ਸ੍ਰੀ ਅਨੰਦਪੁਰ ਸਾਹਿਬ (ਚੌਵੇਸ਼)- ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿਚ ਬੀਤੇ ਦਿਨੀਂ ਨਿਹੰਗ ਬਾਣਿਆਂ ਵਿਚ ਆਏ ਵਿਅਕਤੀਆਂ ਵੱਲੋਂ ਲੰਗਰ ਵਰਤਾ ਰਹੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਤਿੰਨ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਪੰਜ ਵਿਅਕਤੀ ਜਿਨ੍ਹਾਂ ਨੇ ਨਿਹੰਗ ਬਾਣਾ ਪਾਇਆ ਹੋਇਆ ਸੀ, ਬੀਤੇ ਦਿਨੀਂ ਦੇਰ ਸ਼ਾਮ ਲੰਗਰ ਹਾਲ ਵਿਖੇ ਆਏ ਅਤੇ ਸੇਵਾ ਕਰ ਰਹੇ ਸੇਵਾਦਾਰਾਂ ਨਾਲ ਬਹਿਸ ਕਰਨ ਲੱਗ ਪਏ। ਇਸ ਦੌਰਾਨ ਸੇਵਾਦਾਰਾਂ ਨੇ ਉਨ੍ਹਾਂ ਨੂੰ ਬਹਿਸ ਕਰਨ ਤੋਂ ਰੋਕਿਆ। ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਨਾਲ ਬਹਿਸ ਕਰਨ ’ਤੇ ਉਤਾਰੂ ਉਕਤ ਵਿਅਕਤੀਆਂ ਨੇ ਸੇਵਾ ਕਰ ਰਹੇ ਮੁਲਾਜ਼ਮਾਂ ’ਤੇ ਖੰਡੇ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ, ਜਦੋਂ ਉਨ੍ਹਾਂ ਨੂੰ ਹੋਰ ਮੁਲਾਜ਼ਮ ਛੁਡਾਉਣ ਲੱਗੇ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ।
ਇਸ ਹਮਲੇ ਵਿਚ ਤਿੰਨ ਸ਼੍ਰੋਮਣੀ ਕਮੇਟੀ ਮੁਲਾਜ਼ਮ ਮੱਖਣ ਸਿੰਘ, ਰਤਨ ਸਿੰਘ ਅਤੇ ਭਗਵੰਤ ਸਿੰਘ ਗੰਭੀਰ ਜ਼ਖਮੀ ਹੋ ਗਏ। ਸੇਵਾਦਾਰਾਂ ਵੱਲੋਂ ਤੁਰੰਤ ਤਿੰਨੇ ਜ਼ਖਮੀ ਮੁਲਾਜ਼ਮਾਂ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਤਿੰਨੇ ਮੁਲਾਜ਼ਮ ਉਪਚਾਰ ਅਧੀਨ ਹਨ। ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਸਥਾਨਕ ਪੁਲਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ।
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ
ਇਸ ਸਬੰਧੀ ਚੌਕੀ ਇੰਚਾਰਜ ਸਬ ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਹਮਲੇ ਦੇ ਕਥਿਤ ਮੁਲਜ਼ਮ ਦਲੀਪ ਸਿੰਘ ਵਾਸੀ ਅੰਮ੍ਰਿਤਸਰ, ਅਮਨਦੀਪ ਸਿੰਘ ਵਾਸੀ ਗੁਰਦਾਸਪੁਰ ਅਤੇ ਹਰਮਨਦੀਪ ਸਿੰਘ ਵਾਸੀ ਨੇੜੇ ਪਿਪਲੀ ਸਾਹਿਬ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਹਮਲਾਵਰ ਵਿਅਕਤੀਆਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।
ਦਰਿਆ ਨੇੜਲੇ ਇਲਾਕਿਆਂ ਅੰਦਰ ਡ੍ਰੇਨੇਜ ਵਿਭਾਗ ਨੇ ਹੜ੍ਹਾਂ ਨਾਲ ਨਜਿੱਠਣ ਦੀਆਂ ਤਿਆਰੀਆ ਕੀਤੀਆਂ ਪੂਰੀਆਂ
NEXT STORY