ਦਿੜ੍ਹਬਾ ਮੰਡੀ (ਜ.ਬ.) : ''ਜੇਕਰ ਕੈਪਟਨ ਨੂੰ ਸੂਬੇ ਦੇ ਲੋਕਾਂ ਨਾਲ ਰੱਤੀ ਭਰ ਵੀ ਮੋਹ ਹੁੰਦਾ ਤਾਂ ਉਹ ਮਹਿਲਾਂ 'ਚੋਂ ਬਾਹਰ ਨਿਕਲ ਕੇ ਲੋਕਾਂ ਦੇ ਦੁੱਖ-ਦਰਦ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਦਾ।'' ਇਹ ਵਿਚਾਰ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੇ ਗ੍ਰਹਿ ਸੂਲਰ ਘਰਾਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹੇ ਹਨ ਨਾ ਕਿ ਕਿਸੇ ਇਕ ਵਿਅਕਤੀ ਨਾਲ ਇਸ ਕਰਕੇ ਕਿਸੇ ਵੀ ਪਾਰਟੀ ਨੂੰ ਇੱਕਾ-ਦੁੱਕਾ ਆਗੂਆਂ ਦੇ ਚਲੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਨੰਬਰ ਦਾ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਝੂਠ ਬੋਲਣ 'ਤੇ ਕੋਈ ਜ਼ੋਰ ਨਹੀਂ ਲੱਗਦਾ। ਇਸ ਲਈ ਕੈਪਟਨ ਦਿੱਲੀ ਚੋਣਾਂ ਦੌਰਾਨ ਕੀਤੇ ਜਾ ਰਹੇ ਪ੍ਰਚਾਰ ਮੌਕੇ ਪੰਜਾਬ ਅੰਦਰ ਨੌਜਵਾਨਾਂ ਲਈ ਰੋਜ਼ਗਾਰ, ਸਮਾਰਟ ਸਕੂਲਾਂ 'ਤੇ ਹੋਰ ਰੱਜ ਕੇ ਝੂਠ ਬੋਲਦਾ ਰਿਹਾ ਹੈ ਪਰ ਪੰਜਾਬ ਦੇ ਲੋਕ ਤਿੰਨ ਸਾਲਾਂ ਦੇ ਸਮੇਂ 'ਚ ਹੀ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਨਕਾਰ ਚੁੱਕੇ ਹਨ। ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਤੋਂ 23 ਫਰਵਰੀ ਨੂੰ ਢੀਂਡਸਾ ਪਰਿਵਾਰ ਵੱਲੋਂ ਸੰਗਰੂਰ ਵਿਖੇ ਰੱਖੀ ਗਈ ਰੈਲੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਰੈਲੀ ਕਰ ਸਕਦੇ ਹਨ। ਹਰ ਲੀਡਰ ਨੂੰ ਹੱਕ ਹੈ ਪਰ ਲੋਕਾਂ ਦਾ ਇਕੱਠ ਹੀ ਸਬੂਤ ਦਿੰਦਾ ਹੈ ਕਿ ਉਹ ਕਿਸ ਨੂੰ ਚਾਹੁੰਦੇ ਹਨ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਹਾਲਾਤਾਂ 'ਚ ਬਹੁਤ ਫਰਕ ਹੈ ਪੰਜਾਬ ਅੰਦਰ 'ਆਪ' ਦੇ ਲੀਡਰ ਬਿਲਕੁਲ ਨਿਕੰਮੇ ਹਨ, ਜਿਸ ਕਰਕੇ ਕੇਜਰੀਵਾਲ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਲੈਣੇ ਛੱਡ ਦੇਵੇ ਅਤੇ ਦਿੱਲੀ ਦੀ ਚਿੰਤਾ ਕਰੇ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ 2 ਫਰਵਰੀ ਦੀ ਸੰਗਰੂਰ ਰੈਲੀ ਦੇ ਰਿਕਾਰਡ ਤੋੜ ਹੋਏ ਇਕੱਠ ਨੇ ਸਾਬਤ ਕਰ ਦਿੱਤਾ ਕਿ ਦੋਵਾਂ ਜ਼ਿਲਿਆਂ ਦੇ ਵਰਕਰ ਢੀਂਡਸਾ ਪਰਿਵਾਰ ਦੇ ਪਾਰਟੀ 'ਚੋਂ ਚਲੇ ਜਾਣ ਨਾਲ ਕਿੰਨੇ ਖੁਸ਼ ਹਨ ਅਤੇ ਇਸ ਰੈਲੀ ਨੇ ਪੂਰੇ ਪੰਜਾਬ ਅੰਦਰ ਹਲਚਲ ਮਚਾ ਦਿੱਤੀ ਹੈ ਅਤੇ ਪੰਜਾਬ ਦੀਆਂ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹ ਦਿੱਤਾ ਹੈ। ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਢੀਂਡਸਾ ਪਰਿਵਾਰ ਅਕਾਲੀ ਦਲ ਦੀ ਰੈਲੀ ਦੇ ਇਕੱਠ ਤੋਂ ਬੌਖਲਾਹਟ 'ਚ ਆ ਕੇ ਆਪਣੀ 23 ਫਰਵਰੀ ਦੀ ਰੈਲੀ 'ਚ ਭੀੜ ਜੁਟਾਉਣ ਲਈ ਸੰਗਰੂਰ ਅਤੇ ਬਰਨਾਲਾ ਦੇ ਹਲਕਿਆਂ 'ਚ ਪੈਸੇ ਵੰਡ ਰਿਹਾ ਹੈ ਪਰ ਦੋਵੇਂ ਜ਼ਿਲਿਆਂ ਦੇ ਲੋਕ ਢੀਂਡਸਾ ਪਰਿਵਾਰ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ ਅਤੇ ਉਨ੍ਹਾਂ ਦੇ ਪਾਰਟੀ 'ਚੋਂ ਚਲੇ ਜਾਣ ਨਾਲ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਨਕ, ਕਰਨ ਘੁਮਾਣ ਕੈਨੇਡਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਵਰਕਰ ਸ਼ਾਮਲ ਸਨ।
ਮੋਗਾ: ਬਜ਼ੁਰਗ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY