ਭਵਾਨੀਗੜ੍ਹ, (ਵਿਕਾਸ ਮਿੱਤਲ)- ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੂਬੇ ਵਿਚ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸ਼ਹਿਰ ਦੀ ਹਨੂੰਮਾਨ ਬਸਤੀ ਦੇ ਬਾਸ਼ਿੰਦੇ ਬੁਨਿਆਦੀ ਸਹੂਲਤਾਂ ਲਈ ਵੀ ਤਰਸਦੇ ਨਜ਼ਰ ਆ ਰਹੇ ਹਨ। ਇਲਾਕੇ ਦੇ ਵਸਨੀਕਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਵੱਲੋਂ ਵਾਟਰ ਵਰਕਸ ਰਾਹੀਂ ਸਪਲਾਈ ਕੀਤਾ ਜਾ ਰਿਹਾ ਪੀਣ ਵਾਲਾ ਪਾਣੀ ਦੂਸ਼ਿਤ ਆ ਰਿਹਾ ਹੈ। ਗੰਦਲੇ ਪਾਣੀ ਦੇ ਨਾਲ ਛੋਟੇ ਸਪੋਲੀਏ ਆ ਰਹੇ ਹਨ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਮੁਹੱਲਾ ਵਾਸੀਆਂ ਹਰਮੇਸ਼ ਮੇਸ਼ੀ, ਮਨਜੀਤ ਕੌਰ, ਰੋਸ਼ਨੀ ਦੇਵੀ, ਇਕਬਾਲ ਸਿੰਘ, ਸਿੰਦਰ ਕੌਰ ਆਦਿ ਨੇ ਦੱਸਿਆ ਕਿ ਸਰਕਾਰੀ ਟੂਟੀਆਂ ‘ਚੋਂ ਆ ਰਿਹਾ ਪਾਣੀ ਗੰਦਲਾ ਤੇ ਬਦਬੂਦਾਰ ਹੈ ਜਿਸ ਕਾਰਨ ਨਾ ਤਾਂ ਇਹ ਪੀਣ ਜੋਗਾ ਹੈ ਅਤੇ ਨਾ ਹੀ ਰਸੋਈ ਜਾਂ ਹੋਰ ਘਰੇਲੂ ਕੰਮਾਂ ਲਈ ਵਰਤਣ ਯੋਗ ਹੈ। ਕਈ ਘਰਾਂ ਦੇ ਲੋਕ ਮਜਬੂਰਨ ਦੂਰ-ਦਰਾਜ਼ ਇਲਾਕਿਆਂ ਤੋਂ ਸਾਫ ਪਾਣੀ ਲਿਆਉਣ ਲਈ ਮਜਬੂਰ ਹਨ। ਇਸ ਕਾਰਨ ਉਨ੍ਹਾਂ ਨੂੰ ਵਾਧੂ ਖਰਚੇ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪ੍ਰਸ਼ਾਸਨ ਪ੍ਰਤੀ ਰੋਸ ਜਾਹਿਰ ਕਰਦਿਆਂ ਲੋਕਾਂ ਦੱਸਿਆ ਕਿ ਗੰਦੇ ਪਾਣੀ ਦੀ ਸਪਲਾਈ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ‘ਤੇ ਵੀ ਮੰਦਾ ਅਸਰ ਪੈ ਰਿਹਾ ਹੈ। ਇੱਕ ਬਜ਼ੁਰਗ ਜੋੜੇ ਨੇ ਦੱਸਿਆ ਕਿ ਦੂਸ਼ਿਤ ਪਾਣੀ ਪੀਣ ਨਾਲ ਦੋ ਦਿਨਾਂ ਤੋਂ ਉਨ੍ਹਾਂ ਨੂੰ ਉਲਟੀ ਤੇ ਦਸਤ ਦੀ ਸ਼ਿਕਾਇਤ ਮਹਿਸੂਸ ਹੋ ਰਹੀ ਹੈ। ਹੋਰ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਅਤੇ ਚਮੜੀ ਸੰਬੰਧੀ ਰੋਗ ਫੈਲਣ ਦਾ ਡਰ ਵੀ ਸਤਾ ਰਿਹਾ ਹੈ।

ਵਸਨੀਕਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਟੂਟੀਆਂ 'ਚੋੰ ਪਾਣੀ ਦੇ ਨਾਲ ਪੰਛੀਆਂ ਦੇ ਖੰਭ ਵਗੈਰਾ ਆਏ ਸਨ। ਲੋਕਾਂ ਨੇ ਦੋਸ਼ ਲਗਾਇਆ ਕਿ ਵਾਟਰ ਸਪਲਾਈ ਲਾਈਨਾਂ ਦੀ ਸਫਾਈ ਅਤੇ ਮੁਰੰਮਤ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ ਜਿਸ ਕਰਕੇ ਗੰਦਾ ਪਾਣੀ ਘਰਾਂ ਤੱਕ ਪਹੁੰਚ ਰਿਹਾ ਹੈ। ਇਸ ਤੋੰ ਇਲਾਵਾ ਕੁਝ ਵਸਨੀਕਾਂ ਨੇ ਸੀਵਰੇਜ ਲਾਈਨਾਂ ਦੇ ਨੇੜੇ ਪਾਣੀ ਦੀਆਂ ਪਾਈਪਾਂ ਹੋਣ ਕਰਕੇ ਮਿਲਾਵਟ ਦੀ ਸੰਭਾਵਨਾ ਦਾ ਖਦਸ਼ਾ ਜਤਾਇਆ ਹੈ।
ਮੁਹੱਲਾ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਸਬੰਧਤ ਵਿਭਾਗ ਵੱਲੋਂ ਪਾਣੀ ਦੇ ਸੈਂਪਲ ਦੀ ਜਾਂਚ ਕਰਵਾ ਕੇ ਸਪਲਾਈ ਲਾਈਨਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਲੋਕਾਂ ਨੂੰ ਸਾਫ-ਸੁੱਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ।
ਲੋਕਾਂ ਦੀ ਸਮੱਸਿਆ ਹੋਵੇਗੀ ਦੂਰ: ਈ.ਓ.
ਉਧਰ, ਨਗਰ ਕੌੰਸਲ ਭਵਾਨੀਗੜ੍ਹ ਦੇ ਕਾਰਜਸਾਧਕ ਅਫ਼ਸਰ ਦੀਪਕ ਗੋਇਲ ਨੇ ਕਿਹਾ ਕਿ ਉਕਤ ਮੁਹੱਲੇ ਵਿਚ ਲੋਕਾਂ ਨੂੰ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਬਾਰੇ ਤੁਹਾਡੇ ਤੋੰ ਜਾਣਕਾਰੀ ਮਿਲੀ ਹੈ, ਜਿਸ ਸਬੰਧੀ ਸੋਮਵਾਰ ਨੂੰ ਚੈਕ ਕੀਤਾ ਜਾਵੇਗਾ।
ਹਲਵਾਰਾ ਤੋਂ ਦਿੱਲੀ ਸਿੱਧੀ ਉਡਾਣਾਂ ਦੀ ਸ਼ੁਰੂਆਤ ਤਿਆਰ, ਏਅਰ ਇੰਡੀਆ ਨੂੰ ਦੋ ਰੋਜ਼ਾਨਾ ਸਲਾਟ ਮਨਜ਼ੂਰ
NEXT STORY