਨ ਤੋਂ ਰੋਕਦਾ ਸੀ, ਜਿਸ ਕਾਰਨ ਨੀਲਮ ਹਰਪ੍ਰੀਤ ਨਾਲ ਰੰਜਿਸ਼ ਰੱਖਣ ਲੱਗੀ ਸੀ।
ਨੀਲਮ ਸਿੰਗਲ ਮਾਂ ਸੀ ਤੇ ਉਹ ਆਪਣੇ ਬੱਚਿਆਂ ਲਈ ਜ਼ਿਆਦਾ ਖਰਚ ਨਹੀਂ ਕਰ ਪਾਉਂਦੀ ਸੀ। ਉਹ ਦਿਲਰੋਜ਼ ਕੋਲ ਰੋਜ਼ਾਨਾ ਨਵਾਂ ਖਿਡੋਣਾ ਦੇਖ ਕੇ ਹੀਣ ਭਾਵਨਾ ਰੱਖਦੀ ਸੀ ਕਿ ਉਸ ਦੇ ਬੱਚਿਆਂ ਕੋਲ ਕੁਝ ਨਹੀਂ ਹੈ ਪਰ ਦਿਲਰੋਜ਼ ਦਾ ਪਿਤਾ ਉਸ ਨੂੰ ਰੋਜ਼ਾਨਾ ਕੋਈ ਨਾਲ ਕੋਈ ਚੀਜ਼ ਲਿਆ ਕੇ ਦਿੰਦਾ ਹੈ। ਦਿਮਾਗੀ ਤੌਰ ’ਤੇ ਸਾਈਕੋ ਨੀਲਮ ਹਰਪ੍ਰੀਤ ਨਾਲ ਰੰਜਿਸ਼ ਕੱਢਣ ਲਈ ਦਿਲਰੋਜ਼ ਨੂੰ ਆਪਣੀਆਂ ਗੱਲਾਂ ’ਚ ਉਲਝਾ ਕੇ ਲੈ ਗਈ ਸੀ, ਫਿਰ ਉਸ ਨੂੰ ਜ਼ਿੰਦਾ ਦਫਨਾ ਦਿੱਤਾ ਸੀ।
ਮੁਲਜ਼ਮ ਔਰਤ ਨੂੰ ਸਜ਼ਾ ਦਿਵਾਉਣ ਲਈ ਸਬੂਤ ਇਕੱਠੇ ਕਰ ਕੇ ਅਦਾਲਤ ’ਚ ਦਿੱਤੇ
ਜਾਂਚ ਵਿਚ ਏ.ਐੱਸ.ਆਈ. ਗੁਰਬਖਸ਼ੀਸ਼ ਸਿੰਘ ਨੇ ਐਕਟਿਵਾ ’ਤੇ ਜਾਣ ਵਾਲਾ ਰੂਟ ਪਤਾ ਕੀਤਾ ਤੇ ਉਸ ਰੂਟ ’ਤੇ ਸੇਫ ਸਿਟੀ ਪ੍ਰਾਜੈਕਟ ਤਹਿਤ ਲੱਗੇ ਕੈਮਰੇ ਚੈੱਕ ਕੀਤੇ, ਜਿਨ੍ਹਾਂ ’ਚ ਬੱਚੀ ਨੂੰ ਲੈ ਜਾਂਦੇ ਹੋਏ ਮੁਲਜ਼ਮ ਮਹਿਲਾ ਕੈਦ ਹੋ ਗਈ। ਪੁਲਸ ਨੇ ਗਿੱਲ ਰੋਡ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ, ਵਿਸ਼ਵਕਰਮਾ ਚੌਕ, ਜਗਰਾਓਂ ਪੁਲ ਅਤੇ ਜਲੰਧਰ ਬਾਈਪਾਸ ਕੋਲ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਉਥੋਂ ਫੁਟੇਜ ਦੇ ਨਾਲ-ਨਾਲ ਸਕ੍ਰੀਨਸ਼ਾਟ ਲੈ ਕੇ ਉਸ ਨੂੰ ਇਕ ਪੈਨਡਰਾਈਵ ’ਚ ਪਾ ਕੇ ਉਸ ਨੂੰ ਸਬੂਤ ਦੇ ਤੌਰ ’ਤੇ ਅਦਾਲਤ ’ਚ ਪੇਸ਼ ਕੀਤਾ ਗਿਆ।
ਇਸ ਤੋਂ ਬਾਅਦ ਪੁਲਸ ਨੇ ਨੀਲਮ ਦੇ ਫੋਨ ਦੀ ਜਾਂਚ ਕੀਤੀ ਅਤੇ ਜੋ ਨੰਬਰ ਉਸ ਦੇ ਨਾਂ ’ਤੇ ਸੀ ਉਸ ਦੀ ਸੀ.ਵੀ.ਆਰ. ਚੈੱਕ ਕਰਵਾਈ। ਸੀ.ਵੀ.ਆਰ. ਸੇਫ ਸਿਟੀ ਪ੍ਰਾਜੈਕਟ ਤਹਿਤ ਲੱਗੇ ਕੈਮਰਿਆਂ ਦੀ ਟਾਈਮਿੰਗ ਨੂੰ ਮਿਲਾਇਆ ਗਿਆ, ਜਿਸ ਤੋਂ ਬਾਅਦ ਫੋਨ ਕੰਪਨੀ ਤੋਂ 65-ਬੀ ਦਾ ਸਰਟੀਫਿਕੇਟ ਲੈ ਕੇ ਉਸ ਨੂੰ ਲਾਕ ਕਰ ਕੇ ਦਿੱਤਾ ਕਿ ਕੱਲ੍ਹ ਨੂੰ ਨੀਲਮ ਇਹ ਨਾ ਕਹਿ ਸਕੇ ਕਿ ਉਹ ਉਸ ਰਸਤੇ ਨਹੀਂ ਸੀ। ਸਾਰੇ ਸਬੂਤ ਜਟਾਉਣ ਤੋਂ ਬਾਅਦ ਪੁਲਸ ਨੇ ਅਦਾਲਤ ’ਚ ਜਮ੍ਹਾ ਕਰਵਾਏ। ਨਾਲ-ਨਾਲ ਇਸ ਮਾਮਲੇ ’ਚ 25 ਦੇ ਲਗਭਗ ਗਵਾਹੀਆਂ ਦਿੱਤੀਆਂ।
ਹੈਰਾਨੀਜਨਕ ਗੱਲ ਇਹ ਹੈ ਕਿ ਇਸ ਕੇਸ ’ਚ ਮੁਲਜ਼ਮ ਨੀਲਮ ਦੇ ਵਕੀਲ ਅਤੇ ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਬਖਸ਼ੀਸ਼ ਸਿੰਘ ਦੀਆਂ 3 ਦਿਨ ਤੱਕ ਕ੍ਰਾਸ ਬਹਿਸ ਵੀ ਹੋਈ, ਜਿਸ ਵਿਚ ਏ.ਐੱਸ.ਆਈ. ਗੁਰਬਖਸ਼ੀਸ਼ ਸਿੰਘ ਨੇ ਪੁਲਸ ਵੱਲੋਂ ਸਾਰੇ ਐਵੀਡੈਂਸ ਅਤੇ ਹੋਰ ਸਵਾਲਾਂ ਦੇ ਜਵਾਬ ਦਿੱਤੇ ਅਤੇ ਇਸ ਕੇਸ ’ਚ ਨੀਲਮ ਨੂੰ ਸਜ਼ਾ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੈਲਫੀ ਲੈਣ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹੇ 16 ਸਾਲਾ ਮੁੰਡੇ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
NEXT STORY