ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)-ਨਗਰ ਕੌਂਸਲ ਦੀ ਮੀਟਿੰਗ, ਜੋ ਕਿ ਲੰਬੇ ਸਮੇਂ ਬਾਅਦ ਹੋਈ 'ਚ ਜ਼ਬਰਦਸਤ ਹੰਗਾਮਾ ਹੋਇਆ। ਇਕ ਸੀਨੀਅਰ ਅਕਾਲੀ ਕੌਂਸਲਰ ਨੇ ਜਿਥੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ 'ਤੇ ਕਮਿਸ਼ਨ ਲੈਣ ਦੇ ਦੋਸ਼ ਲਾਏ ਉਥੇ ਕੌਂਸਲਰਾਂ ਨੇ ਅਧਿਕਾਰੀਆਂ ਅਤੇ ਠੇਕੇਦਾਰਾਂ ਵਲੋਂ ਇੱਜ਼ਤ ਨਾ ਕਰਨ ਦਾ ਵੀ ਰੋਣਾ ਰੋਇਆ। ਧਨੌਲਾ ਰੋਡ ਦਾ ਮੁੱਦਾ ਵੀ ਇਸ ਮੀਟਿੰਗ 'ਚ ਛਾਇਆ ਰਿਹਾ। ਧਨੌਲਾ ਰੋਡ ਦੇ ਕੰਮਾਂ ਦੀ ਗ੍ਰਾਂਟ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਈ. ਓ. ਦੇ ਬਿਆਨਾਂ 'ਚ ਵੀ ਫਰਕ ਨਜ਼ਰ ਆਇਆ। ਕੁਝ ਕੌਂਸਲਰਾਂ ਨੇ ਪਿਛਲੇ ਢਾਈ ਸਾਲਾਂ ਦੇ ਕੰਮਾਂ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ।
ਨਗਰ ਕੌਂਸਲ ਦੇ ਦਫਤਰ 'ਚ ਨਹੀਂ ਕੌਂਸਲਰਾਂ ਦੀ ਕੋਈ ਇੱਜ਼ਤ
ਕਾਂਗਰਸੀ ਕੌਂਸਲਰ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਨਗਰ ਕੌਂਸਲ ਦੇ ਦਫਤਰ 'ਚ ਕੌਂਸਲਰਾਂ ਦੀ ਕੋਈ ਵੀ ਇੱਜ਼ਤ ਨਹੀਂ। ਕੌਂਸਲਰਾਂ ਦੀ ਗੱਲ ਨਾ ਤਾਂ ਅਧਿਕਾਰੀ ਸੁਣਦੇ ਹਨ ਅਤੇ ਨਾ ਹੀ ਠੇਕੇਦਾਰ। ਟੈਂਡਰ ਦੀਆਂ ਸ਼ਰਤਾਂ ਮੁਤਾਬਿਕ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਠੇਕੇਦਾਰ ਨੇ ਉਥੇ ਬੋਰਡ ਲਾਉਣਾ ਹੁੰਦਾ ਹੈ ਕਿ ਕਦੋਂ ਕੰਮ ਸ਼ੁਰੂ ਹੋਵੇਗਾ ਅਤੇ ਕਦੋਂ ਕੰਮ ਖਤਮ ਹੋਵੇਗਾ। ਇਕ ਠੇਕੇਦਾਰ ਨੂੰ 25-25 ਕੰਮ ਅਲਾਟ ਕਰ ਦਿੱਤੇ ਜਾਂਦੇ ਹਨ। ਜਦੋਂ ਅਸੀਂ ਕੰਮਾਂ ਲਈ ਉਨ੍ਹਾਂ ਨੂੰ ਫੋਨ ਕਰਦੇ ਹਾਂ ਤਾਂ ਉਹ ਸਾਡਾ ਫੋਨ ਵੀ ਨਹੀਂ ਚੁੱਕਦੇ। ਅਧਿਕਾਰੀ ਸਾਡੇ ਤੋਂ ਪੁੱਛੇ ਬਿਨਾਂ ਠੇਕੇਦਾਰਾਂ ਨੂੰ ਕੰਮਾਂ ਦੀ ਐਕਸਟੈਂਸ਼ਨ ਦੇ ਦਿੰਦੇ ਹਨ। ਇਸ ਸਬੰਧ 'ਚ ਕੌਂਸਲਰਾਂ ਨੂੰ ਵੀ ਨਹੀਂ ਪੁੱਛਿਆ ਜਾਂਦਾ।
ਧਨੌਲਾ ਰੋਡ 'ਤੇ ਹੈਵੀ ਟ੍ਰੈਫਿਕ ਹੋਣ ਕਾਰਨ ਲਾਏ ਜਾ ਰਹੇ ਨੇ ਨਵੇਂ ਟੈਂਡਰ
ਜਦੋਂ ਇਸ ਸਬੰਧ 'ਚ ਨਗਰ ਕੌਂਸਲ ਦੇ ਈ. ਓ. ਪਰਵਿੰਦਰ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਕਮਿਸ਼ਨ ਲੈਣ ਦੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਧਨੌਲਾ ਰੋਡ 'ਤੇ ਹੈਵੀ ਟ੍ਰੈਫਿਕ ਚਲਦਾ ਹੈ, ਜਿਸ ਕਾਰਨ ਉਸ ਜਗ੍ਹਾ 'ਤੇ ਪੀ. ਡਬਲਯੂ. ਡੀ. ਮਹਿਕਮੇ ਦੀਆਂ ਹਦਾਇਤਾਂ ਮੁਤਾਬਿਕ ਸੜਕ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਇਹ ਸੜਕ ਜਲਦੀ ਨਾ ਟੁੱਟੇ।
