ਜਲੰਧਰ, (ਧਵਨ)– ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਅੱਜ ਆਪਣੇ ਬੈਜ ’ਤੇ ਆਪਣਾ ਨਾਂ ਬਦਲ ਕੇ ਹਰਜੀਤ ਸਿੰਘ ਰੱਖ ਲਿਆ। ਇਹ ਕਦਮ ਡੀ. ਜੀ. ਪੀ. ਸਮੇਤ ਸਾਰੇ ਪੁਲਸ ਅਧਿਕਾਰੀਆਂ ਨੇ ਪੰਜਾਬ ਪੁਲਸ ਦੇ ਜਾਂਬਾਜ ਅਧਿਕਾਰੀ ਸਬ-ਇੰਸਪੈਕਟਰ ਹਰਜੀਤ ਸਿੰਘ ਦੇ ਸਨਮਾਨ ’ਚ ਕੀਤਾ। ਡੀ. ਜੀ. ਪੀ. ਤੋਂ ਇਲਾਵਾ ਸਾਰੇ ਏ. ਡੀ. ਜੀ. ਪੀ., ਆਈ. ਜੀ., ਡੀ. ਆਈ. ਜੀ., ਪੁਲਸ ਕਮਿਸ਼ਨਰ, ਐੱਸ. ਐੱਸ. ਪੀਜ਼. ਤੇ ਹੋਰ ਸਾਰੇ ਛੋਟੇ ਰੈਂਕ ਦੇ ਪੁਲਸ ਮੁਲਾਜਮਾਂ ਨੇ ‘ਮੈਂ ਵੀ ਹਰਜੀਤ’ ਦੇ ਬੈਜ ਲਗਾ ਕੇ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਲਾਮ ਕੀਤੀ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਸਭ ਤੋਂ ਪਹਿਲਾਂ ਹਰਜੀਤ ਸਿੰਘ ਦੇ ਨਾਂ ਦਾ ਬੈਜ ਲਗਾਇਆ। ਹਰਜੀਤ ਸਿੰਘ ਇਸ ਸਮੇਂ ਚੰਡੀਗੜ੍ਹ ਪੀ. ਜੀ. ਆਈ. ’ਚ ਦਾਖਲ ਹਨ। 12 ਅਪ੍ਰੈਲ ਨੂੰ ਪਟਿਆਲਾ ’ਚ ਸਬਜ਼ੀ ਮੰਡੀ ’ਚ ਕਰਫਿਊ ਪਾਸ ਮੰਗਣ ਦੇ ਦੌਰਾਨ ਨਿਹੰਗ ਸਿੰਘਾਂ ਦੇ ਇਕ ਗਰੁੱਪ ਨੇ ਹਰਜੀਤ ਸਿੰਘ ’ਤੇ ਜਾਨਲੇਵਾ ਹਮਲਾ ਕਰ ਕੇ ਉਨ੍ਹਾਂ ਦਾ ਹੱਥ ਕੱਟ ਦਿੱਤਾ ਸੀ। ਹਾਲਾਂਕਿ ਬਾਅਦ ’ਚ ਪੀ. ਜੀ. ਆਈ. ਦੇ ਡਾਕਟਰਾਂ ਨੇ 7.30 ਘੰਟੇ ਚੱਲੇ ਆਪ੍ਰੇਸ਼ਨ ’ਚ ਹਰਜੀਤ ਸਿੰਘ ਦਾ ਹੱਥ ਜੋੜ ਦਿੱਤਾ ਸੀ। ਹਰਜੀਤ ਸਿੰਘ ਇਸ ਸਮੇਂ ਪੀ. ਜੀ. ਆਈ. ’ਚ ਸਿਹਤ ਸੰਬੰਧੀ ਲਾਭ ਲੈ ਰਹੇ ਹਨ। ਹਰਜੀਤ ਸਿੰਘ ਨੂੰ ਸਨਮਾਨ ਦੇਣ ਲਈ ਡੀ. ਜੀ. ਪੀ. ਨੇ ਅੱਜ ਸਵੇਰੇ ਟਵੀਟ ਕਰਦੇ ਹੋਏ ਕਿਹਾ ਕਿ ਅਸੀਂ ਆਪਣੀਆਂ ਛਾਤੀਆਂ ’ਤੇ ਉਨ੍ਹਾਂ ਦੇ ਨਾਂ ਦੀ ਨੇਮ ਪਲੇਟ ਲਗਾਉਂਦੇ ਹੋਏ ਮਾਣ ਤੇ ਸਨਮਾਨ ਮਹਿਸੂਸ ਕਰ ਰਹੇ ਹਾਂ। ਡੀ. ਜੀ. ਪੀ. ਦੇ ਟਵੀਟ ਤੋਂ ਬਾਅਦ ਸਮੁੱਚੇ ਪੁਲਸ ਅਧਿਕਾਰੀਆਂ ਅਤੇ ਕਰਮਾਚੀਆਂ ਨੇ ਆਪਣੀਆਂ ਛਾਤੀਆਂ ’ਤੇ ਲੱਗੀ ਪਲੇਟ ਦੇ ਉੱਪਰ ਹਰਜੀਤ ਸਿੰਘ ਦਾ ਨਾਂ ਲਿਖ ਲਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਜੀਤ ਸਿੰਘ ਦੀ ਬਹਾਦਰੀ ਦੇਖਦੇ ਹੋਏ ਉਸ ਨੂੰ ਆਉਟ ਆਫ ਟਰਨ ਤਰੱਕੀ ਦੇਣ ਦੇ ਨਿਰਦੇਸ਼ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਦਿੱਤੇ ਗਏ ਤਾਂ ਕਿ ਸੂਬਾ ਪੁਲਸ ਫੋਰਸ ਦੇ ਹੋਰ ਅਧਿਕਾਰੀਆਂ ਨੂੰ ਵੀ ਪ੍ਰੇਰਣਾ ਮਿਲ ਸਕੇ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਅੱਜ ਦੱਸਿਆ ਕਿ ਹਰਜੀਤ ਸਿੰਘ ਨੂੰ ਤਰੱਕੀ ਦੇ ਕੇ ਏ. ਐੱਸ. ਆਈ. ਤੋਂ ਸਬ ਇੰਸਪੈਕਟਰ ਬਣਾ ਦਿੱਤਾ ਗਿਆ ਹੈ।
ਹਰਜੀਤ ਸਿੰਘ ਬਣੇ ਕੋਰੋਨਾ ਵਾਇਰਸ ਯੋਧਿਆਂ ’ਤੇ ਹਮਲੇ ਦੇ ਪ੍ਰਤੀਕ
ਦੇਸ਼ ’ਚ ਫੈਲੇ ਕੋਰੋਨਾ ਵਾਇਰਸ ਕਾਰਣ ਇਸ ਦੇ ਖਿਲਾਫ ਲੜਾਈ ਲੜ ਰਹੇ ਯੋਧਿਆਂ ਜਿਵੇਂ ਪੁਲਸ, ਡਾਕਟਰ, ਪੈਰਾਮੈਡੀਕਲ ਸਟਾਫ ਅਤੇ ਸਫਾਈ ਸੇਵਕਾਂ ’ਤੇ ਹੋ ਰਹੇ ਹਮਲਿਆਂ ਦਾ ਪ੍ਰਤੀਕ ਸਬ ਇੰਸਪੈਕਟਰ ਹਰਜੀਤ ਸਿੰਘ ਬਣ ਗਏ ਹਨ। ਅੱਜ ਜਿਸ ਤਰ੍ਹਾਂ ਹਰਜੀਤ ਸਿੰਘ ਨੂੰ ਸਨਮਾਨ ਦਿੰਦੇ ਹੋਏ ਸਮੁੱਚੀ ਪੰਜਾਬ ਪੁਲਸ ਫੋਰਸ ਨੇ ਉਨ੍ਹਾਂ ਦੇ ਨਾਂ ਦੇ ਬੈਜ ਲਗਾਏ ਉਸ ਤੋਂ ਇਕ ਤਾਂ ਇਹ ਸੰਦੇਸ਼ ਦਿੱਤਾ ਗਿਆ ਕਿ ਸਮੁੱਚੀ ਫੋਰਸ ਉਨ੍ਹਾਂ ਦੇ ਪਿੱਛੇ ਖੜ੍ਹੀ ਹੈ।
ਪੁਲਸ ਕਰਮਚਾਰੀਆਂ ਅਤੇ ਡਾਕਟਰਾਂ ਖਿਲਾਫ ਹਮਲੇ ਨਾਲ ਭਾਰਤ ਹੋਰ ਇਕਜੁੱਟ ਹੋਇਆ : ਦਿਨਕਰ ਗੁਪਤਾ
ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੁਲਸ ਜਵਾਨਾਂ ਅਤੇ ਡਾਕਟਰਾਂ ’ਤੇ ਹੋ ਰਹੇ ਹਮਲੇ ਤੋਂ ਬਾਅਦ ਕੋਰੋਨਾ ਵਾਇਰਸ ਖਿਲਾਫ ਲੜਾਈ ਲੜ ਰਹੇ ਫਰੰਟ ਲਾਈਨ ਜਵਾਨਾਂ ਜਿਵੇਂ ਸਬ ਇੰਸਪੈਕਟਰ ਹਰਜੀਤ ਸਿੰਘ ਦੇ ਕਾਰਣ ਭਾਰਤ ਹੋਰ ਮਜ਼ਬੂਤ ਹੋਇਆ ਹੈ ਅਤੇ ਹਮਲਿਆਂ ਨੇ ਦੇਸ਼ ਨੂੰ ਪੂਰੀ ਤਰ੍ਹਾਂ ਇਕਜੁੱਟ ਵੀ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਜੀਤ ਸਿੰਘ ਨੂੰ ਸਨਮਾਨ ਦੇ ਕੇ ਅਸੀਂ ਸਾਰੇ ਫਰੰਟ ਲਾਈਨ ਯੋਧਿਆਂ ਨੂੰ ਇਹ ਸੰਦੇਸ਼ ਵੀ ਭੇਜ ਦਿੱਤਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦੇ ਹਿੱਤਾਂ ਦਾ ਬਚਾਅ ਕਰਾਂਗੇ।
ਪੰਜਾਬ ਵਾਪਸ ਆਉਣ ਦੇ ਚਾਹਵਾਨ ਸਰਕਾਰ ਦੀ ਵੈੱਬਸਾਈਟ 'ਤੇ ਖੁਦ ਨੂੰ ਕਰਨ ਰਜਿਸਟਰਡ
NEXT STORY