ਮਾਨਸਾ(ਸੰਦੀਪ ਮਿੱਤਲ)-ਮਾਨਸਾ ਜ਼ਿਲੇ ਦੇ ਪਿੰਡ ਦਲੀਏਵਾਲੀ ਦੇ ਨਵੇਂ ਵਾਟਰ ਵਰਕਸ ਤੋਂ ਟੂਟੀਆਂ ਦੇ ਕੁਨੈਕਸ਼ਨ ਪਿੰਡ ਵਾਸੀਆਂ ਦੇ ਘਰ-ਘਰ ਹੋਣ ਦੇ ਬਾਵਜੂਦ ਲੋਕਾਂ ਦੇ ਘਰਾਂ 'ਚ ਪਾਣੀ ਦੀ ਇਕ ਵੀ ਬੂੰਦ ਨਾ ਪਹੁੰਚਣ ਕਾਰਨ ਪਿੰਡ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਅੱਜ ਉਨ੍ਹਾਂ ਵਾਟਰ ਵਰਕਸ ਦੀ ਨਵੀਂ ਟੈਂਕੀ ਕੋਲ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਫਰਿਆਦ ਨਾ ਸੁਣੀ ਗਈ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਲੋਕ ਭਲਾਈ ਕਲੱਬ ਪਿੰਡ ਦਲੀਏਵਾਲੀ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਸਬੰਧਤ ਵਿਭਾਗ ਕੋਲ ਪਹੁੰਚ ਕੀਤੀ ਪਰ ਉਨ੍ਹਾਂ ਦੀਆਂ ਆਸਾਂ ਨੂੰ ਹਾਲੇ ਤੱਕ ਬੂਰ ਨਹੀਂ ਪਿਆ। ਉਨ੍ਹਾਂ ਦੱਸਿਆ ਕਿ ਇਸ ਪਿੰਡ 'ਚ ਨਵੇਂ ਬਣੇ ਵਾਟਰ ਵਰਕਸ ਨੂੰ 6 ਮਹੀਨਿਆਂ ਤੋਂ ਉਪਰ ਸਮਾਂ ਹੋ ਗਿਆ ਹੈ। ਪਿੰਡ ਵਾਸੀਆਂ ਦੇ ਘਰਾਂ 'ਚ ਟੂਟੀਆਂ ਦੇ ਕੁਨੈਕਸ਼ਨ ਵੀ ਲੱਗ ਚੁੱਕੇ ਹਨ ਅਤੇ ਪਿੰਡ ਵਾਸੀ ਟੂਟੀਆਂ ਦਾ ਬਿੱਲ ਵੀ ਭਰਨ ਲਈ ਤਿਆਰ ਹਨ ਪਰ ਇਸ ਵਾਟਰ ਵਰਕਸ ਤੋਂ ਹਾਲੇ ਤੱਕ ਇਕ ਤੁਪਕਾ ਵੀ ਪਾਣੀ ਨਸੀਬ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗ ਇਸ ਪ੍ਰਤੀ ਕੋਈ ਸਾਰਥਕ ਕਦਮ ਨਹੀਂ ਉਠਾ ਰਿਹਾ, ਜਿਸ ਕਾਰਨ ਪਿੰਡ ਵਾਸੀ ਸਾਫ-ਸੁਥਰਾ ਪਾਣੀ ਵਾਲੇ ਪੀਣ ਲਈ ਤਰਸ ਰਹੇ ਹਨ। ਉਹ ਧਰਤੀ ਹੇਠਲਾ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਇਸ ਵਾਟਰ ਵਰਕਸ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾ ਕੇ ਪਿੰਡ ਵਾਸੀਆਂ ਨੂੰ ਸਾਫ-ਸੁਥਰੇ ਪੀਣ ਵਾਲੇ ਪਾਣੀ ਦੀ ਸਹੂਲਤ ਦਿੱਤੀ ਜਾਵੇ। ਇਸ ਸਮੇਂ ਮਨਪ੍ਰੀਤ, ਜਸਪਾਲ ਖਾਲਸਾ, ਗੁਰਵਿੰਦਰ, ਪਾਲਾ, ਮੱਟੂ, ਜਸਪਾਲ, ਬਿੰਦਰ, ਖਿੱਲੂ ਤੇ ਮਨੀ ਮੌਜੂਦ ਸਨ।
ਦੁੱਧ, ਪਾਣੀ ਸਮੇਤ ਕਈ ਖਾਧ ਪਦਾਰਥਾਂ ਦੇ ਸੈਂਪਲ ਫੇਲ
NEXT STORY