ਧਨੌਲਾ ਰੋਡ ਦਾ ਪੂਰਾ ਪੈਸਾ ਜੋ ਪਹਿਲਾਂ ਆਇਆ ਸੀ, ਸਾਡੇ ਕੋਲ ਪਿਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਨਗਰ ਕੌਂਸਲ ਦੇ ਪ੍ਰਧਾਨ ਤਾਂ ਕਹਿੰਦੇ ਹਨ ਕਿ ਇਹ ਪੈਸਾ ਤਾਂ ਸਰਕਾਰ ਨੇ ਵਾਪਿਸ ਮੰਗਵਾ ਲਿਆ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਪੈਸਾ ਨਗਰ ਕੌਂਸਲ ਦੇ ਕੋਲ ਹੀ ਹੈ। ਸ਼ਾਇਦ ਪ੍ਰਧਾਨ ਜੀ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ।
ਅੱਜ ਤੱਕ ਪੰਜੀ ਦਾ ਨਹੀਂ ਲਿਆ ਕਮਿਸ਼ਨ : ਪ੍ਰਧਾਨ ਨਗਰ ਕੌਂਸਲ
ਜਦੋਂ ਇਸ ਸਬੰਧ 'ਚ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਜੇ ਤੱਕ ਮੈਂ ਪੰਜੀ ਦਾ ਕਮਿਸ਼ਨ ਨਹੀਂ ਲਿਆ। ਉਕਤ ਸਾਰੇ ਦੋਸ਼ ਬੇਬੁਨਿਆਦ ਹਨ। ਧਨੌਲਾ ਰੋਡ ਦੀ ਗ੍ਰਾਂਟ ਸਰਕਾਰ ਨੇ ਵਾਪਿਸ ਮੰਗਵਾ ਲਈ ਸੀ। ਹੁਣ ਧਨੌਲਾ ਰੋਡ ਲਈ ਕਰੀਬ ਢਾਈ ਕਰੋੜ ਦੇ ਨਵੇਂ ਟੈਂਡਰ ਲਾਏ ਜਾ ਰਹੇ ਹਨ। 31 ਵਾਰਡਾਂ ਵਿਚ ਵਿਕਾਸ ਦੇ ਕੰਮ ਕਰਵਾਉਣ ਲਈ ਵੀ ਢਾਈ ਕਰੋੜ ਦੇ ਕੰਮ ਪਾਸ ਕੀਤੇ ਗਏ ਹਨ।
40 ਕਰੋੜ ਕੇ ਕੰਮਾਂ 'ਚੋਂ 17 ਫੀਸਦੀ ਕਮਿਸ਼ਨ ਖਾਣ ਦਾ ਦੋਸ਼
ਨਗਰ ਕੌਂਸਲ ਦੇ ਸਾਬਕਾ ਐਕਟਿੰਗ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਕੌਂਸਲਰ ਰਵਿੰਦਰ ਸਿੰਘ ਰੰਮੀ ਢਿੱਲੋਂ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ 'ਚ ਲਗਭਗ 40 ਕਰੋੜ ਦੇ ਗ੍ਰਾਂਟਾਂ ਦੇ ਕੰਮ ਹੋ ਚੁੱਕੇ ਹਨ। 40 ਕਰੋੜ ਦੇ ਕੰਮਾਂ 'ਚ 17 ਫੀਸਦੀ ਕਮਿਸ਼ਨ ਪ੍ਰਧਾਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਖਾਧਾ ਗਿਆ ਹੈ, ਜੋ ਕਰੀਬ 7 ਕਰੋੜ ਰੁਪਏ ਬਣਦਾ ਹੈ। ਇਸ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਮੇਰੇ ਵਲੋਂ ਇਸ ਸਬੰਧ 'ਚ ਇਕ ਐਫੀਡੇਵਿਟ ਵੀ ਉੱਚ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਧਨੌਲਾ ਰੋਡ ਦਾ ਕੰਮ 1 ਕਰੋੜ 20 ਲੱਖ 'ਚ ਪਾਸ ਹੋਇਆ ਸੀ। ਜਿਸ ਵਿਚ ਠੇਕੇਦਾਰ ਵਲੋਂ 80 ਲੱਖ ਰੁਪਇਆ ਖਰਚ ਕੀਤਾ ਗਿਆ ਹੈ ਅਤੇ ਉਸ ਨੂੰ 58 ਲੱਖ ਰੁ. ਦੀ ਪੇਮੈਂਟ ਵੀ ਹੋ ਚੁੱਕੀ ਹੈ। ਬਾਕੀ ਪੈਸਾ ਕਿੱਧਰ ਗਿਆ, ਇਸ ਦਾ ਵੀ ਕੋਈ ਰਿਕਾਰਡ ਨਹੀਂ। ਜਦੋਂ ਕਿ ਹੁਣ ਇਸ ਰੋਡ ਨੂੰ ਬਣਾਉਣ ਲਈ ਕਰੀਬ ਢਾਈ ਕਰੋੜ ਦੇ ਟੈਂਡਰ ਲਾਏ ਜਾ ਰਹੇ ਹਨ, ਜੋ ਕਿ ਇਕ ਹਾਸੋਹੀਣੀ ਗੱਲ ਹੈ।
ਗਰੀਬਾਂ ਦੇ ਹੱਕ ਦਿਵਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ : ਲਖਵੀਰ ਸਿੰਘ
NEXT STORY