ਸੁਲਤਾਨਪੁਰ ਲੋਧੀ, (ਸੋਢੀ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਨੂੰ ਜਾਂਦੀ ਮੇਨ ਰੋਡ 'ਤੇ ਪਿੰਡ ਅਲਾਦਾਦ ਚੱਕ ਬਸਤੀ ਨੇੜੇ ਖੜ੍ਹੇ ਗੰਦੇ ਪਾਣੀ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੇੜਲੇ ਪਿੰਡ ਦਾ ਤੇ ਦੁਕਾਨਾਂ ਦਾ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸੜਕ 'ਚ ਖੜ੍ਹੇ ਰਹਿਣ ਨਾਲ ਤਲਵੰਡੀ ਵਾਲੀ ਮੁੱਖ ਸੜਕ ਵੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਸੜਕ ਤੋਂ ਰੋਜ਼ਾਨਾ ਹੀ ਇਲਾਕੇ ਦੇ ਪ੍ਰਮੁੱਖ ਆਗੂ ਵੀ ਲੰਘਦੇ ਹਨ ਪਰ ਇਸ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਇਲਾਕੇ ਦੇ ਸਮਾਜ ਸੇਵਕ ਆਗੂ ਰੀਡਰ ਮੋਹਨ ਸਿੰਘ ਸਰਪੰਚ ਪਿੰਡ ਮਿਰਜਾਪੁਰ ਨੇ ਪ੍ਰੈੱਸ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਮੇਨ ਸੜਕ ਵਿਚ ਖੜ੍ਹੇ ਹੋ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਨਹੀਂ ਤਾਂ ਹਰ ਰੋਜ਼ ਖੜ੍ਹਦੇ ਪਾਣੀ ਨਾਲ ਤਲਵੰਡੀ ਵਾਲੀ ਸੜਕ ਬੁਰੀ ਤਰ੍ਹਾਂ ਟੁੱਟ ਜਾਵੇਗੀ। ਉਨ੍ਹਾਂ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ।
ਕੀ ਕਹਿਣੈ ਵਿਧਾਇਕ ਦਾ
ਇਸ ਸਬੰਧੀ ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਤੇ ਬਹੁਤ ਜਲਦੀ ਹੀ ਇਸ ਸੜਕ 'ਚ ਗੰਦਾ ਪਾਣੀ ਖੜ੍ਹਨ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸਾਰੀਆਂ ਸੜਕਾਂ ਨਵੀਆਂ ਬਣਾਉਣ ਲਈ ਵਿਉਂਤਬੰਦੀ ਕਰਨ ਲਈ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਕ ਮੀਟਿੰਗ 12 ਜਨਵਰੀ ਨੂੰ ਬੁਲਾਈ ਗਈ ਹੈ।
ਅਧਿਕਾਰੀਆਂ ਦੀ ਮੀਟਿੰਗ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ : ਐੱਸ. ਡੀ. ਐੱਮ.
ਇਸ ਸਬੰਧੀ ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਸੜਕ ਵਿਚ ਪੈਣ ਨਾਲ ਸੜਕ ਵੀ ਟੁੱਟ ਰਹੀ ਹੈ ਤੇ ਜਨਤਾ ਵੀ ਪ੍ਰੇਸ਼ਾਨੀ ਹੋ ਰਹੀ ਹੈ। ਬਹੁਤ ਜਲਦੀ ਹੀ ਇੱਥੋਂ ਸੜਕ 'ਚ ਪੈ ਰਹੇ ਪਾਣੀ ਨੂੰ ਰੋਕਣ ਲਈ ਸਬੰਧਤ ਲੋਕਾਂ ਤੇ ਮਹਿਕਮੇ ਦੇ ਅਧਿਕਾਰੀਆਂ ਦੀ ਮੀਟਿੰਗ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਸੇਲਜ਼ ਅਫ਼ਸਰ ਵਲੋਂ ਕੰਪਨੀ ਨਾਲ 13 ਕਰੋੜ ਦੀ ਠੱਗੀ
NEXT STORY