ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਰਾਮਿੰਦਰਪਾਲ ਸਿੰਘ ਪ੍ਰਿੰਸ ਵਾਸੀ ਮਿਸ਼ਨ ਕੰਪਾਊਂਡ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ, ਜੋ ਪਿਛਲੇ 4 ਸਾਲ ਦੇ ਵੱਧ ਸਮੇਂ ਤੋਂ ਇਕ ਪੁਲਸ ਮੁਕੱਦਮੇ 'ਚ ਭਗੌੜਾ ਚੱਲ ਰਿਹਾ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ 12 ਫਰਵਰੀ 2015 ਨੂੰ ਐੱਫ.ਆਈ.ਆਰ. ਨੰਬਰ 01 ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 8, 13 (2) ਤਹਿਤ ਬਿਊਰੋ ਦੇ ਫਲਾਇੰਗ ਸਕੁਐਡ -1, ਪੁਲਸ ਥਾਣਾ, ਮੋਹਾਲੀ ਵਿਖੇ ਦਰਜ ਕੀਤੀ ਗਈ ਸੀ। ਉਪਰੋਕਤ ਮੁਲਜ਼ਮ ਨੂੰ 4 ਫਰਵਰੀ 2019 ਨੂੰ ਐੱਸ.ਏ.ਐੱਸ. ਨਗਰ ਅਦਾਲਤ ਵਲੋਂ ਭਗੌੜਾ (ਪੀ.ਓ.) ਐਲਾਨਿਆ ਗਿਆ ਸੀ ਤੇ ਉਦੋਂ ਤੋਂ ਇਹ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ : ਪਿੰਡ ਪਹੁੰਚੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ, ਬਣਿਆ ਬੇਹੱਦ ਭਾਵੁਕ ਮਾਹੌਲ (ਵੀਡੀਓ)
ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਵਿਜੀਲੈਂਸ ਜਾਂਚ ਦੇ ਆਧਾਰ ’ਤੇ ਐੱਸ.ਏ.ਐੱਸ. ਨਗਰ ਵਿਖੇ ਬਿਊਰੋ ਦੇ ਫਲਾਇੰਗ ਸਕੁਐਡ-1 ਥਾਣਾ ਪੰਜਾਬ ਵਿਖੇ 11 ਨਵੰਬਰ 2013 ਨੂੰ ਦਰਜ ਐੱਫ.ਆਈ.ਆਰ. ਨੰਬਰ 14 'ਚ ਕਥਿਤ ਦੋਸ਼ਾਂ ਦੀ ਜਾਂਚ ਦੇ ਹੁਕਮਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਦੀ ਜਾਂਚ ਦੌਰਾਨ ਸਟੇਟ ਕੈਮੀਕਲ ਐਗਜ਼ਾਮੀਨਰ ਲੈਬਾਰਟਰੀ ਖਰੜ 'ਚ ਪ੍ਰਯੋਗਸ਼ਾਲਾ ਅਟੈਂਡੈਂਟ ਵਜੋਂ ਤਾਇਨਾਤ ਜਗਦੀਪ ਸਿੰਘ ਨਿਵਾਸੀ ਪਿੰਡ ਸੇਹਾ ਜ਼ਿਲ੍ਹਾ ਲੁਧਿਆਣਾ ਨੇ ਖੁਲਾਸਾ ਕੀਤਾ ਸੀ ਕਿ ਉਸ ਸਮੇਂ ਸੀ.ਆਈ.ਏ. ਤਰਨਤਾਰਨ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਇੰਦਰਜੀਤ ਸਿੰਘ ਨੇ ਉਸ ਤੋਂ 10 ਲੱਖ ਰੁਪਏ ਦੀ ਰਿਸ਼ਵਤ ਅਤੇ ਉਪਰੋਕਤ ਲੈਬ 'ਚ ਤਾਇਨਾਤ ਪਰਮਿੰਦਰ ਸਿੰਘ ਵਿਸ਼ਲੇਸ਼ਕ ਤੋਂ 3.50 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਉਪਰੋਕਤ ਏ.ਐੱਸ.ਆਈ. ਨੇ ਦੋਵਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਦਾ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ : ਕਾਂਗਰਸ ਸੱਤਾ ’ਚ ਆਈ ਤਾਂ ਦੰਗਿਆਂ ਦੀ ਲਪੇਟ 'ਚ ਰਹੇਗਾ ਕਰਨਾਟਕ : ਅਮਿਤ ਸ਼ਾਹ
ਬੁਲਾਰੇ ਨੇ ਦੱਸਿਆ ਕਿ ਉਕਤ ਜਗਦੀਪ ਸਿੰਘ ਨੇ ਅੱਗੇ ਖੁਲਾਸਾ ਕੀਤਾ ਕਿ ਏ.ਐੱਸ.ਆਈ. ਇੰਦਰਜੀਤ ਸਿੰਘ ਨੇ ਰਿਸ਼ਵਤ 2 ਪ੍ਰਾਈਵੇਟ ਵਿਅਕਤੀਆਂ ਰਾਮਿੰਦਰਪਾਲ ਸਿੰਘ ਪ੍ਰਿੰਸ ਵਾਸੀ ਜਲੰਧਰ ਤੇ ਪਵਨ ਕੁਮਾਰ ਵਾਸੀ ਨਵਾਂ ਪਿੰਡ ਗੇਟਵਾਲਾ ਜ਼ਿਲ੍ਹਾ ਕਪੂਰਥਲਾ ਰਾਹੀਂ ਲਈ ਸੀ। ਉਨ੍ਹਾਂ ਅੱਗੇ ਦੋਸ਼ ਲਾਇਆ ਸੀ ਕਿ ਉਪਰੋਕਤ ਕਥਿਤ ਦੋਸ਼ੀ ਪਵਨ ਕੁਮਾਰ ਨੇ ਉਸ ਤੋਂ 3 ਲੱਖ ਰੁਪਏ ਅਤੇ ਪਰਮਿੰਦਰ ਸਿੰਘ ਤੋਂ 1.50 ਲੱਖ ਰੁਪਏ ਲਏ ਸਨ ਤੇ ਇਹ ਰਿਸ਼ਵਤ ਦੀ ਰਕਮ ਉਕਤ ਏ.ਐੱਸ.ਆਈ. ਨੂੰ ਦਿੱਤੀ ਜਾਣੀ ਸੀ। ਰਿਸ਼ਵਤ ਦੀ ਕੁਲ ਰਕਮ 17 ਲੱਖ ਰੁਪਏ 'ਚੋਂ ਰਾਮਿੰਦਰਪਾਲ ਸਿੰਘ ਪ੍ਰਿੰਸ ਨੇ 2 ਲੱਖ ਰੁਪਏ ਹਾਸਲ ਕੀਤੇ ਸਨ। ਜਾਂਚ ਤੋਂ ਬਾਅਦ ਏ.ਐੱਸ.ਆਈ. ਇੰਦਰਜੀਤ ਸਿੰਘ, ਪਵਨ ਕੁਮਾਰ ਤੇ ਰਾਮਿੰਦਰਪਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਾਂਗਰਸ ਵਾਂਗ ਭਾਜਪਾ ’ਚ ਚਮਚਾਗਿਰੀ ਵਾਲਾ ਕਲਚਰ ਨਹੀਂ : ਰਾਣਾ ਸੋਢੀ
NEXT STORY