ਲੁਧਿਆਣਾ (ਰਾਜ): ਮਹਾਨਗਰ ਵਿਚ ਸਾਈਬਰ ਠੱਗਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੇ ਪੁਲਸ ਦੇ ਵੱਡੇ ਅਫ਼ਸਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲੇ ਵਿਚ ਲੁਧਿਆਣਾ ਪੁਲਸ ਕਮਿਸ਼ਨਰੇਟ ਵਿਚ ਤਾਇਨਾਤ ਅਸਿਸਟੈਂਟ ਕਮਿਸ਼ਨਰ ਟ੍ਰੈਫਿਕ ਗੁਰਦੇਵ ਸਿੰਘ ਦੀ ਇਕ ਫਰਜ਼ੀ ਫੇਸਬੁੱਕ ਆਈ. ਡੀ. ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਾਤਿਰ ਠੱਗਾਂ ਨੇ ਨਾ ਸਿਰਫ਼ ACP ਗੁਰਦੇਵ ਸਿੰਘ ਦੇ ਨਾਂ ਅਤੇ ਤਸਵੀਰ ਦੀ ਵਰਤੋਂ ਕੀਤੀ ਹੈ, ਸਗੋਂ ਵੇਖਦੇ ਹੀ ਵੇਖਦੇ ਉਸ 'ਤੇ 49 ਲੋਕਾਂ ਨੂੰ ਦੋਸਤ ਵਜੋਂ ਜੋੜ ਲਿਆ ਹੈ।
ਇਸ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਏ. ਸੀ. ਪੀ. ਗੁਰਦੇਵ ਸਿੰਘ ਦੇ ਇਕ ਕਰੀਬੀ ਦੋਸਤ ਦੇ ਨਾਲ ਇਕ ਫਰਜ਼ੀ ਅਕਾਊਂਟ ਤੋਂ ਫਰੈਂਡ ਰਿਕਵੈਸਟ ਪਹੁੰਚੀ। ਦੋਸਤ ਨੂੰ ਆਈ. ਡੀ. ਪ੍ਰੋਫ਼ਾਈਲ ਤੇ ਗਤੀਵਿਧੀਆਂ 'ਤੇ ਸ਼ੱਕ ਹੋਇਆ, ਜਿਸ ਮਗਰੋਂ ਉਸ ਨੇ ਤੁਰੰਤ ਫ਼ੋਨ 'ਤੇ ਏ. ਸੀ. ਪੀ. ਗੁਰਦੇਵ ਸਿੰਘ ਨੂੰ ਇਸ ਦੀ ਜਾਣਕਾਰੀ ਦਿੱਤੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਏ. ਸੀ. ਪੀ. ਨੇ ਦੇਰ ਰਾਤ ਆਪਣੇ ਅਧਿਕਾਰਤ ਫੇਸਬੁੱਕ ਖਾਤੇ ਤੋਂ ਇਕ ਪੋਸਟ ਸਾਂਝੀ ਕਰ ਕੇ ਲੋਕਾਂ ਨੂੰ ਸੁਚੇਤ ਕੀਤਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਉਨ੍ਹਾਂ ਦੇ ਨਾਂ ਦੀ ਦੁਰਵਰਤੋਂ ਕਰਦਿਆਂ ਇਕ ਫਰਜ਼ੀ ਆਈ. ਡੀ. ਬਣਾਈ ਹੈ ਤੇ ਲੋਕਾਂ ਨੂੰ ਜਾਲ ਵਿਚ ਫਸਾਉਣ ਲਈ ਫਰੈਂਡ ਰਿਕਵੈਟ ਭੇਜ ਰਿਹਾ ਹੈ।
ਏ. ਸੀ. ਪੀ. ਗੁਰਦੇਵ ਸਿੰਘ ਨੇ ਆਪਣੀ ਪੋਸਟ ਜ਼ਰੀਏ ਜਨਤਾ ਤੇ ਆਪਣੇ ਸ਼ੁਭਚਿੰਤਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫਰਜ਼ੀ ਆਈ. ਡੀ. ਤੋਂ ਆਉਣ ਵਾਲੀ ਰਿਕਵੈਸਟ ਨੂੰ ਅਕਸੈਪਟ ਨਾ ਕਰਨ ਤੇ ਨਾ ਹੀ ਉਸ ਨੂੰ ਫ਼ਾਲੋ ਕਰਨ। ਉਨ੍ਹਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਇਹ ਕਿਸੇ ਵੱਡੇ ਸਾਈਬਰ ਫਰਾਡ ਦੀ ਸਾਜ਼ਿਸ਼ ਹੋ ਸਕਦੀ ਹੈ, ਜਿਸ ਵਿਚ ਫਰੈਂਡ ਲਿਸਟ ਵਿਚ ਸ਼ਾਮਲ ਕਰਨ ਮਗਰੋਂ ਠੱਗ ਪੈਸਿਆਂ ਦੀ ਮੰਗ ਕਰ ਸਕਦੇ ਹਨ ਜਾਂ ਹੋਰ ਤਰੀਕੇ ਨਾਲ ਨੁਕਸਾਨ ਪਹੁੰਚਾ ਸਕਦੇ ਹਨ। ਪੁਲਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਫਰਜ਼ੀ ਆਈ. ਡੀ. ਬਣਾਉਣ ਵਾਲੇ ਸ਼ਾਤਿਰ ਅਪਰਾਧੀਆਂ ਤਕ ਪਹੁੰਚਾਇਆ ਜਾ ਸਕੇ।
ਬਲੌਂਗੀ ਵਿਚਲੇ ਗੰਦੇ ਨਾਲੇ ’ਚੋਂ ਔਰਤ ਦੀ ਮਿਲੀ ਲਾਸ਼
NEXT STORY